8️⃣ ਸਤੰਬਰ,1688 ਭੰਗਾਣੀ ਦਾ ਯੁਧ
ਸ਼ੁਕਰਵਾਰ ਵਾਲੇ ਦਿਨ ਹੋਇਆ।ਭੰਗਾਣੀ ਦਾ ਯੁੱਧ ( ਗੁਰੂ ਗੋਬਿੰਦ ਸਿੰਘ ਜੀ)
The battle of Bhangani (near Paonta Sahib) was fought between the armies of Guru Gobind Singh Ji and those of the Hill Rajas. The Sikhs came out victorious. In this battle Pir Budhu Shah ji of Sadhaura alongwith his sons and his seven hundred disciples took part.
ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ ।
ਇਨ੍ਹਾਂ ਜੰਗਾਂ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਮੁੱਖ ਅਸੂਲਾਂ ਵਿੱਚੋਂ ਇਕ ਇਹ ਵੀ ਹੈ ਕਿ ਨੀਚ-ਊਚ ਦ ਵਿਤਕਰਾ ਸਮਾਜ ਵਿੱਚੋਂ ਖਤਮ ਕਰ ਕੇ ਕੇਵਲ ਇਕੋ ਮਨੁਖਤਾ ਦੇ ਅਸੂਲ ਨੂੰ ਦ੍ਰਿੜ ਕਰਵਾਉਣਾ ਹੈ। ਪਰ ਇਹ ਅਸੂਲ ਓਹਨਾ ਹਿੰਦੂਆਂ ਦੇ ਧਰਮ ਦੇ ਵਿਰੁਧ ਜਾਂਦਾ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁਖਾਂ ਨੂੰ ਪ੍ਰਭਾਵਤ ਕੀਤਾ,ਤਦ ਤੋਂ ਹੀ ਓਸ ਵੇਲੇ ਦੇ ਬ੍ਰਾਹਮਣ ਸ਼ਰੇਣੀ ਤੇ ਰਾਜਪੂਤ ਹਿੰਦੂ ਰਜਿਆਂ ਨੇ ਸਿੱਖ ਸੰਸਥਾ ਉਤੇ ਵਾਰ ਕਰਨੇ ਸੁਰੂ ਕਰ ਦਿੱਤੇ ਸਨ। ਇਹ ਟੱਕਰ, ਦਸਵੇਂ ਗੁਰੂ ਸਾਹਿਬ ਦੇ ਸਮੇਂ ਆਪਣੀ ਅੰਤਮ ਮੰਜ਼ਿਲ ਤੇ ਪਹੁੰਚ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਅਤੇ ਉਹ ਟਾਕਰੇ ਲਈ ਪੂਰੀ ਤਿਆਰੀ ਕਰ ਰਹੇ ਸਨ। ਹਜਾਰਾਂ ਸਿੱਖ, ਘੋੜ-ਸਵਾਰੀ ਅਤੇ ਸ਼ਸ਼ਤਰ ਵਿਦਿਆ ਲੇ ਕੇ ਤਿਆਰ ਹੋ ਚੁਕੇ ਸਨ। ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਿਕਾਰ ਤੇ ਚੜ੍ਹਨਾ ਅਤੇ ਵੱਡੇ-ਵੱਡੇ ਰਾਜਿਆਂ ਦਾ ਗੁਰੂ ਘਰ ਤੇ ਸ਼ਰਧਾ ਰੱਖਣਾ ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ।
ਇਨ੍ਹੀ ਦਿਨੀਂ ਪੂਰਬੀ ਬੰਗਾਲ ਦੇ ਸ਼ਹਿਰ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਆਇਆ ਅਤੇ ਸ਼ਰਧਾ ਵਜੋਂ ਕੁਝ ਕੀਮਤੀ ਤੌਹਫੇ ਲਿਆਇਆ ਜਿਵੇਂ ਕਿ ਪ੍ਰਸਾਦੀ ਹਾਥੀ, ਪੰਚ-ਕਲਾ ਸ਼ਸਤ੍ਰ, ਅਤੇ ਘੋੜੇ ਆਦਿ।
ਅਨੰਦਪੁਰ ਸਾਹਿਬ, ਰਿਆਸਤ ਕਹਿਲੂਰ ਵਿੱਚ ਪੈਂਦਾ ਸੀ, ਜਿਥੋਂ ਦਾ ਰਾਜਾ ਭੀਮ ਚੰਦ ਸੀ ਅਤੇ ਇਸ ਦੀ ਰਾਜਧਾਨੀ ਬਿਲਾਸਪੁਰ ਸੀ। ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦੀ ਕੁੜਮਾਈ ਫ਼ਤੇਹ ਸ਼ਾਹ ਦੀ ਲੜਕੀ ਨਾਲ ਹੋ ਗਈ। ਫ਼ਤੇਹ ਸ਼ਾਹ, ਸ੍ਰੀ ਨਗਰ, ਗੜ੍ਹਵਾਲ ਦਾ ਰਾਜਾ ਸੀ ਅਤੇ ਗੁਰੂ ਘਰ ਨਾਲ ਹਿੱਤ ਰਖਦਾ ਸੀ। ਇਸ ਮੌਕੇ ਤੇ ਭੀਮ ਚੰਦ ਨੇ ਗੁਰੂ ਸਾਹਿਬ ਪਾਸੋਂ ਤੋਹਫੇ ਠੱਗਣ ਦਾ ਪਾਜ ਬਣਾਇਆ ਕਿ ਕੁੜਮਾਈ ਦੇ ਮੌਕੇ ਤੇ ਪਰਸਾਦੀ ਹਾਥੀ, ਪੰਚ-ਕਲਾ ਸ਼ਸ਼ਤ੍ਰ ਅਤੇ ਘੋੜੇ ਸ਼ਾਮਿਆਨੇ ਕੁਝ ਦਿਨਾਂ ਲਈ ਮੰਗੇ ਜਾਣ ਤੇ ਫਿਰ ਵਾਪਸ ਨਾ ਕੀਤੇ ਜਾਣ। ਪਰ ਗੁਰੂ ਸਾਹਿਬ ਨੇ ਸਾਫ ਨਾਂਹ ਕਰ ਦਿੱਤੀ, ਕਿਉਂਕਿ ਉਹ ਇਸ ਦੀ ਬੇਈਮਾਨੀ ਨੂੰ ਸਮਝਦੇ ਸਨ। ਇਸ ਉਪਰੰਤ ਭੀਮ ਚੰਦ ਅੰਦਰੋਂ-ਅੰਦਰ ਸੜਦਾ ਰਹਿੰਦਾ ਸੀ ਅਤੇ ਮੌਕੇ ਦੀ ਭਾਲ ਵਿੱਚ ਸੀ ਕਿ ਕਿਵੇਂ ਗੁਰੂ ਘਰ ਨੂੰ ਤਬਾਹ ਕੀਤਾ ਜਾਵੇ।
ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਇਲਾਕੇ ਵਿੱਚ ਪਰਚਾਰ ਦੌਰੇ ਤੇ ਨਿਕਲੇ ਅਤੇ ਨਿਕੀਆਂ-ਨਿਕੀਆਂ ਪਹਾੜੀਆਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪਰਚਾਰ ਕਰਦੇ, ਵਿਸਾਖੀ ਦੇ ਮੌਕੇ ਤੇ ਰਵਾਲਸਰ ਪਹੁੰਚੇ। ਇਸੇ ਵਿਸਾਖੀ ਦੇ ਮੇਲੇ ਤੇ ਸਿਰਮੌਰ ਦਾ ਰਾਜਾ, ਮੇਦਨੀ ਪ੍ਰਕਾਸ਼, ਗੁਰੂ ਸਹਿਬ ਦੇ ਗੁਰਮਤਿ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਉਸਦੀ ਰਿਆਸਤ ਵਿੱਚ ਕੁਝ ਸਮਾਂ ਠਹਿਰਨ ਅਤੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ। ਇਸ ਦੇ ਨਾਲ ਹੀ ਉਸ ਨੇ ਬੇਨਤੀ ਕੀਤੀ ਕਿ ਮੇਰੇ ਇਲਾਕੇ ਦਾ ਕੁਝ ਹਿੱਸਾ ਫਤੇਹ ਸ਼ਾਹ ਨੇ ਖੋਹ ਲਿਆ ਹੈ, ਉਹ ਕਿਸੇ ਤਰਾਂ ਵਾਪਸ ਕਰਵਾ ਦੇਵੋ। ਗੁਰੂ ਗੋਬਿੰਦ ਸਿੰਘ ਜੀ ਆਪਣੇ 52 ਕਵੀਆਂ, ਅਤੇ ਹੋਰ ਥੋੜੇ ਜਿਹੇ ਸਿੱਖਾਂ ਨਾਲ ਸੰਨ 1685 ਦੇ ਸ਼ੁਰੂ ਵਿੱਚ ਰਿਆਸਤ ਸਿਰਮੌਰ ਦੀ ਰਾਜਧਾਨੀ ਨਾਹਨ ਪਹੁੰਚੇ। ਸਭ ਤੋਂ ਪਹਿਲਾਂ ਗੁਰੂ ਜੀ ਨੇ ਰਾਜਾ ਫਤੇਹ ਸ਼ਾਹ ਨੂੰ ਬੁਲਾ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸਮਝੋਤਾ ਕਰਵਾਇਆ ਅਤੇ ਮੇਦਨੀ ਪ੍ਰਕਾਸ਼ ਦਾ ਸਾਰਾ ਇਲਾਕਾ ਵਾਪਸ ਕਰਵਾਇਆ। ਇਸ ਸਮੇਂ ਸਤਿਗੁਰਾਂ ਪਾਸ 500 ਦੇ ਕਰੀਬ ਸ਼ਸ਼ਤਰ-ਧਾਰੀ ਸਿੱਖ ਸਨ।
ਰਾਜਾ ਮੇਦਨੀ ਪ੍ਰਕਾਸ਼ ਦੀ ਇੱਛਾ ਸੀ ਕਿ ਗੁਰੂ ਜੀ ਉਸਦੀ ਰਿਆਸਤ ਵਿੱਚ ਕਾਫੀ ਸਮਾਂ ਟਿਕਣ, ਤਾਂਕਿ ਇਕ ਤਾਂ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਨਾਲ ਹੀ ਉਨ੍ਹਾਂ ਦੇ ਹੁੰਦਿਆਂ ਕਿਸੇ ਰਾਜੇ ਦੀ ਹਿੰਮਤ ਨਹੀਂ ਪਵੇਗੀ ਕਿ ਉਸਦੇ ਇਲਾਕੇ ਉਪਰ ਨਜ਼ਰ ਰੱਖ ਸਕੇ। ਰਾਜੇ ਨੇ ਸਤਿਗੁਰਾਂ ਦੇ ਨਿਵਾਸ ਲਈ ਜਮਨਾ ਕਿਨਾਰੇ ਇੱਕ ਸਥਾਨ ਦੀ ਪੇਸ਼ਕਸ਼ ਕੀਤੀ, ਜੋ ਗੁਰੂ ਜੀ ਨੇ ਪ੍ਰਵਾਨ ਕਰਕੇ, ਉਥੇ ਇੱਕ ਕਿਲ੍ਹਾ ਤਿਆਰ ਕਰਵਾਇਆ। ਇਸ ਅਸਥਾਨ ਦਾ ਨਾਮ ਪਾਉਂਟਾ ਸਾਹਿਬ ਰੱਖਿਆ ਗਿਆ, ਜਿਸ ਦਾ ਅਰਥ ਹੈ ‘ਪੈਰ ਰਖਣ ਦੀ ਥਾਂ’। ਇਥੇ ਹੀ ਕੁੰਜਪੁਰ, ਜ਼ਿਲਾ ਕਰਨਾਲ, ਦੇ 500 ਪਠਾਣ, ਪੀਰ ਬੁੱਧੂ ਸ਼ਾਹ ਦੀ ਸਿਫਾਰਸ਼ ਲੈ ਕੇ ਨੌਕਰੀ ਲਈ ਹਾਜਰ ਹੋਏ। ਇਹ ਪਠਾਣ ਸਿਪਾਹੀ, ਔਰੰਗਜ਼ੇਬ ਦੀ ਫੌਜ ਵਿੱਚੋਂ ਕਢੇ ਗਏ ਸਨ ਅਤੇ ਕੋਈ ਵੀ ਰਾਜਾ ਡਰ ਦੇ ਕਾਰਨ ਇਹਨਾਂ ਨੂੰ ਨੌਕਰ ਰੱਖਣ ਨੂੰ ਤਿਆਰ ਨਹੀਂ ਸੀ। ਗੁਰੂ ਜੀ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ। ਇਹਨਾਂ ਪਠਾਣ ਸਿਪਾਹੀਆਂ ਦੇ ਸਰਦਾਰ ਸਨ, ਨਜ਼ਬਤ ਖ਼ਾਂ, ਕਾਲਾ ਖ਼ਾਂ, ਭੀਖਨ ਖ਼ਾਂ, ਹਯਾਤ ਖ਼ਾਂ ਅਤੇ ਉਮਰ ਖ਼ਾਂ। ਇਸ ਤੋਂ ਇਲਾਵਾ 500 ਉਦਾਸੀ ਵੀ ਮਹੰਤ ਕ੍ਰਿਪਾਲ ਦਾਸ ਦੇ ਨਾਲ ਗੁਰੂ ਜੀ ਪਾਸ ਟਿਕੇ ਹੋਏ ਸਨ।
ਇਸ ਸਮੇਂ ਰਾਜਾ ਭੀਮ ਚੰਦ ਦੇ ਪੁਤਰ ਅਜ਼ਮੇਰ ਚੰਦ ਅਤੇ ਫਤੇਹ ਚੰਦ ਦੀ ਲੜਕੀ ਦੀ ਸ਼ਾਦੀ ਦੇ ਸਮੇਂ ਸਾਰੇ ਪਹਾੜੀ ਰਾਜੇ ਇਕਠੇ ਹੋਣੇ ਸਨ। ਰਾਜਾ ਭੀਮ ਚੰਦ ਨੇ ਗੁਰੂ ਘਰ ਤੋਂ ਬਦਲਾ ਲੇਣ ਲਈ ਇਸ ਮੌਕੇ ਦਾ ਫ਼ਾਇਦਾ ਉਠਾਣਾ ਚਾਹਿਆ। ਇਸ ਨੇ ਸੋਚਿਆ ਕਿ ਇਸ ਸਮੇਂ ਗੁਰੂ ਜੀ ਥੋੜੇ ਜਿਹੇ ਸਿੱਖਾਂ ਨਾਲ ਪਾਉਂਟਾ ਸਾਹਿਬ ਠਹਿਰੇ ਹਨ, ਇਉਂ ਨਾ ਗੜਵਾਲ ਜਾਂਦੇ ਹੋਏ ਰਾਹ ਵਿੱਚ ਉਨ੍ਹਾਂ ਉਤੇ ਹਮਲਾ ਕੀਤਾ ਜਾਵੇ। ਉਸ ਨੇ ਗੁਰੂ ਜੀ ਨੂੰ ਖਤ ਲਿਖਿਆ, ਜਿਸ ਵਿੱਚ ਬੇਨਤੀ ਕੀਤੀ ਕਿ ਬਰਾਤ ਨੂੰ ਪਾਉਂਟਾ ਸਾਹਿਬ ਵਲੋਂ ਜਾਣ ਦੀ ਇਜ਼ਾਜ਼ਤ ਦਿਤੀ ਜਾਵੇ। ਨਾਲ ਹੀ ਇਹ ਧਮਕੀ ਵੀ ਦਿਤੀ ਕਿ ਜੇਕਰ ਬਰਾਤ ਨੂੰ ਰੋਕਿਆ ਗਿਆ ਤਾਂ ਉਹ ਵਾਪਸੀ ਤੇ ਸਿੱਖਾਂ ਨਾਲ ਲੜ ਲੈਣਗੇ। ਗੁਰੂ ਜੀ ਨੇ ਅਜਮੇਰ ਚੰਦ ਅਤੇ ਉਸ ਦੇ ਕੁਝ ਸਾਥਿਆਂ ਤੋਂ ਸਿਵ ਹੋਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਦਿਤੀ। ਭੀਮ ਚੰਦ ਨੇ ਸੋਚਿਆ ਕਿ ਵਿਆਹ ਦੇ ਸਮੇਂ ਸਾਰੇ ਪਹਾੜੀ ਰਾਜੇ ਇਕਠੇ ਹੋ ਰਹੇ ਹਨ, ਇਸ ਲਈ ਵਿਆਹ ਤੋਂ ਵਾਪਸ ਆਉਂਦਿਆਂ ਹੋਇਆਂ ਉਨਾਂ ਨੂੰ ਚੁਕ-ਚੁਕਾ ਕੇ ਇੱਕ ਮਿਲਵੀਂ ਤਾਕਤ ਨਾਲ ਗੁਰੂ ਘਰ ਤੇ ਹਮਲਾ ਕਰਕੇ ਉਸਨੂੰ ਸਮਾਪਤ ਕਰ ਦਿਆਂਗੇ।
ਇਸ ਵਿਆਹ ਦੇ ਮੌਕੇ ਤੇ ਫ਼ਤੇਹ ਸ਼ਾਹ ਨੇ ਗੁਰੂ ਗੋਬਿੰਦ ਸਾਹਿਬ ਨੂੰ ਵੀ ਸੱਦਾ ਭੇਜਿਆ ਸੀ। ਗੁਰੂ ਜੀ ਤਾਂ ਨਾ ਗਏ, ਪਰ ਕੁਝ ਕੀਮਤੀ ਤੋਹਫ਼ਿਆਂ ਦਾ ਤੰਬੋਲ ਭਾਈ ਦਇਆ ਰਾਮ ਅਤੇ ਦੀਵਾਨ ਚੰਦ ਦੇ ਹੱਥ ਘੱਲ ਦਿਤਾ, ਅਤੇ ਕੁਝ ਸਿੰਘਾਂ ਨੂੰ ਵੀ ਨਾਲ ਭੇਜਿਆ। ਜਦ ਇਸ ਦਾ ਪਤਾ ਭੀਮ ਚੰਦ ਨੂੰ ਲੱਗਾ ਤਾਂ ਉਸਨੇ ਫਤੇਹ ਸ਼ਾਹ ਨੂੰ ਗੁਰੂ ਜੀ ਵਲੋਂ ਭੇਜਿਆ ਤੰਬੋਲ ਵਾਪਸ ਕਰਨ ਲਈ ਕਿਹਾ ਅਤੇ ਡਰਾਵਾ ਦਿਤਾ ਕਿ ਜੇਕਰ ਉਸਨੇ ਇਹ ਤੰਬੋਲ ਪ੍ਰਵਾਨ ਕੀਤਾ ਤਾਂ ਉਹ ਵਿਆਹੀ ਨੂੰਹ ਨੂੰ ਛਡ ਜਾਵੇਗਾ। ਫਤੇਹ ਸ਼ਾਹ ਨੇ ਤੰਬੋਲ ਵਾਪਸ ਕਰ ਦਿਤਾ। ਭੀਮ ਚੰਦ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਸਿੱਖਾਂ ਨੂੰ ਖ਼ਤਮ ਕਰ ਦਿਤਾ ਜਾਵੇ ਅਤੇ ਤੰਬੋਲ ਤੇ ਤੋਹਫੇ ਵੀ ਲੁਟ ਲਏ ਜਾਣ। ਸਿੱਖਾਂ ਨੇ ਛੋਟੀ ਜਿਹੀ ਟੱਕਰ ਦੇ ਬਾਵਜੂਦ ਤੋਹਫੇ ਬਚਾ ਲਏ ਅਤੇ ਵਾਪਸ ਆ ਕੇ ਗੁਰੂ ਸਹਿਬ ਨੂੰ ਸਾਰੇ ਹਾਲਾਤ ਤੋਂ ਅਗਾਹ ਕੀਤਾ ਅਤੇ ਇਹ ਵੀ ਦੱਸਿਆ ਕਿ ਭੀਮ ਚੰਦ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।
ਯੁੱਧ ਦੀ ਤਿਆਰੀ
ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੰਗ ਦੀ ਤਿਆਰੀ ਆਰੰਭ ਕਰ ਦਿਤੀ। ਇਸ ਲਈ ਪੂਰੀ ਦੇਖ ਭਾਲ ਪਿਛੋਂ ਪਾਉਂਟਾ ਸਾਹਿਬ ਤੋਂ ਸੱਤ ਮੀਲ ਦੂਰ ਭੰਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ। ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਜੀ ਨੇ ਅਤੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੁਤਰਾਂ, ਸੰਗੋ ਸ਼ਾਹ, ਜੀਤ ਮੱਲ, ਮੋਹਰੀ ਚੰਦ, ਗੁਲਾਬ ਰਾਇ, ਗੰਗਾ ਰਾਮ ਅਤੇ ਦੀਵਾਨ ਚੰਦ ਨੇ ਗੁਰੂ ਜੀ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ। ਛੋਟੇ ਜਿਹੇ ਮੈਦਾਨ ਤੋਂ ਬਾਦ ਪਹਾੜੀ ਸੀ, ਅਤੇ ਫਿਰ ਮੈਦਾਨ, ਜਿਥੇ ਗੁਰੂ ਜੀ ਨੇ ਮੋਰਚੇ ਲਗਾਏ ਹੋਏ ਸਨ ਤਾਂਕਿ ਦੁਸ਼ਮਨ ਮਾਰ ਖਾ ਕੇ ਜੇ ਪਿਛੇ ਨਸੇ, ਤਾਂ ਜਮਨਾ ਪਾਰ ਵਕਤ ਦਬਾਇਆ ਜਾਵੇ। ਭਾਈ ਰਾਮ ਕੋਇਰ ਮੇਹਰੇ ਅਤੇ ਕਾਲਾ ਖਾਂ ਨੂੰ ਪਾਉਂਟਾ ਸਾਹਿਬ ਦੀ ਰੱਖਿਆ ਲਈ ਛੱਡਿਆ ਗਿਆ।
ਉਧਰ ਪਹਾੜੀ ਰਾਜਿਆਂ ਨੇ ਆਪਣਾ ਦੂਤ ਭੇਜ ਕੇ 500 ਪਠਾਣਾਂ ਦੇ ਸਰਦਾਰਾਂ ਨੂੰ ਲਾਲਚ ਦੇ ਕੇ ਨੱਸ ਜਾਣ ਲਈ ਕਿਹਾ। ਯੁੱਧ ਤੋਂ ਇੱਕ ਰਾਤ ਪਹਿਲਾਂ ਹੀ 400 ਪਠਾਣ ਨੱਸ ਗਏ ਅਤੇ ਦੁਸ਼ਮਣ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ, ਕੇਵਲ ਕਾਲਾ ਖਾਂ ਹੀ ਆਪਣੇ 100 ਸਿਪਾਹੀਆਂ ਸਮੇਤ ਟਿਕਿਆ ਰਿਹਾ। ਇਸ ਤੋਂ ਇਲਾਵਾ ਗੁਰੂ ਸਾਹਿਬ ਪਾਸ ਆਇਆ 500 ਉਦਾਸੀ ਸਾਧਾਂ ਦਾ ਟੋਲਾ ਵੀ ਜੰਗ ਦੀ ਖ਼ਬਰ ਸੁਣਦਿਆਂ ਰਾਤ ਨੂੰ ਨੱਸ ਗਏ, ਅਤੇ ਕੇਵਲ ਉਹਨਾਂ ਦਾ ਆਗੂ ਮਹੰਤ ਕਿਰਪਾਲ ਦਾਸ ਹੀ ਗੁਰੂ ਜੀ ਕੋਲ ਰਿਹਾ। ਜਦ ਪਠਾਣਾਂ ਦੀ ਬੇਵਫਾਈ ਦੀ ਖ਼ਬਰ ਪੀਰ ਬੁਧੂ ਸ਼ਾਹ ਜੀ ਨੂੰ ਪਹੁੰਚੀ ਤਾਂ ਆਪਣੇ ਚਾਰੇ ਪੁਤਰ, ਦੋਵੇਂ ਭਰਾ ਅਤੇ 700 ਮੁਰੀਦ ਲੈ ਕੇ ਭੰਗਾਣੀ ਪਹੁੰਚ ਗਏ। ਯੁੱਧ ਦੀ ਖਬਰ ਸੁਣ ਕੇ ਆਸ-ਪਾਸ ਕੇ ਇਲਾਕੇ ਦੇ ਸਿੱਖ ਵੀ ਯੁੱਧ ਵਿੱਚ ਹਿਸਾ ਲੈਣ ਲਈ ਪਹੂੰਚੇ।
ਯੁੱਧ
ਇਹ ਯੁੱਧ 18 ਸਤਬਰ,1688 ਨੂੰ ਸ਼ੁਕਰਵਾਰ ਵਾਲੇ ਦਿਨ ਪਿੰਡ ਭੰਗਾਣੀ ਜੌ ਪਹਿਲਾਂ ਸਿਰਮੌਰ ਰਿਆਸਤ ਚ ਹੋਇਆ ਕਰਦਾ ਸੀ ਅਤੇ ਪਾਉਂਟਾ ਸਾਹਿਬ ਤੋਂ 11 ਕਿਲੋਮੀਟਰ ਦੀ ਦੂਰੀ ਤੇ ਯਮੁਨਾ ਨਦੀ ਦੇ ਕੰਢੇ ਤੇ ਵਸਿਆ ਹੋਇਆ ਹੈ। ਏਥੇ 18 ਸਤੰਬਰ,1688 ਨੂੰ ਸ਼ੁਕਰਵਾਰ ਵਾਲੇ ਦਿਨ ਸਾਰਾ ਦਿਨ ਬੜੀ ਭਿਆਨਕ ਜੰਗ ਹੋਈ,ਤੇ ਪਹਾੜੀ ਰਹੀਆਂ ਨੇ ਭਜ ਕੇ ਜਾਂ ਬਚਾਈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਿੱਤ ਹੋਈ।
ਦੋਹਾਂ ਧਿਰਾਂ ਨੇ ਵੱਧ ਚੜ੍ਹ ਕੇ ਵਾਰ ਕੀਤੇ। ਸੰਗੋ ਸ਼ਾਹ ਜੀ ਦੀ ਸ਼ਹੀਦੀ ਉਪਰੰਤ ਗੁਰੂ ਸਾਹਿਬ ਆਪ ਮੈਦਾਨ ਵਿੱਚ ਕੁਦ ਗਏ। ਹੋਲੀ-ਹੋਲੀ ਵੇਖਦਿਆਂ ਵੇਖਦਿਆਂ ਸਾਰੇ ਪਹਾੜੀਏ ਨਸ ਉਠੇ, ਸਿੱਖਾਂ ਨੇ ਦੁਸ਼ਮਣਾਂ ਨੂੰ ਜਮਨਾ ਦਰਿਆ ਚ ਧੱਕ਼ ਕੇ ਹੀ ਦਮ ਲਿਆ। ਇਸ ਯੁੱਧ ਵਿੱਚ ਪੀਰ ਬੁਧੂ ਸ਼ਾਹ ਦੇ ਦੋ ਪੁਤਰ ਸਈਅਦ ਅਸ਼ਰਫ਼, ਸਈਅਦ ਮੋਹੰਮਦ ਸ਼ਾਹ ਤੇ ਭਰਾ ਭੂਰੇ ਸ਼ਾਹ ਜੀ ਸ਼ਹੀਦ ਹੋਏ। ਇਸ ਜੰਗ ਵਿੱਚ ਬੀਬੀ ਵੀਰੋ ਦੇ ਦੋ ਪੁਤਰ, ਸੰਗੋ ਸ਼ਾਹ ਤੇ ਜੀਤ ਮਲ ਅਤੇ ਹੋਰ ਬਹੁਤ ਸਾਰੇ ਸਿੱਖ ਸ਼ਹੀਦ ਹੋਏ। ਦੂਜੇ ਪਾਸੇ ਪਠਾਣਾਂ ਵਿੱਚੋਂ ਨਜ਼ਾਬਤ ਖ਼ਾਂ ਤੇ ਹਯਾਤ ਖ਼ਾਂ ਮਾਰੇ ਗਏ, ਅਤੇ ਚਾਰ ਪਹਾੜੀ ਰਾਜੇ ਅਤੇ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਪਠਾਣ ਫੌਜੀ ਮਾਰੇ ਗਏ।
ਗੁਰੂ ਸਾਹਿਬ ਜੀ ਦੀ ਜਿਤ ਹੋਈ,ਇਸ ਯੁਧ ਦੇ ਸਹੀਦਾਂ ਨੂੰ ਪ੍ਰਣਾਮ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।