0️⃣7️⃣ ਸਤੰਬਰ, 2022
ਸਹੀਦੀ ਜੋੜ ਮੇਲਾ ਸਹੀਦ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ (1710-1745) ਪਿੰਡ ਮੀਰਾਂਕੋਟ,ਸ੍ਰੀ ਅੰਮ੍ਰਿਤਸਰ ਸਾਹਿਬ
(ਮੱਸੇ ਰੰਘੜ ਦਾ ਸਿਰ ਕਲਮ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਲੇ ਸੂਰਮੇ ਸੁਖਾ ਸਿੰਘ–ਮਹਿਤਾਬ ਸਿੰਘ ਵਾਲੇ)
ਨਾਂਮ: ਭਾਈ ਮਹਿਤਾਬ ਸਿੰਘ ਜੀ
ਜਨਮ: 1710 ਪਿੰਡ ਮੀਰਾਂਕੋਟ (ਸ੍ਰੀ ਅੰਮ੍ਰਿਤਸਰ ਸਾਹਿਬ)
ਸਹੀਦ : 1745 ਲਾਹੌਰ
ਸਿੱਖ ਪੰਥ ਦੀ ਸੇਵਾ: ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ/ਮੱਸੇ ਰੰਘੜ ਦਾ ਸਿਰ ਕਲਮ ਕਰਨਾ
ਸ਼ਹੀਦ ਭਾਈ ਮਹਿਤਾਬ ਸਿੰਘ ਜੀ ਦਾ ਪਿੰਡ ਮੀਰਾਂਕੋਟ ਅੰਮ੍ਰਿਤਸਰ-ਰਾਜਾਸਾਂਸੀ ਰੋਡ ਵੱਲ ਕਰੀਬ 5 ਕਿ:ਮੀ: ਦੂਰ ਪੈਂਦਾ ਹੈ।ਭਾਈ ਮਹਿਤਾਬ ਸਿੰਘ ਦੇ ਪਿਤਾ ਦਾ ਨਾਂਅ ਹਰਦਿਆਲ ਸਿੰਘ ਸੀ। ਭਾਈ ਮਹਿਤਾਬ ਸਿੰਘ ਜੀ ਦੇ ਦੋ ਬੇਟੇ ਰਾਏ ਸਿੰਘ ਅਤੇ ਦਿਆਲ ਸਿੰਘ ਸਨ। ਰਾਏ ਸਿੰਘ ਦੇ ਰਤਨ ਸਿੰਘ ਭੰਗੂ (ਮਹਾਨ ਸਿਖ ਇਤਿਹਾਸਕਾਰ) ਸਮੇਤ 5 ਪੁੱਤਰ ਸਨ। ਭਾਈ ਮਹਿਤਾਬ ਸਿੰਘ ਜੀ ਦੇ ਖਾਨਦਾਨ ਵਾਲੇ ਹੁਣ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡਾਂ ਮੀਰਾਂਕੋਟ, ਨਵਾਂ ਮੀਰਾਂਕੋਟ ਅਤੇ ਮਾਨਾਂਵਾਲਾ ਆਦਿ ਵਿਚ ਵੱਸਦੇ ਹਨ।
ਭਾਈ ਮਹਿਤਾਬ ਸਿੰਘ ਜੀ ਤੇ ਸਹੀਦ ਭਾਈ ਤਾਰੂ ਸਿੰਘ ਆਪਸ ‘ਚ ਭੂਆ ਤੇ ਮਾਮੇ ਦੇ ਪੁੱਤਰ ਸਨ।
17ਵੀਂ ਸਦੀ ‘ਚ ਜਦੋਂ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ ਸਨ ਤਾਂ ਇਨ੍ਹਾਂ ਜ਼ੁਲਮਾਂ ਤੋਂ ਤੰਗ ਆ ਕੇ ਸਿੰਘਾਂ ਨੇ ਜੰਗਲਾਂ,ਮਾਰੂਥਲਾਂ,ਬੇਲਿਆਂ ਵਿੱਚ ਜਾ ਟਿਕਾਣਾ ਕੀਤਾ।
ਸੰਨ 1740 ਵਿੱਚ ਜਕਰੀਆ ਖਾਨ ਨੇ ਮੱਸੇ ਰੰਘੜ ਨੂੰ ਜੰਡਿਆਲੇ ਦਾ ਚੌਧਰੀ ਨਿਯੁਕਤ ਕਰ ਦਿੱਤਾ,ਜੋ ਹੁਣ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਅਧੀਨ ਆਉਂਦਾ ਹੈ।
ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਉਸ ਦੀ ਚੌਧਰਾਹਟ ਹੇਠ ਸੀ।
ਜ਼ਕਰੀਆ ਖਾਨ ਦਾ ਹੁਕਮ ਮਿਲਣ ‘ਤੇ ਮੱਸੇ ਨੇ ਆਪਣੇ ਚੇਲਿਆਂ-ਚਾਟੜਿਆਂ ਸਮੇਤ ਸਿਖਾਂ ਦੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ 03-08-1740 ਨੂੰ ਕਬਜ਼ਾ ਕਰ ਲਿਆ ਤੇ ਅੰਦਰ ਮਨਮਾਨੀਆਂ ਕਰਨ ਲੱਗਾ।ਉਹ ਦਰਬਾਰ ਸਾਹਿਬ ਦੇ ਅੰਦਰ ਸ਼ਰਾਬ ਤੇ ਹੁੱਕਾ ਪੀਂਦਾ। ਜਿੱਥੇ ਬਾਣੀ ਦਾ ਕੀਰਤਨ ਹੁੰਦਾ ਸੀ,ਉਥੇ ਨਾਚੀ ਨਾਚ ਕਰਨ ਲੱਗੀ। ਆਪਣੀ ਹੈਂਕੜ ਤੇ ਜਕਰੀਆ ਖਾਨ ਨੂੰ ਖੁਸ਼ ਕਰਨ ਲਈ ਮੱਸੇ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਸ਼ਰਾਬ ਤੇ ਤੰਬਾਕੂ ਦੇ ਖੁਲ੍ਹੇ ਦੌਰ ਚਲਾਏ ਤੇ ਕੰਜਰੀਆਂ ਦੇ ਨਾਚ ਨਚਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ।
ਮੱਸੇ ਖਿਲਾਫ਼ ਗੁੱਸੇ ਦੀ ਲਹਿਰ ਦੌੜ ਗਈ। ਸਿੱਖਾਂ ਦੇ ਜਥੇ ਸਰਕਾਰੀ ਸਖ਼ਤੀ ਕਾਰਨ ਰਾਜਸਥਾਨ ਦੇ ਮਾਰੂਥਲਾਂ ਨੂੰ ਚਲੇ ਗਏ ਸਨ। ਕੋਈ ਟਾਵਾਂ-ਟਾਵਾਂ ਸਿੱਖ ਹੀ ਲੁਕ-ਛਿਪ ਕੇ ਡੰਗ ਟਪਾਉਂਦਾ ਸੀ। ਪਿੰਡ ਕੰਗ (ਨਜ਼ਦੀਕ ਤਰਨਤਾਰਨ ਸਾਹਿਬ) ਦਾ ਸਿੱਖ ਭਾਈ ਬੁਲਾਕਾ ਸਿੰਘ ਜੀ ਵੀ ਅਜਿਹਾ ਹੀ ਇਕ ਸਿੱਖ ਸੀ। ਜਦੋਂ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਹੁੰਦੀ ਵੇਖੀ ਤਾਂ ਉਸ ਕੋਲੋਂ ਜ਼ਰਿਆ ਨਾ ਗਿਆ।
ਉਹ ਸੈਂਕੜੇ ਮੀਲ ਪੰਧ ਮਾਰ ਕੇ ਬੀਕਾਨੇਰ ਦੇ ਨਜ਼ਦੀਕ ਬੁੱਢਾ ਜੌਹੜ ਪੁੱਜਿਆ,ਜਿਥੇ ਸਰਦਾਰ ਸ਼ਾਮ ਸਿੰਘ ਜੀ ਤੇ ਸਰਦਾਰ ਬੁੱਢਾ ਸਿੰਘ ਜੀ ਦੇ ਜਥੇ ਪੜਾਉ ਕਰੀ ਬੈਠੇ ਸਨ। ਜਦੋਂ ਇਕੱਠ ਵਿੱਚ ਵਿਥਿਆ ਸੁਣਾਈ ਗਈ ਤਾਂ ਸਿੱਖਾਂ ਦੇ ਕਲੇਜੇ ’ਤੇ ਛੁਰੀ ਫਿਰ ਗਈ।
ਜਥੇਦਾਰਾਂ ਨੇ ਲਲਕਾਰਿਆ ਕਿ ਹੈ ਕੋਈ ਸੂਰਮਾ ਜੋ ਦੁਸ਼ਟ ਮੱਸੇ ਦਾ ਸਿਰ ਲਾਹ ਕੇ ਲਿਆਵੇ। ਇਹ ਸੁਣ ਕੇ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਮਾੜੀ ਕਬੋਕੀ ਜੀ ਮਿਆਨਾਂ ਚੋਂ ਤਲਵਾਰਾਂ ਧੂਹ ਕੇ ਖੜ੍ਹੇ ਹੋ ਗਏ ਤੇ ਪੰਥ ਤੋਂ ਥਾਪੜਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ।
ਰਸਤੇ ਵਿਚ ਸਭਰਾਵਾਂ ਲਾਗਿਓਂ ਇਕ ਥੇਹ ਤੋਂ ਠੀਕਰੀਆਂ ਚੁਣ ਕੇ ਥੈਲੀ ਭਰ ਲਈ ਤੇ 02-01-1741 ਨੂੰ ਭਾਈ ਮਹਿਤਾਬ ਸਿੰਘ ਜੀ ਮੀਰਾ ਕੋਟੀਆ ਤੇ ਭਾਈ ਸੁੱਖਾ ਸਿੰਘ ਮਾੜੀ ਕਬੋਕੀ ਜੀ ਮੁਸਲਮਾਨੀ ਭੇਸ ਬਣਾ ਕੇ ਬੋਰੀ ਵਿੱਚ ਠੀਕਰੀਆਂ ਭਰ ਕੇ ਮਾਮਲਾ ਭਰਨ ਦੇ ਬਹਾਨੇ ਮੱਸੇ ਕੋਲ ਸ੍ਰੀ ਹਰਿਮੰਦਿਰ ਸਾਹਿਬ ਪੁੱਜ ਗਏ,ਮਾਮਲਾ ਤਾਰਨ ਦੇ ਬਹਾਨੇ ਘੋੜੇ ਲਾਚੀ ਬੇਰ ਨਾਲ ਬੰਨ੍ਹਕੇ, ਸ੍ਰੀ ਹਰਿਮੰਦਰ ਸਾਹਿਬ ਦਾਖਲ ਹੋ ਗਏ।ਉਨ੍ਹਾਂ ਨੇ ਬੋਰੀ ਮੱਸੇ ਦੇ ਪੈਰਾਂ ਵਿੱਚ ਸੁੱਟ ਦਿੱਤੀ। ਜਦੋਂ ਮੱਸਾ ਬੋਰੀ ਵੱਲ ਝੁਕਿਆ ਤਾਂ ਭਾਈ ਮਹਿਤਾਬ ਸਿੰਘ ਜੀ ਨੇ ਇੱਕੋ ਵਾਰ ਨਾਲ ਉਸ ਦਾ ਸਿਰ ਵੱਢ ਕੇ ਬੋਰੀ ਵਿੱਚ ਪਾ ਲਿਆ।
(ਮੱਸੇ ਵਲੋ ਬੇਅਦਬੀ ਮਿਤੀ 03-08-1740 ਤੇ ਮੱਸੇ ਦੀ ਮੌਤ 02-01-1741…..153 ਦਿਨ)
*ਭਾਈ ਸੁੱਖਾ ਸਿੰਘ ਮਾੜੀ ਕਬੋਕੀ ਜੀ ਨੇ ਵੀ 5-7 ਹੋਰ ਦੁਸ਼ਟ ਝਟਕਾ ਦਿੱਤੇ। ਦੋਵੇਂ ਘੋੜਿਆਂ ’ਤੇ ਚੜ੍ਹ ਕੇ ਬੀਕਾਨੇਰ ਪੁੱਜੇ ਤੇ ਮੱਸੇ ਦਾ ਸਿਰ ਜਥੇਦਾਰਾਂ ਅੱਗੇ ਜਾ ਰੱਖਿਆ। ਗੁਰਮਤਾ ਕਰ ਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ।
ਮੱਸੇ ਦੇ ਵਾਰਸਾਂ ਨੇ ਮੱਸੇ ਦੀ ਬਿਨਾ ਸਿਰ ਤੋਂ ਲਾਸ਼ ਜ਼ਕਰੀਏ ਦੇ ਪੈਰਾਂ ਵਿੱਚ ਜਾ ਸੁੱਟੀ ਤੇ ਬਦਲੇ ਦੀ ਮੰਗ ਕੀਤੀ।ਜ਼ਕਰੀਏ ਨੇ ਫੌਜਦਾਰ ਨੂਰਦੀਨ ਨੂੰ ਭਾਈ ਮਹਿਤਾਬ ਸਿੰਘ ਜੀ ਦਾ ਬਾਲ ਬੱਚਾ ਬੰਨ੍ਹ ਲਿਆਉਣ ਲਈ ਭੇਜਿਆ।
ਭਾਈ ਮਹਿਤਾਬ ਸਿੰਘ ਜੀ ਬੀਕਾਨੇਰ ਜਾਂਦੇ ਹੋਏ ਆਪਣੇ ਸੱਤ ਸਾਲਾ ਬੇਟੇ ਰਾਏ ਸਿੰਘ ਨੂੰ ਪਿੰਡ ਦੇ ਨੰਬਰਦਾਰ ਨੱਥੇ ਖਹਿਰੇ ਦੇ ਹਵਾਲੇ ਕਰ ਗਏ ਸਨ।ਫੌਜਦਾਰ ਨੂਰਦੀਨ ਨੇ ਨੱਥੇ ਨੂੰ ਭਾਈ ਮਹਿਤਾਬ ਸਿੰਘ ਜੀ ਦੇ ਬੇਟੇ ਰਾਏ ਸਿੰਘ ਨੂੰ ਪੇਸ਼ ਕਰਨ ਲਈ ਕਿਹਾ। ਨੱਥੇ ਨੇ ਘਰ ਜਾ ਕੇ ਸਲਾਹ ਕੀਤੀ ਤਾਂ ਉਸ ਦੇ ਪੁੱਤਰ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਸ਼ਰਨ ਪੈਣ ਵਾਲਿਆਂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।ਅਸੀਂ ਸ਼ਰਨ ਆਏ ਬੱਚੇ ਨੂੰ ਕਾਤਲਾਂ ਨੂੰ ਕਿਵੇਂ ਸੌਂਪ ਸਕਦੇ ਹਾਂ?
ਇਸ ‘ਤੇ ਨੱਥਾ,ਉਸ ਦਾ ਪੁੱਤਰ,ਭਾਣਜਾ,ਇਕ ਮਜ਼੍ਹਬੀ ਸਿੱਖ ਤੇ ਇਕ ਬਰਵਾਲਾ ਬੱਚੇ ਨੂੰ ਚੁੱਕ ਕੇ ਕੰਬੋਅ ਪਿੰਡ ਵੱਲ ਨੂੰ ਭੱਜ ਪਏ। ਨੂਰਦੀਨ ਨੇ ਪਤਾ ਲੱਗਣ ‘ਤੇ ਉਨ੍ਹਾਂ ਨੂੰ ਕੰਬੋਆਂ ਦੀ ਜੂਹ ਵਿਚ ਜਾ ਘੇਰਿਆ।
ਨੱਥਾ ਖਹਿਰਾ ਜ਼ੀ ਸਾਥੀਆਂ ਸਮੇਤ ਅਨੇਕਾਂ ਨੂੰ ਮਾਰ ਕੇ ਸ਼ਹੀਦੀਆਂ ਪਾ ਗਏ।ਭਾਈ ਮਹਿਤਾਬ ਸਿੰਘ ਜੀ ਦੇ ਬੇਟਾ ਰਾਏ ਸਿੰਘ, ਮੂਧੇ ਮੂੰਹ ਨੱਥੇ ਦੀ ਲਾਸ਼ ਨੂੰ ਚਿੰਬੜਿਆ ਹੋਇਆ ਸੀ। ਜ਼ਾਲਮਾਂ ਨੇ ਸੱਤ ਸਾਲਾ ਬੱਚੇ ‘ਤੇ ਕਈ ਵਾਰ ਕਿਰਪਾਨਾਂ ਦੇ ਕੀਤੇ ਤੇ ਆਪਣੇ ਵੱਲੋਂ ਮਰਿਆ ਸਮਝ ਛੱਡ ਕੇ ਚਲੇ ਗਏ।
ਕੁਦਰਤੀ ਪਿੰਡ ਕੰਬੋਆਂ ਦੀ ਇਕ ਅਰਾਈਂ ਮੁਸਲਮਾਨ ਔਰਤ ਮਾਈ ਮਾਲਣ ਉਸ ਪਾਸੇ ਗਈ ਤਾਂ ਉਸ ਨੇ ਵੇਖਿਆ ਕਿ ਬੱਚਾ ਰਾਏ ਸਿੰਘ ਅਜੇ ਸਹਿਕ ਰਿਹਾ ਹੈ। ਉਹ ਬੱਚੇ ਨੂੰ ਚੁੱਕ ਕੇ ਆਪਣੇ ਘਰ ਲੈ ਗਈ। ਓਹੜ-ਪੋਹੜ ਕਰਕੇ ਅਗਲੇ ਦਿਨ ਰੁਟਾਲੇ ਪਿੰਡ ਉਸ ਦੀ ਤਾਈ ਕੋਲ ਛੱਡ ਆਈ। ਇਲਾਜ ਕਰਨ ‘ਤੇ ਭਾਈ ਮਹਿਤਾਬ ਸਿੰਘ ਜੀ ਦਾ ਬੇਟ ਰਾਏ ਸਿੰਘ ਬਚ ਗਿਆ। ਜਿਸ ਨੇ ਵੱਡਾ ਹੋ ਕੇ ਛੋਟੇ ਘੱਲੂਘਾਰੇ ਸਮੇਤ ਅਨੇਕ ਮੁਹਿੰਮਾਂ/ਸਿਖ ਸੰਘਰਸਾ ਵਿਚ ਹਿੱਸਾ ਲਿਆ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਲਿਖਾਰੀ ਮਹਾਨ ਸਿੱਖ ਵਿਦਵਾਨ ਰਤਨ ਸਿੰਘ ਭੰਗੂ ਏਸ ਰਾਏ ਸਿੰਘ ਦੇ ਹੀ ਬੇਟੇ ਹਨ।
ਭਾਈ ਮਹਿਤਾਬ ਸਿੰਘ ਜੀ ਜਦੋ ਸੰਨ 1745 ਚ ਪਿੰਡ ਵਾਪਸ ਆਏ ਤਾਂ ਗ੍ਰਿਫ਼ਤਾਰ ਹੋ ਗਏ ।ਭਾਈ ਮਹਿਤਾਬ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾਇਆ ਗਿਆ ਤੇ ਆਪ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਦੋ ਦਿਨ ਬਾਅਦ ਮੱਸੇ ਰੰਘੜ ਦੀ ਮੌਤ ਬਦਲੇ (22 ਭਾਦੋਂ,554 ਅਨੁਸਾਰ 07 ਸਤੰਬਰ,2022 (ਓਦੋਂ 1745) ਨੂੰ ਲਾਹੌਰ ਵਿਖੇ ਚਰਖੜੀ ‘ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ।
ਜਿਸ ਜਗ੍ਹਾ ‘ਤੇ ਇਹ ਜ਼ਕਰੀਏ ਦੇ ਭੇਜੇ ਫੋਜ਼ਦਾਰ ਨੂਰਦੀਨ ਤੇ ਚੌਧਰੀ ਨੱਥਾ ਖਹਿਰਾ ਤੇ ਹੋਰ ਸਿੰਘਾਂ ਦਰਮਿਆਨ ਜੰਗ ਹੋਈ ਤੇ ਜਿਨ੍ਹਾਂ ਜੰਗਲ ਮਲ੍ਹਿਆਂ ਵਿਚ ਚੌਧਰੀ ਨੱਥਾ ਖਹਿਰਾ ਤੇ ਹੋਰ ਸਿੰਘ ਸ਼ਹੀਦ ਹੋਏ, ਉਸ ਜਗ੍ਹਾ ‘ਤੇ ਗੁਰਦੁਆਰਾ ਮਲ੍ਹਾ ਸਾਹਿਬ ਸੁਸ਼ੋਭਿਤ ਹੈ।
ਇਸ ਅਸਥਾਨ ‘ਤੇ ਸ਼ਹੀਦਾਂ ਦੀ ਯਾਦ ਚ ਹਰ ਸਾਲ ਸ਼ਹੀਦੀ ਜੋੜ ਮੇਲਾ 5-7 ਸਤੰਬਰ ਨੂੰ ਮਨਾਇਆ ਜਾਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਲੇ ਸਮੂਹ ਸਿੰਘਾਂ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ,ਭਾਈ ਸੁੱਖਾ ਸਿੰਘ ਮਾੜੀ ਕਬੋਕੀ ਜੀ ਤੇ ਹੋਰ ਸਾਰੇ ਮਹਾਨ ਅਣਖੀ ਸਿੰਘਾਂ ਨੂੰ ਕੋਟਾਨ-ਕੋਟ ਪ੍ਰਣਾਮ ਹੈ ਜ਼ੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।