ਗੁਰਦਵਾਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਤੇ ਇਸਦਾ ਇਤਿਹਾਸ:

*4 ਸਤੰਬਰ,1926

ਵਿਧਾਨਕ ਤੌਰ ਤੇ ਹੋਂਦ ਵਿਚ ਆਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਦੀ ਪਹਿਲੀ ਮੀਟਿੰਗ ਟਾਊਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ।

First meeting of the elected members of the statutory S.G.P.C. was held in Town Hall, Sri Amritsar Sahib in 1926.

ਗੁਰਦਵਾਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਤੇ ਇਸਦਾ ਇਤਿਹਾਸ:-

20 ਫ਼ਰਵਰੀ,1921 ਨੂੰ, ਸ੍ਰੀ ਨਨਕਾਣਾ ਸਾਹਿਬ ਦੇ ਕਤਲੇਆਮ(ਸਾਕਾ ਨਨਕਾਣਾ ਸਾਹਿਬ) ਤੋਂ ਬਾਅਦ,ਬਰਤਾਨੀਆ ਸਰਕਾਰ ਵਲੋਂ ਗੁਰਦੁਆਰਿਆਂ ਵਾਸਤੇ ਇਕ ਕਮੇਟੀ ਬਣਾਉਣ ਸਬੰਧੀ 14 ਮਾਰਚ,1921 ਨੂੰ ਮੀਆਂ ਫ਼ਜ਼ਲੀ ਹੁਸੈਨ ਨੇ ਪੰਜਾਬ ਕੌਂਸਲ ਵਿਚ ਇਕ ਮਤਾ ਪੇਸ਼ ਕੀਤਾ, ਜਿਸ ਵਿੱਚ ਸੂਬੇ ਦੇ ਧਰਮ ਅਸਥਾਨਾਂ ਦੇ ਪ੍ਰਬੰਧ ਲਈ ਸਰਕਾਰ ਨੂੰ ਇਕ ਬਿਲ ਬਣਾਉਣ ਦੀ ਅਪੀਲ ਕੀਤੀ ਤੇ ਗਵਰਨਰ ਜਨਰਲ ਨੂੰ ਕਿਹਾ ਕਿ ਇਕ ਆਰਡੀਨੈਂਸ ਜਾਰੀ ਕਰੇ ਜਿਸ ਰਾਹੀਂ ਧਰਮ ਅਸਥਾਨਾਂ ਦੇ ਪ੍ਰਬੰਧ ਨੂੰ ਠੀਕ ਕੀਤਾ ਜਾ ਸਕੇ। ਹਿੰਦੂ ਤੇ ਮੁਸਲਿਮ ਮੈਂਬਰਾਂ ਨੇ ਵੀ ਉਹਨਾਂ ਨੂੰ ਇਸਦਾ ਮੈਂਬਰ ਬਣਾਏ ਜਾਣ ਦੀ ਮੰਗ ਕੀਤੀ ਤਾਂ ਸਿੱਖ ਮੈਂਬਰਾਂ ਨੇ ਇਸ ਦੀ ਵਿਰੋਧਤਾ ਕੀਤੀ ਤੇ ਵੋਟ ਨਾ ਪਾਈ।ਗ਼ੈਰ-ਸਿੱਖ ਵੋਟਾਂ ਨਾਲ ਮਤਾ ਪਾਸ ਹੋ ਗਿਆ।

ਅਪ੍ਰੈਲ,1921 ਵਿਚ ਫ਼ਜ਼ਲੀ ਹੁਸੈਨ ਨੇ ਇਕ ਗੁਰਦੁਆਰਾ ਬਿਲ ਪੰਜਾਬ ਕੌਂਸਲ ਵਿਚ ਪੇਸ਼ ਕੀਤਾ।ਜਿਸ ਅਨੁਸਾਰ ਸਰਕਾਰ ਵਲੋਂ ਗੁਰਦੁਆਰੇ ਦੇ ਪੁਜਾਰੀ ਜਾਂ ਜਾਇਦਾਦ ਸਬੰਧੀ ਪੜਤਾਲ ਕਰਨ ‘ਤੇ ਉਸਨੂੰ ਗੁਰਦੁਆਰਾ ਕਰਾਰ ਦਿਤਾ ਜਾਵੇਗਾ ਜਾਂ ਝਗੜੇ ਵਾਲੀ ਥਾਂ ਮੰਨਿਆ ਜਾਵੇਗਾ ਤੇ ਬੋਰਡ ਦਾ ਖ਼ਰਚ ਗੁਰਦੁਆਰਿਆਂ ‘ਚੋਂ ਹੋਵੇਗਾ।

ਸਿੱਖ ਮੈਂਬਰਾਂ ਵੱਲੋ ਵਿਰੋਧਤਾ ਕੀਤੀ ਜਾਣ ਤੇ ਇਹ ਬਿਲ ਸਿਲੈਕਟ ਕਮੇਟੀ ਨੂੰ ਦੇ ਦਿਤਾ ਗਿਆ।ਕਮੇਟੀ ਮੈਂਬਰਾਂ ਨੇ ਨੋਟ ਲਿਖਵਾਇਆ ਕਿ:-

‘ਸਿੱਖ ਗੁਰਦੁਆਰਾ ਉਹ ਥਾਂ ਹੈ ਜਿਥੇ ਸਿੱਖਾਂ ਦਾ ਕਬਜ਼ਾ ਹੈ ਜਾਂ ਗੁਰੂਆਂ ਦੀ ਥਾਂ ਹੈ,ਨਾ ਕਿ ਉਹ ਜਿਸ ਨੂੰ ਕਿ ਕਮਿਸ਼ਨ ਮਨਜ਼ੂਰ ਕਰੇ। ਗੁਰਦੁਆਰਾ ਬੋਰਡ, ਸਿੱਖ ਮੈਂਬਰਾਂ ਦੀ ਮਰਜ਼ੀ ਨਾਲ ਚੁਣਿਆ ਜਾਵੇ ਤੇ ਖ਼ਰਚ ਗੁਰਦੁਆਰਾ ਫ਼ੰਡ ‘ਚੋਂ ਨਾ ਹੋਵੇ’।

11 ਅਪ੍ਰੈਲ,1921 ਨੂੰ ਸ਼੍ਰੋਮਣੀ ਕਮੇਟੀ ਨੇ ਇਸ ਬਿਲ ਨੂੰ ਨਾ-ਤਸੱਲੀਬਖ਼ਸ਼ ਕਰਾਰ ਦੇ ਦਿਤਾ।

16 ਅਪ੍ਰੈਲ ਨੂੰ ਬਿਲ ਫਿਰ ਪੇਸ਼ ਹੋ ਕੇ 9 ਮਈ,1921 ਤਕ ਮੁਲਤਵੀ ਹੋ ਗਿਆ।

23 ਅਪ੍ਰੈਲ,1921 ਨੂੰ ਸਰਕਾਰ ਵਲੋਂ ਸੱਦੀ ਕਾਨਫ਼ਰੰਸ ਵਿਚ ਲਾਲਾ ਗਨਪਤ ਰਾਏ ਤੇ ਰਾਜਾ ਨਰਿੰਦਰ ਨਾਥ,ਮਹੰਤਾਂ ਦੇ ਨੁਮਾਇੰਦਿਆਂ ਤੇ ਵਕੀਲਾਂ ਵਜੋਂ ਸ਼ਾਮਲ ਹੋਏ।ਇਸ ਤੋਂ ਇਲਾਵਾ ਕਈ ਕੌਂਸਲਰ, ਵਜ਼ੀਰ ਤੇ ਹੋਰ ਮੁਖੀ ਵੀ ਹਾਜ਼ਰ ਸਨ।

ਸਿੱਖਾਂ ਨੇ ਸਭ ਨੂੰ ਤਿੰਨ ਗੱਲਾਂ ‘ਤੇ ਸਹਿਮਤ ਕਰ ਲਿਆ:-

1.ਚੰਗੇ ਇਖ਼ਲਾਕ ਵਾਲਾ ਮਹੰਤ ਹੀ ਗੁਰਦੁਆਰੇ ‘ਚ ਰਹੇ।

2.ਗੁਰਦੁਆਰਾ ਪ੍ਰਬੰਧ ਲਈ ਇਕ ਪੰਥਕ ਕਮੇਟੀ ਬਣੇ।

3.ਆਮਦਨ ਖ਼ਰਚ ਦਾ ਹਿਸਾਬ ਪਬਲਿਕ ਨੂੰ ਦਿਤਾ ਜਾਵੇ।

ਇਸ ਬਿੱਲ ਸਬੰਧੀ ਦੂਜੀ ਮੀਟਿੰਗ 26 ਅਪ੍ਰੈਲ ਨੂੰ ਹੋਈ ਤੇ ਇਸ ਵਿਚ ਮਹੰਤਾਂ ਦੇ ਨੁਮਾਇੰਦਿਆਂ ਨੇ 1920 ਵਾਲੀ ਮਰਿਆਦਾ

ਜਿਸ ਵਿਚ

1.ਗੁਰਦੁਆਰਾ ਬੋਰਡ ਦੇ ਦੋ-ਤਿਹਾਈ ਮੈਂਬਰ ਸਿੱਖ ਤੇ ਬਾਕੀ ਦੂਜੇ ਧਰਮਾਂ ਚੋ ਹੋਣ

2.ਪ੍ਰਧਾਨ ਸਰਕਾਰ ਹੀ ਬਣਾਵੇ ਤੇ

3.ਕੋਈ ਯੂਰਪੀਨ ਹੀ ਪ੍ਰਧਾਨ ਹੋਵੇ ਇਸ ਸਰਤਾਂ ਸਨ )

ਜਾਰੀ ਰੱਖਣ ਦੀ ਮੰਗ ਕੀਤੀ। ਇਨ੍ਹਾਂ ਕਾਰਨਾਂ ਕਰ ਕੇ ਇਹ ਮੀਟਿੰਗ ਵੀ ਫ਼ੇਲ੍ਹ ਹੋ ਗਈ।

7 ਨਵੰਬਰ,1922 ਨੂੰ ਫ਼ਜ਼ਲੀ ਹੁਸੈਨ ਨੇ ਨਵਾਂ ਗੁਰਦੁਆਰਾ ਬਿਲ ਪੰਜਾਬ ਕੌਂਸਲ ਵਿਚ ਪੇਸ਼ ਕੀਤਾ।ਪੰਜ ਸਿੱਖ ਮੈਂਬਰ ਇਸ ਬਿਲ ਬਣਾਉਣ ਵਾਲੀ ਕਮੇਟੀ ਚ ਸ਼ਾਮਲ ਸਨ ਜਿਸ ‘ਚੋਂ ਚਾਰ ਨੇ ਨਾਵਾਂ ਦਾ ਐਲਾਨ ਹੁੰਦਿਆਂ ਹੀ ਪੰਜਵੇਂ ਮੈਂਬਰ ਹਰਦਿਤ ਸਿੰਘ ਬੇਦੀ ਨੇ 5 ਨਵੰਬਰ,1922 ਨੂੰ ਅਸਤੀਫ਼ਾ ਦੇ ਦਿਤਾ ਸੀ। ਇਸ ਤਰ੍ਹਾਂ ਇਹ ਬਿਲ ਆਪਣੇ ਜਨਮ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ।

ਫਿਰ ਤੀਜੀ ਮੀਟਿੰਗ ਗੁਰਦੁਆਰਾ ਐਕਟ ਬਣਾਉਣ ਲਈ 25 ਨਵੰਬਰ,1924 ਨੂੰ ਪੰਜਾਬ ਕੌਂਸਲ ਦੇ ਸਿੱਖ ਮੈਂਬਰਾਂ:-

ਜੋਧ ਸਿੰਘ, ਨਾਰਾਇਣ ਸਿੰਘ ਵਕੀਲ, ਤਾਰਾ ਸਿੰਘ ਮੋਗਾ,ਮੰਗਲ ਸਿੰਘ ਤੇ ਗੁਰਬਖ਼ਸ਼ ਸਿੰਘ ਅੰਬਾਲਾ

ਦੀ ਇਕ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਅੰਮ੍ਰਿਤਸਰ ਤੇ ਲਾਹੌਰ ਦੇ ਡਿਪਟੀ ਕਮਿਸ਼ਨਰਾਂ ਨਾਲ ਮਿਲ ਕੇ ਗੁਰਦੁਆਰਾ ਐਕਟ ਬਨਾਉਣਾ ਸੀ। ਇਨ੍ਹਾਂ ਨੂੰ ਮਦਦ ਲਈ ਦੋ ਕਾਨੂੰਨਦਾਨ ਕੰਵਰ ਦਲੀਪ ਸਿੰਘ ਬੈਰਿਸਟਰ ਤੇ ਮਿਸਟਰ ਬੀਜ਼ਲੇ ਦਿਤੇ ਗਏ।

ਇਸ ਗੁਰਦੁਆਰਾ ਬਿਲ ਦੇ ਅਹਿਮ ਨੁਕਤੇ ਸਨ:- 1.ਸਿੱਖ ਗੁਰਦੁਆਰੇ ਕਿਹੜੇ ਹਨ?

2.ਉਨ੍ਹਾਂ ਦੀ ਜਾਇਦਾਦ ਕਿਹੜੀ ਹੈ?

3.ਇਸ ਇੰਤਜ਼ਾਮ ਦੀ ਤਬਦੀਲੀ ਨਾਲ ਜਿਨ੍ਹਾਂ ਨੂੰ ਨੁਕਸਾਨ ਹੋਣਾ ਹੈ, ਉਨ੍ਹਾਂ ਨੂੰ ਮੁਆਵਜ਼ਾ ਕਿੰਨਾ ਤੇ ਕਿਵੇਂ ਦੇਣਾ ਹੈ?

4.ਇਨ੍ਹਾਂ ਗੁਰਦੁਆਰਿਆਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇਗਾ ਤੇ ਕੌਣ ਕਰੇਗਾ?

29 ਨਵੰਬਰ,1924 ਤੋਂ 21 ਜਨਵਰੀ,1925 ਤੱਕ ਕਈ ਮੀਟਿੰਗਾਂ ਤੋਂ ਬਾਅਦ ਬਿਲ ਦਾ ਖਰੜਾ ਛਾਪ ਦਿਤਾ ਗਿਆ।ਇਸ ਬਿਲ ਸਬੰਧੀ ਜੋ ਵੀ ਖਰੜਾ ਬਣਦਾ ਉਹ ਲਾਹੌਰ ਕਿਲ੍ਹੇ ਵਿਚ ਕੈਦ ਅਕਾਲੀ ਆਗੂਆਂ(ਉਸ ਵੇਲੇ ਦੇ)ਨੂੰ ਉਸ ਦੀਆਂ ਕਾਪੀਆਂ ਪਹੁੰਚ ਜਾਂਦੀਆਂ ਸਨ।

ਇਨ੍ਹਾਂ ਮੀਟਿੰਗਾਂ ਵਿਚ ਉਪਰੋਕਤ ਨੁਕਤਿਆਂ ਸਬੰਧੀ ਬਹੁਤ ਵਿਚਾਰਾਂ ਹੋਈਆਂ।ਇਸ ਐਕਟ ਹੇਠ ਪਹਿਲੀ ਲਿਸਟ ਵਿਚ 241 ਗੁਰਦੁਆਰੇ ਸਨ:-

64 ਪੂਰਬੀ ਪੰਜਾਬ (ਭਾਰਤ)ਤੇ 177 ਪਛਮੀ ਪੰਜਾਬ (ਪਾਕਿਸਤਾਨ) ਦੇ।

116 ਅਖਾੜੇ ਤੇ ਡੇਰੇ ਵਗ਼ੈਰਾ ਦੂਜੀ ਸੂਚੀ ਵਿਚ ਸਨ।ਜਿਨ੍ਹਾਂ ਨੂੰ ਗੁਰਦੁਆਰੇ ਨਹੀਂ ਸੀ ਮੰਨਿਆ ਗਿਆ। ਕੋਈ ਵੀ 50 ਸਿੱਖ,ਕਿਸੇ ਵੀ ਗੁਰਦੁਆਰੇ ਨੂੰ ਇਸ ਕਮੇਟੀ ਨੂੰ ਦੇਣ ਦਾ ਮਤਾ ਪੇਸ਼ ਕਰ ਸਕਦੇ ਸਨ।

ਇਸ ਐਕਟ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਸਿੱਖ ਬੀਬੀਆਂ ਨੂੰ ਵੋਟ ਦਾ ਹੱਕ ਹਾਸਲ ਹੋ ਗਿਆ।

ਐਕਟ ਵਿਚ ਇਹ ਵੀ ਖੁਲ੍ਹ ਸੀ ਕਿ ਇਹ ਸੈਂਟਰਲ ਬੋਰਡ ਚਾਹੇ ਤਾਂ ਅਪਣਾ ਕੋਈ ਵੀ ਨਾਂ ਰੱਖ ਸਕਦਾ ਹੈ। ਇਹ ਇਸੇ ਕਾਰਨ ਮੰਨਿਆ ਗਿਆ ਸੀ ਕਿਉਂਕਿ ਉਸ ਸਮੇ ਦੇ ਅਕਾਲੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਹੀ ਰਖਣਾ ਚਾਹੁੰਦੇ ਸਨ।

21 ਜਨਵਰੀ,1925 ਨੂੰ ਇਸ ਬਿਲ ਦੇ ਖਰੜੇ ਦੇ ਪ੍ਰਕਾਸ਼ਤ ਹੋਣ ‘ਤੇ ਸ਼੍ਰੋਮਣੀ ਕਮੇਟੀ ਨੇ 1 ਮਾਰਚ,1925 ਨੂੰ ਕਮੇਟੀ ਦੀ ਮੀਟਿੰਗ ਸੱਦ ਲਈ ਪਰ ਸਰਕਾਰ ਨੇ ਸਾਰੀ ਡਾਕ ਰੋਕ ਲਈ।

ਦੁਬਾਰਾ ਮੀਟਿੰਗ ਬੁਲਾਈ ਗਈ ਤੇ ਇਹ ਬਿਲ 27 ਅਪ੍ਰੈਲ,1925 ਦੇ ਜਨਰਲ ਹਾਊਸ ਵਿਚ ਰਖਿਆ ਗਿਆ। ਇਸ ਦਿਨ ਸ਼੍ਰੋ: ਗੁ: ਪ੍ਰ: ਕਮੇਟੀ ਨੇ ਵੀ ਇਹ ਬਿਲ ਪਾਸ ਕਰ ਦਿਤਾ,ਪਰ ਉਸ ਸਮੇ ਦੀ ਸ਼੍ਰੋਮਣੀ ਕਮੇਟੀ ਨੇ ਹੇਠ ਲਿਖੀਆਂ ਤਰਮੀਮਾਂ ਪੇਸ਼ ਕੀਤੀਆਂ:

1.ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਵੀ ਸ਼੍ਰੋਮਣੀ ਕਮੇਟੀ ਕੋਲ ਹੋਣ।

2.ਔਰਤਾਂ ਨੂੰ ਵੀ ਵੋਟ ਦਾ ਹੱਕ ਹੋਵੇ।

3.ਗੁਰਦੁਆਰਾ ਆਮਦਨ ਨੂੰ ਧਰਮ, ਵਿਦਿਆ ਤੇ ਦਾਨ ਲਈ ਖ਼ਰਚ ਕੀਤਾ ਜਾਵੇ।

ਇੰਜ ਸ਼੍ਰੋਮਣੀ ਕਮੇਟੀ ਨੇ ਇਕ ਤਰ੍ਹਾਂ ਨਾਲ ਇਹ ਬਿਲ ਮਨਜ਼ੂਰ ਕਰ ਲਿਆ।

7 ਮਈ,1925 ਨੂੰ ਇਹ ਬਿਲ ਸਿਲੈਕਟ ਕਮੇਟੀ ਨੂੰ ਦਿਤਾ ਗਿਆ ਤੇ 2 ਮਹੀਨੇ ਪਿੱਛੋਂ,

28 ਜੁਲਾਈ,1925 ਦੇ ਦਿਨ ਗਵਰਨਰ ਵਲੋਂ ਦਸਤਖ਼ਤ ਕਰਨ ‘ਤੇ ਇਹ ਬਿੱਲ ਸਿੱਖ ਗੁਰਦਵਾਰਾ ਐਕਟ ਬਣ ਗਿਆ।

ਗੁਰਦੁਆਰਾ ਐਕਟ ਦੇ ਪਾਸ ਹੋ ਜਾਣ ਦੇ ਮਗਰੋਂ ਗਿਰਫ਼ਤਾਰ ਕੀਤੇ ਸਿੱਖਾਂ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਣੇ 20 ਸਿੱਖ ਆਗੂਆਂ ਦੇ ਹਕੂਮਤ ਦੀਆਂ ਸ਼ਰਤਾਂ ਮੰਨ ਕੇ ਰਿਹਾਅ ਹੋ ਜਾਣ ਨਾਲ ਇਹ ਮੁਕੱਦਮਾ ਕਮਜ਼ੋਰ ਹੋ ਗਿਆ ਅਤੇ ਅੰਗਰੇਜ਼ ਹਕੂਮਤ ਨੇ 27 ਸਤੰਬਰ,1926 ਨੂੰ ਸਰਦਾਰ ਰਾਏ ਸਿੰਘ, ਸਰਦਾਰ ਸਰਮੁਖ ਸਿੰਘ ਅਤੇ ਬਾਕੀ ਸਿੱਖ ਆਗੂਆਂ ਨੂੰ ਵੀ ਰਿਹਾਅ ਕਰ ਦਿੱਤਾ।

ਇੰਝ ਸ਼ਰਤਾਂ ਮੰਨ ਕੇ ਆਏ ਇਨ੍ਹਾਂ ਅਕਾਲੀਆਂ ਜਾਂ ਸਿੱਖ ਆਗੂਆਂ ਨੂੰ “ਲਿੱਦ ਕਰ ਆਏ”  ਤਕ ਦੇ ਤਾਅਨੇ ਸੁਣਨੇ ਪਏ। *ਬੁਜ਼ਦਿਲ,ਡਰਪੋਕ ਅਤੇ ਕਈ ਹੋਰ ਇਸ ਤਰ੍ਹਾਂ ਦੇ ਖਿਤਾਬਾਂ” ਦੇ ਨਾਲ ਵੀ ਨਿਵਾਜਿਆ ਗਿਆ।

ਇੰਝ ਇਸ ਬਿਨਾਹ ਤੇ ਅੰਗ੍ਰੇਜ਼ ਹਕੂਮਤ ਸਿੱਖਾਂ ਵਿਚਲੀ ਅਕਾਲੀ ਲੀਡਰਸ਼ਿਪ ਵਿਚ ਫੁੱਟ ਪਾਉਣ ਦੇ ਵਿੱਚ ਸਫਲ ਹੋ ਗਈ।

17 ਜੁਲਾਈ, 1926 ਵਾਲੇ ਦਿਨ,ਲਾਹੌਰ ਕਿਲ੍ਹੇ ਵਿੱਚ ਨਜਰਬੰਦ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਚੜਾਈ ਕਰ ਗਏ।ਉਨ੍ਹਾਂ ਨੇ ਗੋਰਿਆਂ ਦੀ ਸ਼ਰਤ ਨਹੀਂ ਸੀ ਮਨੀ ਇਸ ਕਰ ਕੇ ਸਿੱਖਾਂ ਦੇ ਦਿਲਾਂ ਵਿੱਚ ਆਪ ਦਾ ਬਹੁਤ ਸਨਮਾਨ ਸੀ,

ਉਨ੍ਹਾਂ ਵਲੋਂ ਸੰਸਾਰ ਨੂੰ ਅਲਵਿਦਾ ਕਹਿ ਦੇਣ ਤੋਂ ਮਗਰੋਂ ਜੇਲ੍ਹ ਵਿਚ ਹੀ ਮਾਸਟਰ ਤਾਰਾ ਸਿੰਘ ਨੂੰ ਸਿੱਖਾਂ ਦੀ ਅਗਵਾਈ ਦੇ ਲਈ ਅਕਾਲੀ ਗਰੁੱਪ ਵਲੋਂ ਆਪਣਾ ਅਗਲਾ ਨੇਤਾ ਚੁਣ ਲਿਆ।

4 ਸਤੰਬਰ, 1926 ਵਾਲੇ ਦਿਨ ਸੈਂਟਰਲ ਬੋਰਡ ਦੀ ਪਹਿਲੀ ਮੀਟਿੰਗ, ਟਾਊਨ ਹਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ। ਗੁਰਦੁਆਰਾ ਐਕਟ ਦੇ ਮੁਤਾਬਕ ਇਹ ਮੀਟਿੰਗ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿਚ ਹੋਈ।

ਇੰਜ ਇਥੇ ਸੈਂਟਰਲ ਬੋਰਡ ਦੇ ਅਹੁਦੇਦਾਰਾਂ ਦੀ ਪਹਿਲੀ ਚੋਣ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਹੋਈ ਅਤੇ ਸ਼੍ਰੋਮਣੀ ਅਕਾਲੀ ਪਾਰਟੀ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਸਰਦਾਰ ਮੰਗਲ ਸਿੰਘ ਸਨ ਜਦੋਂ ਕਿ ਸਰਦਾਰ ਜੋਗਿੰਦਰ ਸਿੰਘ ਵਕੀਲ ਰਾਏਪੁਰ, ਸਰਦਾਰ ਬਹਾਦਰ ਮਹਿਤਾਬ ਸਿੰਘ ਪਾਰਟੀ ਦੇ ਉਮੀਦਵਾਰ ਸਨ।ਸਰਦਾਰ ਮੰਗਲ ਸਿੰਘ, 53 ਦੇ ਮੁਕਾਬਲੇ 82 ਵੋਟਾਂ ਨਾਲ ਚੁਣ ਜਿੱਤ ਗਏ।

27 ਸਤੰਬਰ, 1926 ਵਾਲੇ ਦਿਨ, ਲਾਹੌਰ ਕਿਲ੍ਹੇ ਦੇ ਬਾਕੀ ਦੇ ਸਾਰੇ ਅਕਾਲੀ ਲੀਡਰਾਂ ਨੂੰ ਵੀ ਰਿਹਾਅ ਕਰ ਦਿੱਤਾ।

ਇਸ ਤਰਾਂ ਇਸ ਐਕਟ ਅਨੁਸਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵਿਧਾਨਕ ਤੌਰ ਤੇ ਪਹਿਲੀ ਚੋਣ ਹੋਈ ਅਤੇ ਇਸ ਤਰਾਂ ਚੁਣੇ ਹੋਏ ਮੈਬਰਾਂ ਦੀ ਸਭ ਤੋਂ ਪਹਿਲੀ ਮੀਟਿੰਗ 4 ਸਤੰਬਰ,1926 ਨੂੰ ਟਾਊਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸੀ।

190 Views