ਕੌਮੀ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਤੇ ਬੀਬੀ ਮਨਜੀਤ ਕੌਰ ਸਮਰਪਿਤ ਰਿਹਾ ਅੱਜ ਕੌਮੀ ਇੰਨਸਾਫ਼ ਮੋਰਚਾ
ਨਿਹੰਗ ਜੱਥੇਬੰਦੀਆਂ ਵਲੋਂ ਮੋਰਚੇ ’ਤੇ ਤਿੰਨ ਦਿਨ ਖੇਡੇ ਜਾਣ ਵਾਲੇ ਹੋਲੇ ਮਹਲੇ ਦੀਆਂ ਤਿਆਰੀਆਂ ਜੋਰਾਂ ’ਤੇ ਸੰਗਤਾਂ ਵੱਡੇ ਪੱਧਰ ’ਤੇ ਪਹੁੰਚਣ: ਜੱਥੇਦਾਰ ਕੁਲਵਿੰਦਰ ਸਿੰਘ
ਮੁਹਾਲੀ 5 ਮਾਰਚ (2023) ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਹੱਦ ’ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 7 ਜਨਵਰੀ 2023 ਤੋਂ ਲੱਗਾ ਕੌਮੀ ਇੰਨਸਾਫ਼ ਮੋਰਚਾ ਵਿਖੇ ਅੱਜ ਦਾ ਦਿਨ ਕੌਮੀ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਅਤੇ ਬੀਬੀ ਮਨਜੀਤ ਕੌਰ ਨੂੰ ਸਮਰਪਿਤ ਰਿਹਾ । ਅੱਜ ਪੰਡਾਲ ਵਿਚ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਜ ਬੈਠੀ ਸੰਗਤ ਨੂੰ ਸੰਬੋਧਨ ਹੁੰਦਿਆਂ ਉਕਤ ਸ਼ਹੀਦਾਂ ਦਾ ਜ਼ਿਕਰ ਉਚੇਚੇ ਤੌਰ ’ਤੇ ਕੀਤਾ। ਸ੍ਰੀ ਫ਼ਤਿਹਗੜ੍ਹ ਸਾਹਿਬ ਦੀਆਂ ਸੁਖਮਨੀ ਸਾਹਿਬ ਵਾਲੀਆਂ ਬੀਬੀਆਂ ਦੇ ਜੱਥੇ ਨੇ ਸੰਗਤੀ ਰੂਪ ਵਿਚ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ, ਕਵੀਸ਼ਰਾ ਨੇ ਕਵੀਸ਼ਰੀ ਰਾਂਹੀ ਅਤੇ ਕਥਾ ਵਾਚਕਾਂ ਨੇ ਕਥਾ ਰਾਂਹੀ ਆਪਣੀ ਹਾਜ਼ਰੀ ਲੁਵਾਈ। ਖਾਸ ਤੌਰ ’ਤੇ ਬਾਲ ਭੈਣ ਭਰਾ ਅਵਨੀਤ ਕੌਰ ਅਤੇ ਹਰਜਸ ਸਿੰਘ ਨੇ ਆਪਣੀ ਕਵਿਤਾ ਰਾਂਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਆਪਣਾ ਸੁਨੇਹਾ ਦਿੱਤਾ।
ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪੀ ਏ ਭਾਈ ਬਲਬੀਰ ਸਿੰਘ ਹਿਸਾਰ ਨੇ ਸੰਗਤ ਨੂੰ ਸਟੇਜ ਤੋਂ ਸੰਬੋਧਨ ਹੁੰਦਿਆਂ ਅੱਜ ਦੇ ਦਿਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਮਾਰਚ 1993 ਨੂੰ ਜਦੋ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਆਪਣੀ ਧਰਮ ਪਤਨੀ ਬੀਬੀ ਮਨਜੀਤ ਕੌਰ ਨਾਲ ਬੱਸ ਰਾਂਹੀ ਲੁਧਿਆਣਾ ਤੋਂ ਪਟਿਆਲਾ ਵੱਲ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਖਬਰੀ ਹੋਣ ’ਤੇ ਖੰਨਾ ਵਿਖੇ ਪੰਜਾਬ ਪੁਲਿਸ ਵਲੋਂ ਮੁਕਾਬਲਾ ਕਰਦਿਆਂ ਸ਼ਹੀਦ ਕਰ ਦਿੱਤਾ ਸੀ ਪਰ ਭਾਈ ਟੈਣੀ ਦੇ ਨਾਲ ਬੀਬੀ ਮਨਜੀਤ ਕੌਰ ਵੀ ਡੱਟ ਗਈ ਤੇ ਹੱਥ ਖੜ੍ਹੇ ਕਰਨ ਦੀ ਬਜਾਇ ਪੁਲਿਸ ਨਾਲ ਲੜਦੀ ਲੜਦੀ ਸ਼ਹੀਦੀ ਪਾ ਗਈ, ਉਸ ਵਕਤ ਉਹ ਗਰਭਵਤੀ ਵੀ ਸਨ। ਉਨ੍ਹਾਂ ਦੱਸਿਆ ਕਿ 12 ਮਾਰਚ 1992 ਨੂੰ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਦਾ ਆਨੰਦ ਕਾਰਜ਼ ਬੀਬੀ ਮਨਜੀਤ ਕੌਰ ਨਾਲ ਹੋਇਆ ਸੀ। ਜਿਸ ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਵੀ ਹਾਜ਼ਰੀ ਭਰੀ ਸੀ ਤੇ ਉਨ੍ਹਾਂ ਦਾ ਆਪਸ ਵਿਚ ਬਹੁਤ ਪਿਆਰ ਸੀ। ਭਾਈ ਹਿਸਾਰ ਨੇ ਕਿਹਾ ਕਿ ਬਾਣੀ ਦੇ ਪ੍ਰਭਾਵ ’ਚ ਰਹਿ ਕੇ ਕੌਮ ਦੀ ਖਾਤਰ ਆਪਾ ਵਾਰਨ ਵਾਲੇ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਅਤੇ ਉਨ੍ਹਾਂ ਦੀ ਧਰਮ ਪੱਤਨੀ ਬੀਬੀ ਮਨਜੀਤ ਕੌਰ ਨੂੰ ਕੌਮੀ ਇੰਨਸਾਫ਼ ਮੋਰਚੇ ਵਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਤੇ ਅੱਜ ਦਾ ਸਾਰਾ ਦਿਨ ਸ਼ਹੀਦੀ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਮੋਰਚੇ ਵਿਚ ਉਚੇਚੇ ਤੌਰ ’ਤੇ ਪਹੁੰਚੇ ਦਰਬਾਰ ਏ ਖਾਲਸਾ ਦੇ ਮੁੱਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤ ਨੂੰ ਦੱਸਿਆ ਕਿ ਕਿਸ ਤਰਾਂ ਸਮੇਂ ਦੀਆਂ ਸਰਕਾਰਾਂ ਆਪਣੇ ਨਿੱਜੀ ਸਵਾਰਥਾਂ ਲਈ ਸਿੱਖ ਪੰਥ ਨਾਲ ਧੋਖਾ ਕਰਦੀਆਂ ਹਨ। ਉਨ੍ਹਾਂ ਸਟੇਜ ਤੋਂ ਸੰਗਤਾਂ ਨੂੰ ਕੁਝ ਦਸਤਾਵੇਜ਼ ਵਿਖਾਉਂਦੇ ਹੋਏ ਦਸਿਆ ਕਿ ਜੇ ਸਰਕਾਰਾਂ ਚਾਹੁਣ ਤਾਂ ਉਮਰ ਕੈਦ ਦੇ ਕੈਦੀ ਨੂੰ ਸਾਲ-ਦੋ ਸਾਲ ਵਿਚ ਰਿਹਾ ਵੀ ਕਰ ਦਿੰਦੀਆਂ ਹਨ ਪਰ ਕੌਮੀ ਯੋਧਿਆਂ ਨੂੰ ਸਜ਼ਾਵਾਂ ਪੂਰੀਆਂ ਹੋਣ ’ਤੇ ਵੀ ਰਿਪੋਰਟ ਤਿਆਰ ਕਰਨ ਵੇਲੇ ਸੂਬੇ ਨੂੰ ਖ਼ਤਰਾ ਦਸਦੀਆਂ ਹਨ ਜੋ ਸਰਾਸਰ ਗਲਤ ਹੁੰਦਾ ਹੈ। ਇਸ ਕੌਮੀ ਮੋਰਚੇ ਦੀ ਸਫਲਤਾ ਲਈ ਉਨ੍ਹਾਂ ਦੀ ਜੱਥੇਬੰਦੀ ਵਲੋਂ ਪਿੰਡਾ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਮੋਰਚੇ ਵਿਚ ਪਹੁੰਚਿਆ ਜਾਵੇ ਤੇ ਜਲਦੀ ਹੀ ਉਨ੍ਹਾਂ ਵਲੋਂ ਵੱਡੇ ਕਾਫ਼ਲੇ ਮੋਰਚੇ ਵਿਚ ਚੰਡੀਗੜ੍ਹ ਲਿਆਂਦੇ ਜਾਣਗੇ। Çਂੲਸ ਮੌਕੇ ਡਾ. ਗੁਰਦਰਸ਼ਨ ਸਿੰਘ ਢਿਲੋਂ ਨੇ ਵੀ ਕੌਮੀ ਇੰਨਸਾਫ਼ ਮੋਰਚੇ ਦੇ ਹੱਕ ਵਿਚ ਸੰਗਤ ਤੇ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ। ਸ਼ਹੀਦ ਭਾਈ ਦਵਿੰਦਰ ਸਿੰਘ ਦੇ ਭਰਾ ਜੁਝਾਰ ਸਿੰਘ ਨੇ ਵੀ ਸੰਗਤ ਨੂੰ ਆਪਣੀ ਕਵਿਤਾ ਰਾਂਹੀ ਕੌਮੀ ਸਿੰਘਾਂ ਦੀ ਰਿਹਾਈ ਲਈ ਗੱਲ ਕੀਤੀ।
ਮੋਰਚੇ ਵਿਚ ਹਾਜ਼ਰ ਨਿਹੰਗ ਜੱਥੇਬੰਦੀਆਂ ਵਲੋਂ ਖਾਲਸਾਈ ਹੋਲੇ ਮਹਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਸਬੰਧ ਵਿਚ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਾਹਿਬਜ਼ਾਦਾ ਜੁਝਾਰ ਸਿੰਘ ਬਾਬਾ ਜੀਵਨ ਸਿੰਘ ਨਿਹੰਗ ਸਿੰਘ ਜੱਥੇਬੰਦੀ ਦੇ ਜਥੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੌਮੀ ਇੰਨਸਾਫ਼ ਮੋਰਚੇ ’ਤੇ 6 ਮਾਰਚ ਦਿਨ ਸੋਮਵਾਰ ਨੂੰ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾ, ਖਾਲਸਾਈ ਖੇਡਾਂ ਗਤਕਾ, ਘੋੜ ਸਵਾਰੀ ਅਤੇ ਨੇਜਾਬਾਜੀ 7 ਮਾਰਚ ਨੂੰ ਦੁਪਹਿਰ 2 ਵਜੇ ਤੋਂ ਦੇਰ ਸ਼ਾਮ ਤਕ ਹੋਣਗੀਆਂ ਅਤੇ 8 ਮਾਰਚ ਨੂੰ ਖਾਲਸਾਈ ਮਹਲਾ ਮੋਰਚੇ ਤੋਂ ਅਰਦਾਸ ਕਰ ਕੇ ਪੂਰੇ ਜਾਹੋ ਜਲਾਲ ਨਾਲ ਕੱਢਿਆ ਜਾਵੇਗਾ ਜੋ ਵਾਈ ਪੀ ਐਸ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਗੁ. ਸਿੰਘ ਸ਼ਹੀਦਾਂ ਸੁਹਾਣਾ ਹੁੰਦਾ ਹੋਇਆ ਅੱਠ ਫੇਜ਼ ਦੁਸ਼ਹਿਰਾ ਮੈਦਾਨ ਵਿਚ ਪਹੁੰਚੇਗਾ।
ਮੋਰਚੇ ਵਿਚ ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਇੰਦਰਬੀਰ ਸਿੰਘ, ਭਾਈ ਪਿੰਦਰ ਸਿੰਘ, ਪ੍ਰਦੀਪ ਸਿੰਘ, ਭਾਈ ਹਰਜਿੰਦਰ ਸਿੰਘ ਮਾਝੀ, ਡਾ. ਗੁਰਦਰਸ਼ਨ ਸਿੰਘ ਢਿਲੋਂ, ਭਾਈ ਬਲਜੀਤ ਸਿੰਘ ਭਾਊ, ਕੁਲਦੀਪ ਸਿੰਘ ਕਾਹਲੋਂ, ਬੀਬੀ ਜਸਪਾਲ ਕੌਰ ਧਰਮ ਪਤਨੀ ਸ਼ਹੀਦ ਭਾਈ ਅਮਰੀਕ ਸਿੰਘ, ਹਰਜੀਤ ਸਿੰਘ ਜੰਮੂ ਕਸ਼ਮੀਰ, ਸ਼ਮਸ਼ੇਰ ਸਿੰਘ, ਮਨਮੋਹਨ ਸਿੰਘ, ਬਲਬੀਰ ਸਿੰਘ ਹਿਸਾਰ, ਭਾਈ ਮੰਗਲ ਸਿੰਘ, ਪਵਨਦੀਪ ਸਿੰਘ, ਗੁਰਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।