0️⃣6️⃣ ਸਤੰਬਰ,1901
ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਜੀ ਦਾ ਦਿਹਾਂਤ 6 ਸਤੰਬਰ,1901 ਨੁੰ ਹੋ ਗਿਆ ਸੀ।
ਗਿਆਨੀ ਦਿੱਤ ਸਿੰਘ ਜੀ ਦੀ ਸਮਾਜ ਪ੍ਰਤੀ ਚਿੰਤਾ,ਦਰਦ ਅਤੇ ਕੌਮ ਪ੍ਰਤੀ ਕੀਤੀ ਗਈ ਸਖਤ ਘਾਲਣਾ ਸਦਕਾ ਆਪ ਜੀ ਲਈ ‘ਸੁੱਤੀ ਕੌਮ ਜਗਾਉਣ ਵਾਲੇ’ ਵਰਗੇ ਵਾਕ ਵਰਤੇ ਜਾਦੇ ਹਨ।
ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ,1850 (ਕੁੱਝ ਵਿਦਵਾਨਾਂ ਅਨੁਸਾਰ 1853) ਨੂੰ ਪਿਤਾ ਬਾਬਾ ਦੀਵਾਨ ਜ਼ੀ ਦੇ ਘਰ ਅਤੇ ਮਾਤਾ ਰਾਮ ਕੌਰ ਦੀ ਕੁਖੋਂ ਪਿੰਡ ਨੰਦਪੁਰ ਕਲੌੜ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੋਇਆ ਸੀ। ਆਪ ਜ਼ੀ ਦਾ ਬਚਪਨ ਦਾ ਨਾਮ ਦਿੱਤਾ ਰਾਮ ਸੀ ਜੋ ਬਾਅਦ ਵਿੱਚ ਆਪ ਜੀ ਦੀ ਵਿਦਵਤਾ ਦੇ ਝੰਡੇ ਗੱਡਣ ਤੋਂ ਬਾਅਦ ਗਿਆਨੀ ਦਿੱਤ ਸਿੰਘ ਵੱਜੋਂ ਮਸ਼ਹੂਰ ਹੋਇਆ।
ਆਪ ਸਿੰਘ ਸਭਾ ਲਹਿਰ ਦੇ ਮੋਢੀਆ ਆਗੂਆਂ ਵਿੱਚੋਂ ਸਨ,ਆਪ ਜ਼ੀ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਅਤੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਵਜੋਂ ਜਾਣੇ ਜਾਂਦੇ ਹਨ। ਸਾਹਿਤਕ ਖੇਤਰ ਵਿੱਚ ਆਪ ਜੀ ਨੇ ਲਗਭਗ 75 ਦੇ ਕਰੀਬ ਪੁਸਤਕਾਂ ਲਿਖੀਆਂ।
ਸਮਾਜ ਵਿੱਚ ਚੱਲ ਰਹੇ ਧਰਮ ਦੇ ਨਾਂ ਉੱਤੇ ਕਰਮਕਾਂਡਾਂ/ਅੰਧਵਿਸ਼ਵਾਸ਼ਾਂ ਅਤੇ ਪਾਖੰਡਵਾਦ ਉੱਤੇ ਆਪਣੀ ਕਲਮ ਰਾਹੀਂ ਨਿਡਰਤਾ ਨਾਲ ਕਰਾਰੀ ਚੋਟ ਕਰਕੇ ਆਪ ਜੀ ਨੇ ਇੱਕ ਸਫਲ ਪੱਤਰਕਾਰ ਵਜੋਂ ਪਹਿਚਾਣ ਬਣਾਈ।
ਬਤੌਰ ਸਮਾਜ ਸੁਧਾਰਕ ਆਪ ਜ਼ੀ ਨੇ ਜਾਤੀਵਾਦ ਉੱਤੇ ਹਮੇਸ਼ਾਂ ਦਲੇਰੀ ਨਾਲ ਸਪੱਸ਼ਟ ਲਫਜ਼ਾਂ ਨਾਲ ਕਟਾਕਸ਼ ਕੀਤਾ। ਸਾਰੀ ਉਮਰ ਆਪ ਜੀ ਨੇ ਸਮਾਜ ਸੁਧਾਰ ਲਈ ਕਲਮ ਨਾਲ, ਭਾਸ਼ਣਾਂ ਨਾਲ ਸੇਵਾ ਬੇਰੋਕ ਜਾਰੀ ਰੱਖੀ।
ਸਾਧੂ ਦਇਆ ਨੰਦ ਜ਼ੀ ਨੂੰ ਤਿੰਨ ਵਾਰ ਵਿਚਾਰ ਚਰਚਾ ਵਿੱਚ ਹਰਾਉਣ ਤੋਂ ਬਾਅਦ ਆਪ ਜੀ ਦੀ ਵਿਦਵਤਾ ਅਤੇ ਲਿਆਕਤ ਦੀ ਗੂੰਜ ਹਰ ਪਾਸੇ ਗੂੰਜਣੀ ਸ਼ੁਰੂ ਹੋ ਗਈ। ਖਾਲਸਾ ਅਖਬਾਰ ਦੇ ਮਾਧਿਅਮ ਰਾਹੀਂ ਆਪ ਜੀ ਨੇ ਸਿੱਖ ਕੌਮ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕੀਤੀ, ਉਹ ਆਪਣੀ ਮਿਸਾਲ ਆਪ ਹੈ। ਗੁਰਬਾਣੀ ਵਿਆਖਿਆਕਾਰ/ਟੀਕਾਕਾਰ ਅਤੇ ਇਤਿਹਾਸਕਾਰ ਦੇ ਤੌਰ ਤੇ ਆਪ ਜੀ ਦੀ ਪ੍ਰਾਪਤੀਆਂ ਅਤੇ ਖੋਜਾਂ ਅੱਜ ਵੀ ਵਿਦਿਆਰਥੀਆਂ ਅਤੇ ਜਗਿਆਸੂਆਂ ਲਈ ਚਾਨਣ ਮੁਨਾਰਾ ਹਨ।
ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਤੇ ਅਦਾਰੇ ਜਿਵੇਂ ਸਿੰਘ ਸਭਾ ਲਹਿਰ,ਖ਼ਾਲਸਾ ਦੀਵਾਨ,ਖਾਲਸਾ ਸਕੂਲ ਅਤੇ ਕਾਲਜ, ਗੁਰਮਤਿ ਵਿਦਿਆਲੇ, ਗੁਰਮੁਖੀ ਅਖ਼ਬਾਰ, ਖ਼ਾਲਸਾ ਅਖਬਾਰ, ਸਿੰਘ ਸਭਾ ਲਾਹੌਰ ਦੇ ਉਸਰੱਈਆਂ ਅਤੇ ਸੰਚਾਲਕਾਂ ਵੱਜੋਂ ਆਪ ਜੀ ਦਾ ਨਾਮ ਮੁੱਖ ਰੂਪ ਵਿੱਚ ਸਾਹਮਣੇ ਆਉਂਦਾ ਹੈ। ਗੁਣਾਂ ਦੀ ਖਾਨ ਹੋਣ ਦੇ ਬਾਵਜੂਦ ਆਪ ਜੀ ਨੇ ਸਾਰਾ ਸਮਾਂ ਪੰਥ ਦੀ ਚੜ੍ਹਦੀ ਕਲਾ ਲਈ ਬਤੀਤ ਕੀਤਾ। ਆਪ ਜ਼ੀ ਆਪਣੇ ਸਾਥੀਆਂ ਪ੍ਰੋ. ਗੁਰਮੁੱਖ ਸਿੰਘ ਜੀ ਅਤੇ ਸ. ਜਵਾਹਰ ਸਿੰਘ ਕਪੂਰ ਦੇ ਸਾਂਝੇ ਸਹਿਯੋਗ ਸਦਕਾ ਹਮੇਸ਼ਾਂ ਹੀ ਹਰ ਖੇਤਰ ਵਿੱਚ ਪ੍ਰਾਪਤੀਆਂ ਕਰਦੇ ਗਏ ਅਤੇ ਆਪਣੀ ਵਿਦਵਤਾ ਦੇ ਮੀਲ ਪੱਥਰ ਸਥਾਪਿਤ ਕਰਦੇ ਗਏ।
ਆਪ ਜੀ ਦੀ ਦਲੇਰੀ, ਜੁਅਰੱਤ ਅਤੇ ਸੱਚ ਦੇ ਮੁੱਦਈ ਹੋਣ ਕਰਕੇ ਆਪ ਜੀ ਨੂੰ ਪੰਥ ਵਿਰੋਧੀਆਂ ਅਤੇ ਸਮਾਜ ਵਿਰੋਧੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇੱਥੋਂ ਤੱਕ ਕਿ ਆਪ ਜੀ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਕੇ ਅਖੌਤੀ ਹੁਕਮਨਾਮੇ ਵੀ ਜਾਰੀ ਕਰਵਾਏ ਗਏ ਅਤੇ ਖਾਲਸਾ ਅਖਬਾਰ ਬੰਦ ਕਰਵਾਉਣ ਲਈ ਅਤੇ ਆਪ ਜੀ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਅਦਾਲਤੀ ਮੁੱਕਦਮੇ ਵੀ ਆਪ ਵਿਰੁੱਧ ਚਲਾਏ ਗਏ। ਇਸ ਸਭ ਦੇ ਬਾਵਜੂਦ ਆਪ ਜੀ ਕਦੇ ਨਾ ਡੋਲੇ ਅਤੇ ਆਪ ਸਮੇਂ ‘ਤੇ ਚੱਲ ਰਹੇ ਹਰ ਮੁੱਦੇ ਅਤੇ ਹਰ ਵਿਸ਼ੇ ਉੱਤੇ ਖੁੱਲ ਕੇ ਵਿਚਾਰ ਦਿੰਦੇ ਸਨ, ਭਾਵੇਂ ਉਹ ਧਰਮ ਨਾਲ ਜੁੜਿਆ ਹੁੰਦਾ ਸੀ,ਰਾਜਨੀਤੀ ਨਾਲ ਜਾਂ ਫਿਰ ਸਮਾਜ ਦੇ ਕਿਸੇ ਵੀ ਵਰਗ/ਹਿੱਸੇ ਨਾਲ ਜੁੜਿਆ ਹੁੰਦਾ ਸੀ,ਆਪ ਆਪਣੀ ਗੱਲ ਬੜੇ ਸਪੱਸ਼ਟ ਲਫਜ਼ਾਂ ਵਿੱਚ ਲੋਕਾਂ ਸਾਹਮਣੇ ਰੱਖਦੇ ਸਨ ਅਤੇ ਉਹਨਾਂ ਨੂੰ ਸੁਚੇਤ ਕਰਦੇ ਸਨ।
ਹਰ ਚਲੰਤ ਮਸਲੇ ਤੋਂ ਬਿਨ੍ਹਾਂ ਆਪ ਜੀ ਨੇ ਗੁਰੂ ਇਤਿਹਾਸ, ਗੁਰੂ ਕਾਲ ਦੇ ਪ੍ਰਸੰਗਾਂ, ਸ਼ਹੀਦੀ ਪ੍ਰਸੰਗਾਂ/ਸਾਕਿਆਂ, ਸਿੱਖ ਸ਼ਹਾਦਤਾਂ, ਗੁਰਬਾਣੀ ਅਰਥਾਂ ਅਤੇ ਗੁਰਬਾਣੀ ਵਿਆਖਿਆ ਉੱਤੇ ਵੀ ਆਪਣੀ ਕਲਮ ਖੂਬ ਚਲਾਈ। ਕਾਵਿ ਰੂਪ ਵਿਚ ਲਿਖੀਆਂ ਆਪ ਜੀ ਦੀਆਂ ਲਿਖਤਾਂ ਅੱਜ ਵੀ ਕਾਵਿ ਰੂਪ ਦੇ ਕਈ ਭੇਦਾਂ ਨੂੰ ਖੋਲਣ ਦੇ ਨਾਲ ਆਪਣੇ ਅੰਦਰ ਸਾਹਿਤ ਦਾ ਸਮੁਦੰਰ ਸਮੋਈ ਬੈਠੀਆਂ ਹਨ।
ਆਪ ਜੀ ਦੀਆਂ ਬਹੁਤ ਸਾਰੀਆਂ ਰਚਨਾਵਾਂ ਅਣਛਪਈਆਂ ਪਈਆਂ ਵੀ ਮੰਨੀਆਂ ਜਾਂਦੀਆਂ ਹਨ ਅਤੇ ਕਾਫੀ ਰਚਨਾਵਾਂ ਕੁੱਝ ਸਿੱਖ ਸੰਸਥਾਂਵਾਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਛਾਪੀਆਂ ਗਈਆਂ ਹਨ।
ਸਾਰੀ ਜਿੰਦਗੀ ਪੰਥ, ਕੌਮ ਅਤੇ ਮਾਨਵਤਾ ਨੂੰ ਸਮਰਪਤ ਕਰਦੇ ਹੋਏ ਪ੍ਰਮਾਤਮਾ ਵੱਲੋਂ ਬਖਸ਼ੇ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਭੋਗ ਕੇ, ਰੱਬੀ ਹੁਕਮਾਂ ਅਨੁਸਾਰ ਮਿਤੀ 6 ਸਤੰਬਰ,1901 ਨੂੰ ਆਪ ਇਸ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ ਅਤੇ ਕੌਮ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਆਪ ਜੀ ਦੇ ਦੇਹਾਂਤ ਮੌਕੇ ਭਾਈ ਵੀਰ ਸਿੰਘ ਜੀ ਨੇ ਆਪਣੇ ਪਰਚੇ ਵਿੱਚ ਲਿਖੇ ਲੇਖ ਨੂੰ ਸਿਰਲੇਖ ਦਿੱਤਾ ਸੀ, ‘ਕੌਮ ਲੁੱਟੀ ਗਈ’।
ਇਸ ਮਹਾਨ ਸਖਸ਼ੀਅਤ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆਪਣੇ ਮਨਾਂ ਅੰਦਰ ਫੈਲੇ ਕਰਮ ਕਾਂਡਾਂ ਅਤੇ ਅੰਧ ਵਿਸ਼ਵਾਸ਼ਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਗਿਆਨ ਦੇ ਦੀਵੇ ਬਾਲੀਏ।
ਮਹਾਨ ਸਿੱਖ ਵਿਦਵਾਨ ਤੇ ਪ੍ਰੋਫੈਸਰ ਗਿਆਨੀ ਦਿੱਤ ਸਿੰਘ ਜੀ ਨੂੰ ਸਲਾਮ ਹੈ ਜ਼ੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।