ਗੁਰਦੁਆਰਾ ਕਮੇਟੀਆਂ ਅਤੇ ਸਮੂਹ ਜਥੇਬੰਦੀਆਂ ਵੱਲੋਂ ਕੌਮੀ ਇਨਸਾਫ਼ ਮੋਰਚੇ ਦੀ ਜਿੱਤ ਤੱਕ ਡਟ ਕੇ ਸੰਪੂਰਨ ਹਮਾਇਤ ਕਰਨ ਦਾ ਐਲਾਨ,ਅਤੇ ਮੀਡੀਆ ਦਾ ਗਲਾ ਘੁੱਟਣ ਦੀ ਸਰਕਾਰੀ ਸਾਜ਼ਿਸ਼ ਦੀ ਸਖ਼ਤ ਨਿਖੇਧੀ
ਨਿਊਯਾਰਕਃ ਦਿਨ ਐਤਵਾਰ ਨੂੰ ਨਿਊਯਾਰਕ ਵਿੱਚ ਕੌਮੀ ਇਨਸਾਫ਼ ਮੋਰਚੇ ਦੇ ਹੱਕ ਵਿੱਚ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵਿਸ਼ਾਲ ਕਾਰ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਭਾਰਤ ਵਿੱਚ ਸਿੱਖਾਂ ਲਈ ਕਾਨੂੰਨ ਦੇ ਦੋਹਰੇ ਮਾਪਦੰਡਾਂ ਅਧੀਨ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਘੋਰ ਉਲੰਘਣ ਵਰਗੇ ਸੰਵੇਦਨਸ਼ੀਲ ਮਸਲੇ ਤੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਰੈਲੀ ਦੀ ਸ਼ੁਰੂਆਤ ਗੁਰਦੁਆਰਾ ਸਿੱਖ ਸੈਂਟਰ Queens Village 222 ਸਟਰੀਟ ਤੋਂ ਹੋਈ, ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਹੋਈ। ਇਸ ਰੈਲੀ ਵਿੱਚ ਪਿੱਕ-ਅੱਪ ਟਰੱਕਾਂ ਅਤੇ ਕਾਰਾਂ ਉੱਤੇ ਬੰਦੀ ਸਿੰਘਾਂ ਦੇ ਵੱਡੇ ਪੋਸਟਰ ਅਤੇ ਸਟਿੱਕਰ ਲਾਏ ਹੋਏ ਸਨ ਅਤੇ ਗੱਡੀਆਂ ਤੇ ਖਾਲਸਾਈ ਝੰਡੇ ਲਹਿਰਾ ਰਹੇ ਸਨ। ਕਾਰ ਰੈਲੀ ਕੂਈਨਜ ਨਿਊਯਾਰਕ ਦੇ ਸਾਰੇ ਗੁਰਦੁਆਰਿਆਂ ਦੇ ਅੱਗਿਓਂ ਦੀ ਗੁਜਰੀ, ਜਿਨਾਂ ਵਿੱਚ ਗੁਰਦੁਆਰਾ ਸੰਤ ਸਾਗਰ, ਗੁਰਦੁਆਰਾ ਗਿਆਨਸਰ ਰਾਮਗੜ੍ਹੀਆ ਸਿੱਖ ਸੋਸਾਇਟੀ, ਗੁਰਦੁਆਰਾ ਬਾਬਾ ਮਾਝਾ ਸਿੰਘ ਕਰਮਜੋਤ ਸਿੱਖ ਸੈਂਟਰ, ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਹੁੰਦੇ ਹੋਏ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਵਿਖੇ ਰੈਲੀ ਸੰਪੂਰਨ ਹੋਈ। ਹਰ ਇੱਕ ਗੁਰਦੁਆਰਾ ਸਾਹਿਬ ਪਹੁੰਚਣ ਤੇ ਜਿੱਥੇ ਪ੍ਰਬੰਧਕਾਂ ਤੇ ਸਿੱਖ ਸੰਗਤਾਂ ਨੇ ਰੈਲੀ ਦਾ ਸਵਾਗਤ ਕੀਤਾ ਉੱਥੇ ਸਭ ਪਾਸੇ ਜੈਕਾਰਿਆਂ ਤੇ ਬੰਦੀ ਸਿੰਘ ਰਿਹਾਅ ਕਰੋ , Free Sikh Political prisoners ਦੇ ਨ੍ਹਾਰਿਆਂ ਨਾਲ ਅਸਮਾਨ ਗੂੰਜ ਉੱਠਿਆ । ਰਸਤੇ ਵਿੱਚ ਕਾਰਾਂ ਦੀ ਵੱਡੀ ਗਿਣਤੀ ਕਰਕੇ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਥਾਂ ਥਾਂ ਤੇ ਜਾਮ ਲੱਗਦੇ ਰਹੇ।
ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਵਿਖੇ ਰੈਲੀ ਦੇ ਸਵਾਗਤ ਲਈ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਟੇਜ ਲਾਈ ਗਈ ਜਿੱਥੇ ਪ੍ਰਬੰਧਕਾਂ, ਧਾਰਮਿਕ, ਸਮਾਜਿਕ ਤੇ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਕੌਮੀ ਇਨਸਾਫ਼ ਮੋਰਚੇ ਦੇ ਹੱਕ ਵਿੱਚ ਡਟ ਕੇ ਖਲੋਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇੱਥੇ ਨਾਲ ਹੀ ਸਾਬਕਾ ਪ੍ਰਬੰਧਕਾਂ, ਤੇ ਵੱਖ ਵੱਖ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਨੇ ਵੀ ਰੈਲੀ ਵਿੱਚ ਹਾਜ਼ਰੀਆਂ ਲਵਾਈਆਂ। ਬੁਲਾਰਿਆਂ ਨੇ ਸਮੂਹ ਸਿੱਖ ਸੰਗਤਾਂ, ਇਨਸਾਫ਼ ਪਸੰਦ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਡੀਗੜ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਅਤੇ ਨਾਲ ਹੀ 2 ਮਾਰਚ ਨੂੰ ਪੰਜਾਬ ਦੇ ਚਾਰ ਜਿਲਿਆਂ ਤੋਂ 50 ਹਜ਼ਾਰ ਕਾਰਾਂ, ਜੀਪਾਂ, ਟਰੈਕਟਰਾਂ-ਟਰਾਲੀਆਂ, ਮੋਟਰਸਾਈਕਲਾਂ ਦੀ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋ ਕੇ ਮੋਰਚੇ ਵਿੱਚ ਪੱਕੇ ਡੇਰੇ ਲਾ ਦਿਓ ਤੇ ਆਓ ਮਿਲ ਕੇ ਇੰਨਾਂ ਸਰਕਾਰਾਂ ਨੂੰ ਦੱਸ ਦੇਈਏ ਕਿ ਹੁਣ ਅਸੀਂ ਬੰਦੀ ਸਿੰਘਾ ਨੂੰ ਰਿਹਾਅ ਕਰਵਾ ਕੇ ਅਤੇ ਮੋਰਚਾ ਫਤਹਿ ਕਰਕੇ ਹੀ ਦਮ ਲਵਾਂਗੇ।