1️⃣7️⃣ ਸਤੰਬਰ,1922 ਮੋਰਚਾ ਗੁਰੂ ਕਾ ਬਾਗ
ਇੰਡੀਅਨ ਨੈਸ਼ਨਲ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਗੁਰੂ ਕਾ ਬਾਗ ਮੋਰਚੇ ਨਾਲ ਸਬੰਧਤ ਮਾਮਲਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਇੱਕ ਜਾਂਚ ਕਮੇਟੀ ਕਾਇਮ ਕੀਤੀ।
The working committee of Indian National Congress set up an enquiry committee to submit report regarding affairs pertaining to the Guru Ka Bagh Morcha.
ਸਿੱਖ ਮੋਰਚਿਆਂ ਦਾ ਆਰੰਭ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਉਣ ਲਈ ਹੋਇਆ।
ਅੰਗਰੇਜ਼ਾਂ ਨੇ ਆਪਣੀ ਸੱਤਾ ਨੂੰ ਕਾਇਮ ਰੱਖਣ ਤੇ ਈਸਾਈ ਧਰਮ ਦਾ ਪ੍ਰਸਾਰ ਕਰਨ ਲਈ ਸਿੱਖਾਂ ਦੇ ਗੁਰਦੁਆਰਿਆਂ-ਗੁਰਧਾਮਾਂ ਦੀ ਮਰਿਆਦਾ ਨੂੰ ਖਤਮ ਕਰਨ ਲਈ ਮਹੰਤਾਂ ਨੂੰ ਨਾਲ ਰਲਾ ਲਿਆ।
ਮਹੰਤ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਗੁਰਦੁਆਰਿਆਂ ਅੰਦਰ ਰੋਜਾਨਾ ਅੰਗਰੇਜ਼ ਰਾਜ ਦੀ ਸਥਾਪਤੀ ਦੀਆਂ ਅਰਦਾਸਾਂ ਕਰਦੇ,ਕੁਕਰਮ ਕਰ ਰਹੇ ਸੀ ਜੋ ਸਿੱਖਾਂ ਲਈ ਬਰਦਾਸ਼ਤ ਕਰਨਾ ਔਖਾ ਸੀ।
ਸਿੱਖਾਂ ਨੇ ਮਹੰਤਾਂ ਨੂੰ ਸਬਕ ਸਿਖਾਉਣ ਅਤੇ ਗੁਰਦੁਆਰਿਆਂ ਨੂੰ ਸੰਗਤੀ ਪ੍ਰਬੰਧ ਹੇਠ ਲਿਆਉਣ ਲਈ ਕਮਰਕੱਸਾ ਕਰ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਹੋਂਦ ਵਿਚ ਆਉਣ ਨਾਲ ਸਿੱਖ ਜਥੇਬੰਦੀਆਂ ਨੂੰ ਇਕ ਸੰਗਠਨ ਦਾ ਰੂਪ ਮਿਲ ਗਿਆ ਸੀ।
ਸੋ,ਕਮੇਟੀ ਦੀ ਸਰਪ੍ਰਸਤੀ ਹੇਠ ਸਿੱਖਾਂ ਨੇ ਸ਼ਾਂਤਮਈ ਸੰਘਰਸ਼ ਸ਼ੁਰੂ ਕੀਤੇ ਅਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਗੁਰਦੁਆਰਿਆਂ ਨੂੰ ਪੰਥਕ ਹੱਥਾਂ ਵਿਚ ਲਿਆਂਦਾ।
ਗੁਰੂ ਕੇ ਬਾਗ ਦਾ ਮੋਰਚਾ ਵੀ ਇਸੇ ਮਨੋਰਥ ਅਧੀਨ ਲਗਾਇਆ ਗਿਆ,
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 13 ਮੀਲ ਦੀ ਦੂਰੀ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬਾਨ ਸਥਾਪਤ ਹਨ ਤੇ ਕਾਫੀ ਜ਼ਮੀਨ ਸੀ ਜੋ ਇੱਥੋਂ ਦੇ ਮਹੰਤ ਸੁੰਦਰ ਦਾਸ ਦੇ ਕਬਜ਼ੇ ਹੇਠ ਸੀ।ਜੋ ਦੁਰਾਚਾਰੀ ਅਤੇ ਆਯਾਸ਼ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਘੇ ਪੰਥ ਸੇਵਕ ਸ. ਦਾਨ ਸਿੰਘ ਵਿਛੋਆ ਨੂੰ ਉਨ੍ਹਾਂ ਦੋਹਾਂ ਗੁਰਧਾਮਾਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਨਿਯੁਕਤ ਕੀਤਾ। ਸ. ਦਾਨ ਸਿੰਘ ਨੇ ਮਹੰਤ ਨੂੰ ਆਯਾਸ਼ ਅਤੇ ਮਨਮੁਖੀ ਰੁਚੀਆਂ ਨੂੰ ਛੱਡ ਕੇ ਗੁਰੂ ਵਾਲਾ ਬਨਣ ਤੇ ਗ੍ਰਿਹਸਤ ਜੀਵਨ ਧਾਰਨ ਕਰਨ ਲਈ ਕਿਹਾ ਮਹੰਤ ਨੇ ਗੱਲ ਮਨ ਕੇ ਈਸਰੀ ਨਾਂ ਦੀ ਔਰਤ ਨਾਲ ਵਿਆਹ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕ ਕੇ ਨਾਮ‘ਜੋਗਿੰਦਰ ਸਿੰਘ ਅਤੇ ‘ਗਿਆਨ ਕੌਰ’ਰੱਖੇ ਪਰ ਮਹੰਤ ਪੂਰੀ ਤਰ੍ਹਾਂ ਨਾ ਸੁਧਰਿਆ।
ਫਿਰ ਸਾਕਾ ਸ੍ਰੀ ਨਨਕਾਣਾ ਸਾਹਿਬ ਵੇਲੇ ਜੋ ਅੰਗਰੇਜ਼ ਸਰਕਾਰ ਦੀ ਨੀਤੀ ਸੀ,ਦੇਖਕੇ ਆਪਣਾ ਰਵੱਈਆ ਬਦਲ ਲਿਆ। ਇਹ ਸਭ ਕੁਝ ਦੇਖਕੇ ਉਸ ਵੇਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ. ਦਾਨ ਸਿੰਘ ਵਿਛੋਆ ਨੂੰ ਹੁਕਮ ਕੀਤਾ ਕਿ ਉਹ ਦੋਹਾਂ ਗੁਰਦੁਆਰਾ ਸਾਹਿਬਾਨ ਦਾ ਅਤੇ ਸੰਬੰਧਿਤ ਜ਼ਮੀਨ-ਜਾਇਦਾਦ ਦਾ ਪ੍ਰਬੰਧ ਆਪਣੇ ਕੰਟਰੋਲ ਹੇਠ ਲੈ ਆਉਣ। ਇਹ ਸੁਣ ਕੇ ਮਹੰਤ ਘਬਰਾਅ ਗਿਆ ਅਤੇ ਸ਼੍ਰੋਮਣੀ ਕਮੇਟੀ ਨਾਲ ਸੁਲਾ ਕਰ ਲਈ।
ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਨੇ ਕੁਝ ਸ਼ਰਤਾਂ ਤੇ ਮਹੰਤ ਨੂੰ ਅੰਮ੍ਰਿਤਸਰ ਵਿਖੇ ਰਿਹਾਇਸ਼ ਲਈ ਮਕਾਨ ਦੇ ਦਿੱਤਾ ਤੇ 120/-ਰੁ ਮਹੀਨਾ ਤਨਖਾਹ ਵੀ ਲਗਾ ਦਿੱਤੀ। ਬੜੀ ਆਸਾਨੀ ਨਾਲ ਦੋਹਾਂ ਗੁਰਧਾਮਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਗਿਆ। ਮਹੰਤ ਨੂੰ ਇਹ ਸਭ ਵੀ ਨਾ ਪਚਿਆ ਤੇ ਉਹ ਅੰਗਰੇਜ਼ਾ ਨਾਲ ਜਾ ਮਿਲਿਆ।
ਇਕ ਦਿਨ ਗੁਰੂ ਕੇ ਬਾਗ ਦੀ ਜ਼ਮੀਨ ‘ਚੋਂ ਪੰਜ ਸਿੰਘ ਲੰਗਰ ਵਾਸਤੇ ਲੱਕੜਾਂ ਵੱਢਣ ਲਈ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮਿ. ਡੰਟ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਨੇ ਇਨ੍ਹਾਂ ਪੰਜਾਂ ਸਿੱਖਾਂ ਨੂੰ ਜੁਰਮਾਨਾ ਤੇ 6-6 ਮਹੀਨੇ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਮੋਰਚੇ ਦਾ ਆਰੰਭ ਹੋ ਗਿਆ।
ਸ. ਸਰਮੁਖ ਸਿੰਘ ਦੀ ਅਗਵਾਈ ਹੇਠ ਪੰਜ ਸਿੱਖਾਂ ਦਾ ਜਥਾ ਪੁਲਿਸ ਕੋਲ ਭੇਜ ਕੇ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਕਿ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਿਤ ਜ਼ਮੀਨ ਪੰਥ ਦੇ ਅਧਿਕਾਰ ਹੇਠ ਹੈ ਤੇ ਸਿੱਖਾਂ ਨੇ ਕੋਈ ਗਲਤੀ ਨਹੀਂ ਕੀਤੀ, ਇਸ ਜਥੇ ਨੂੰ ਵੀ ਗ੍ਰਿਫਤਾਰ ਕਰ ਕੇ ਪੁੱਛ-ਗਿੱਛ ਕਰਕੇ ਛੱਡ ਦਿੱਤਾ।
2)ਅੰਗਰੇਜ਼ ਸਰਕਾਰ ਦੀ ਬੇਰੁਖੀ ਦੇਖਕੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਤੀਰੇ ਦੇ ਵਿਰੁੱਧ ਪੁਰ-ਅਮਨ ਸੰਘਰਸ਼ ਸ਼ੁਰੂ ਕਰਨ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ।
31 ਅਗਸਤ,1922 ਨੂੰ 200 ਸਿੱਖ ਦਾ ਜਥਾ ਅੰਮ੍ਰਿਤਸਰ ਤੋਂ ਗੁਰੂ ਕੇ ਬਾਗ ਨੂੰ ਗਿਆ। ਇਸ ਜਥੇ ਨੂੰ ਗੁੰਮਟਾਲੇ ਵਾਲੇ ਪੁਲ ‘ਤੇ ਘੇਰ ਕੇ ਕੁੱਟਿਆ ਗਿਆ।
ਇਸ ਤੋਂ ਬਾਅਦ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌ-ਸੌ ਸਿੱਖਾਂ ਦਾ ਜਥਾ ਗੁਰੂ ਕੇ ਬਾਗ ਜਾਣ ਲੱਗ ਪਿਆ। ਪੁਲਿਸ ਨੇ ਸਿੱਖਾਂ ਦੀ ਰੱਜ ਕੇ ਕੁੱਟ-ਮਾਰ ਕੀਤੀ। ਪਰ ਇੰਨੇ ਤਸ਼ੱਦਦ ਦੇ ਬਾਵਜੂਦ ਵੀ ਸਿੱਖਾਂ ਨੇ ਹਾਰ ਨਾ ਮੰਨੀ।
3 ਸਤੰਬਰ,1922 ਨੂੰ ਗੁਰੂ ਕਾ ਬਾਗ ਮੋਰਚੇ ਪ੍ਰਤੀ ਹਮਦਰਦੀ ਰੱਖਣ ਦੇ ਸ਼ੱਕ ਵਿਚ ਅੰਗਰੇਜ਼ੀ ਪੁਲਿਸ ਨੇ ਗੁਰਸਿੱਖਾਂ ਸਰਦਾਰ ਭਗਤ ਸਿੰਘ ਤੇ ਉਸਦੇ ਦੋ ਪੁੱਤਰਾਂ ਤਾਰਾ ਸਿੰਘ ਤੇ ਆਸਾ ਸਿੰਘ ਨੂੰ ਉਸ ਸਮੇਂ ਕੁੱਟਿਆ ਜਦੋਂ ਉਹ ਆਪਣੇ ਪਿੰਡ ਤੇਰਾ ਖੁਰਦ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਸਨ। ਇਹਨਾਂ ਸਿੰਘਾਂ ਦੇ ਗੰਭੀਰ ਸੱਟਾਂ ਹੋਣ ਕਾਰਨ, ਭਗਤ ਸਿੰਘ ਦੀ 4 ਸਤੰਬਰ ਨੂੰ ਸ਼ਹੀਦੀ ਹੋ ਗਈ ਅਤੇ 6 ਸਤੰਬਰ,1922 ਨੂੰ ਤਾਰਾ ਸਿੰਘ ਦੀ ਸ਼ਹੀਦੀ ਹੋ ਗਈ ਸੀ।
4 ਸਤੰਬਰ ਨੂੰ 101 ਸਿੱਖ ਦਾ ਜਥਾ ਗੁਰਦਾਸਪੁਰ ਤੋਂ ਗੁਰੂ ਕੇ ਬਾਗ ਪਹੁੰਚਿਆ। ਇਸ ਜਥੇ ਉੱਤੇ ਵੀ ਡਾਂਗਾਂ ਵਰਾਈਆ ਗਈਆਂ। ਗ੍ਰਿਫਤਾਰੀਆਂ ਲਗਾਤਾਰ ਜਾਰੀ ਰਹੀਆਂ।
ਸਾਰੇ ਸੰਸਾਰ ਵਿਚ ਸਿੱਖਾਂ ਦੇ ਸਬਰ, ਸਿਦਕ ਅਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਤਸ਼ੱਦਦ ਦੇ ਚਰਚੇ ਛਿੜ ਪਏ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿਚ ਗੁਰੂ ਕੇ ਬਾਗ ਪੁੱਜਣ ਲੱਗੇ।
ਇਨ੍ਹਾਂ ਵਿਚ ਅੰਗਰੇਜ਼ ਪਾਦਰੀ ਸੀ.ਐਫ. ਐਂਡਰੀਊਜ਼, ਪ੍ਰੋ. ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖਾਸ ਵਰਨਣਯੋਗ ਹਨ।
ਪਾਦਰੀ ਐਂਡਰੀਊਜ਼ ਜਿਸ ਨੇ ਤਵਾਰੀਖ ਵਿਚ ਇਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਤੇ ਰੋ ਪਿਆ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ।
ਮੈਕਲੈਗਨ ਖ਼ੁਦ 13 ਸਤੰਬਰ ਨੂੰ ਗੁਰੂ ਕੇ ਬਾਗ ਪੁੱਜਾ।ਸਿੰਘਾਂ ‘ਤੇ ਡਾਂਗਾਂ ਵਰਨੀਆਂ ਬੰਦ ਹੋ ਗਈਆਂ, ਲੇਕਿਨ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ ਜੋ 17 ਨਵੰਬਰ 1922 ਤਕ ਚੱਲਿਆ।
ਇਸ ਮੋਰਚੇ ਦੌਰਾਨ 13 ਸਿੰਘ ਸ਼ਹੀਦ,839 ਸਿੰਘ ਜ਼ਖ਼ਮੀ, 5605 ਸਿੰਘ ਗ੍ਰਿਫ਼ਤਾਰ ਹੋਏ, ਜਿਨ੍ਹਾਂ ਵਿਚ ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਦੇ 35 ਮੈਂਬਰ ਅਤੇ 200 ਫੌਜੀ ਪੈਨਸ਼ਨੀਏ ਸਨ।
ਸਿੱਖ ਜਥੇਬੰਦੀਆਂ ਦੀ ਡਿਫੈਂਸ ਲਈ ਮਦਨ ਮੋਹਨ ਮਾਲਵੀਆ ਨੇ ਮੁਕੱਦਮਾ ਲੜਿਆ।
14 ਮਾਰਚ,1923 ਨੂੰ ਸਿੱਖ ਪੰਥਕ ਆਗੂ ਜੇਲ੍ਹੋਂ ਬਾਹਰ ਆ ਗਏ। ਸਰਕਾਰ ਨੇ ਗੁਰੂ ਕੇ ਬਾਗ਼ ਦੀ ਜ਼ਮੀਨ ਮਹੰਤ ਪਾਸੋਂ ਪਟੇ ‘ਤੇ ਦੁਆ ਦਿੱਤੀ ਤੇ ਪੁਲਿਸ ਹਟਾ ਲਈ। ਇਸ ਤਰ੍ਹਾਂ ਜ਼ਮੀਨ ਦਾ ਪ੍ਰਬੰਧ ਪੰਥ ਕੋਲ ਆ ਗਿਆ ਤੇ ਮੋਰਚਾ ਸਮਾਪਤ ਹੋ ਗਿਆ। ਇਸ ਮੋਰਚੇ ਨਾਲ ‘ਗੁਰਦੁਆਰਾ ਸੁਧਾਰ ਲਹਿਰ’ ਨੂੰ ਹੋਰ ਬਲ ਮਿਲਿਆ ਅਤੇ ਸਿੰਘਾਂ ਦੀ ਵੀਰਤਾ ਅਤੇ ਗੌਰਵ ਦੀਆਂ ਕਹਾਣੀਆਂ ਘਰ-ਘਰ ਹੋਣ ਲੱਗੀਆਂ।
17 ਸਤੰਬਰ,1922 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਗੁਰੂ ਕਾ ਬਾਗ ਮੋਰਚੇ ਨਾਲ ਸਬੰਧਤ ਮਾਮਲਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਇੱਕ ਜਾਂਚ ਕਮੇਟੀ ਕਾਇਮ ਕੀਤੀ।
ਇਹ ਅਨੋਖੀ ਦਾਸਤਾਨ ਭੁਲਾਈ ਨਹੀਂ ਜਾ ਸਕਦੀ। ਉਸ ਵਕਤ ਦੇ ਅਕਾਲੀਆਂ ( ਸਿੱਖ )ਨੇ ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਨੂੰ ਬਿਨਾਂ ਕਿਸੇ ਹਿੰਸਾ ਦੇ ਝੱਲਿਆ, ਇਕ ਮਿਸਾਲ ਹੈ।
‘ਮੋਰਚਾ ਗੁਰੂ ਕਾ ਬਾਗ’ ਦੇ ਸ਼ਹੀਦ ਸਿੰਘਾਂ ਦੀ ਅੱਜ ਦੀਆਂ ਸਾਲਾਨਾ ਯਾਦਾਂ ਮਨਾਉਂਦੇ ਹੋਏ ਗੁਰੂ ਕੇ ਬਾਗ ਦੇ ਮਹੰਤ ਸੁੰਦਰ ਦਾਸ ਜਿਹੇ ਅਜੋਕੇ ਅਖੌਤੀ ਤੇ ਦੰਭੀ ਸਾਧਾਂ ਦੇ ਭਰਮ-ਜਾਲ ‘ਚੋਂ ਸੁਚੇਤ ਹੋ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰਮਤਿ ਦੇ ਧਾਰਨੀ ਬਣੀਏ ਤੇ ਪੰਥ ਦੀ ਚੜ੍ਹਦੀ ਕਲਾ ਚ ਬਣਦਾ ਯੋਗਦਾਨ ਪਾਈਏ।
17 ਸਤੰਬਰ,1922 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਗੁਰੂ ਕਾ ਬਾਗ ਮੋਰਚੇ ਨਾਲ ਸਬੰਧਤ ਮਾਮਲਿਆਂ ਬਾਰੇ ਰਿਪੋਰਟ ਪੇਸ਼ ਕਰਨ ਲਈ ਇੱਕ ਜਾਂਚ ਕਮੇਟੀ ਕਾਇਮ ਕੀਤੀ ਗਈ ਸੀ।