ਭਾਰਤ ਦੀ ਅਖੌਤੀ ਅਜ਼ਾਦੀ ਦੀ 76ਵੀਂ ਵਰ੍ਹੇਗੰਢ ਤੇ ਸਿੱਖ ਕੌਮ ਦੇ ਸਿੱਖ ਰਾਜ ਵਾਸਤੇ ਸੰਘਰਸ਼ੀ ਸਿੱਖਾਂ ਨੇ ਭਾਰਤੀ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਮਨਾਇਆ ਕਾਲਾ ਦਿਨ ।

ਫਰੈਂਕਫੋਰਟ – ਭਾਰਤ ਦੀ ਅਖੌਤੀ ਅਜ਼ਾਦੀ ਦੀ 76ਵੀਂ ਵਰ੍ਹੇਗੰਢ ਤੇ ਸਿੱਖ ਪੰਥ ਦੀ ਗੁਲਾਮੀ ਘੱਟਗਿਣਤੀ ਕੌਮਾਂ ਸਿੱਖਾਂ, ਮੁਲਮਾਨਾਂ, ਦਲਿਤਾਂ, ਈਸਾਈਆਂ ਨਾਲ ਹੋ ਰਹੇ ਜ਼ੁਲਮਾਂ ਅਤੇ ਮਨੀਪੁਰ ਵਿੱਚ ਹਿੰਦੂਤਵੀ ਮਾਨਸਿਕਤਾ ਵੱਲੋਂ ਔਰਤਾਂ ਸਮੂਹਿਕ ਬਲਾਤਕਾਰਾਂ ਦੇ ਖਿਲਾਫ ਭਾਰਤੀ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਉਹਨਾਂ ਦੇ ਪਵਿੱਤਰ ਸੁਪਨੇ ਨੂੰ ਸਾਕਾਰ ਕਰਨ ਦਾ ਤੇ ਉਸ ਉੱਪਰ ਪਹਿਰਾ ਦੇਣ ਪ੍ਰਣ ਦੁਹਰਾਇਆ ।

ਮੁਜ਼ਾਹਰੇ ਵਿੱਚ ਪੰਥਕ ਆਗੂਆਂ ਨੇ ਭਾਰਤ ਦੇ ਹਾਕਮਾਂ ਨੂੰ ਇਹ ਸੁਨੇਹਾ ਦਿੱਤਾ ਕਿ ਇਹ ਤੁਹਾਡਾ ਵਹਿਮ ਹੈ ਕਿ ਤੁਸੀਂ ਆਪਣੀ ਚਾਣਕੀਆਂ ਨੀਤੀ ਰਾਹੀਂ ਕੁਝ ਕਮਜ਼ੋਰ ਜਮੀਰਾਂ, ਥੱਕ ਚੁੱਕੇ ਜਾਂ ਲਾਲਸਾਵਾਂ ਵੱਸ ਕੁਝ ਖਾਲਿਸਤਾਨੀਆਂ ਨੂੰ ਆਪਣੀ ਬੋਲੀ ਬੁਲਾਉਣ ਦਾ ਭਰਮ ਪਾਲ ਕੇ ਜਾਂ ਅਜ਼ਾਦੀ ਦੀ ਲਹਿਰ ਦੇ ਆਗੂਆਂ ਨੂੰ ਆਪਣੇ ਭਾੜੇ ਦੇ ਕਾਤਲਾਂ ਤੋਂ ਸ਼ਹੀਦ ਕਰਾਕੇ ਸੰਘਰਸ਼ਕਾਰੀਆਂ ਦੇ ਮਨਾਂ ਅੰਦਰ ਡਰ ਸਹਿਮ ਪੈਦਾ ਕਰਕੇ ਅਜ਼ਾਦੀ ਦੀ ਅਵਾਜ਼ ਜਾਂ ਰੋਹ ਮੁਜ਼ਾਹਰਿਆਂ ਨੂੰ ਬੰਦ ਕਰਵਾ ਦੇਵੋਗੇ ।

ਮੁਜ਼ਾਹਰੇ ਦੌਰਾਨ ਸੰਬੋਧਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕਰਕੇ, ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲ਼ਾ ਸਲੂਕ ਕਰਕੇ ਆਪਣਾ ਕਰੂਰ ਚੇਹਰਾ ਨੰਗਾ ਕਰ ਦਿੱਤਾ ਹੈ । ਸਿੱਖਾਂ ਨੂੰ ਆਏ ਦਿਨ ਗੁਲਾਮੀ ਦਾ ਅਹਿਸਾਸ ਕਰਾ ਕੇ, 82% ਕੁਰਬਾਨੀਆਂ ਕਰਨ ਵਾਲੀ ਕੌਮ ਨਾਲ ਕੀਤੇ ਵਾਇਦੇ ਭੁਲਾ ਕੇ ਅਕ੍ਰਿਤਘਣਤਾ ਦਾ ਸਬੂਤ ਦਿੱਤਾ ਹੈ ਇਸੇ ਕਰਕੇ ਸਿੱਖ ਕੌਮ ਦੇ ਅਜ਼ਾਦ ਘਰ ਦੇ ਚਾਹਵਾਨ ਤੁਹਾਡੇ ਅਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰਤੇ ਮਨਾ ਰਹੇ ਹਨ ਤੇ ਤੂਹਾਨੂੰ ਲਾਹਣਤਾ ਪਾ ਰਹੇ ਹਨ । ਬੁਲਾਰਿਆਂ ਨੇ ਕਿਹਾ ਕਿ ਤੁਹਾਡੇ ਡਰ ਸਹਿਮ ਪਾਉਣ ਦੇ ਭਰਮ ਨੂੰ ਤੁਹਾਡੇ ਸਾਹਮਣੇ ਖੜਕੇ ਤੋੜ ਰਹੇ ਹਾਂ ਅਤੇ ਪੂਰੇ ਜ਼ੋਰ ਨਾਲ ਇਹ ਸੁਨੇਹਾ ਦੇ ਰਹੇ ਹਾਂ ਕਿ ਇਹ ਸੰਘਰਸ਼ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।

ਰੋਹ ਮੁਜ਼ਾਹਰੇ ਵਿੱਚ ਭਾਈ ਗੁਰਚਰਨ ਸਿੰਘ ਗੁਰਾਇਆ ਕੋ-ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ, ਭਾਈ ਗੁਰਪਾਲ ਸਿੰਘ ਪਾਲਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੋਨ, ਭਾਈ ਅਵਤਾਰ ਸਿੰਘ ਬੱਬਰ ਖ਼ਾਲਸਾ ਜਰਮਨੀ, ਭਾਈ ਜਗਤਾਰ ਸਿੰਘ ਮਾਹਲ, ਭਾਈ ਇੰਦਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਫਤਿਹ), ਭਾਈ ਹੀਰਾ ਸਿੰਘ ਮੱਤੇਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਭਾਈ ਹਰਮੀਤ ਸਿੰਘ, ਭਾਈ ਜਤਿੰਦਰ ਸਿੰਘ, ਰਾਮਪਾਲ ਸਿੰਘ, ਯੂਸਫ ਅਲੀ ਅਕਰਮ ਸਦਰ ਕਸ਼ਮੀਰ ਕੌਂਸਲ ਜਰਮਨੀ ਨੇ ਆਪਣੇ ਵੀਚਾਰਾ ਦੀ ਸਾਂਝ ਪਾਈ । ਮੁਜ਼ਾਹਰੇ ਵਿੱਚ ਭਾਰਤ ਦੀ ਅਖੌਤੀ ਅਜ਼ਾਦੀ ਦੇ ਵਿਰੋਧ ਵਿੱਚ,  ਸਿੱਖ ਤੇ ਹੋਰ ਘੱਟ ਗਿਣਤੀ ਕੌਮਾਂ ਤੇ ਔਰਤਾਂ ਉਪੱਰ ਹਿੰਦੂਤਵੀ ਹਕੂਮਤ ਦੀ ਸ਼ਹਿ ਤੇ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਤਸਵੀਰਾਂ ਵਾਲੇ ਬੈਨਰ ਲਗਾ ਕੇ ਭਾਰਤ ਸਰਕਾਰ ਦਾ ਕਰੂਰ ਚੇਹਰਾ ਨੰਗਾ ਕੀਤਾ ਗਿਆ । ਇਸ ਮੌਕੇ ਤੇ ਖਾਲਿਸਤਾਨੀ ਨਿਸ਼ਾਨ ਸਾਹਿਬ ਝੂਲ ਰਹੇ ਸਨ ਅਤੇ ਖਾਲਿਸਤਾਨ ਜ਼ਿੰਦਾਬਾਦ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਅਤੇ ਚੜ੍ਹਦੀ ਕਲਾ ਦੇ ਨਾਅਰੇ ਗੂੰਜਦੇ ਰਹੇ ।

84 Views