2️⃣9️⃣ ਸਤੰਬਰ,1914_ਕਾਮਾ ਗਾਟਾ ਮਾਰੂ ਘਟਨਾ
ਵਕਤ ਕਈ ਵਾਰ ਅਜਿਹੇ ਇਤਿਹਾਸ ਦੀਆਂ ਪੈੜਾਂ ਖਿੱਚ ਦਿੰਦਾ ਹੈ ਕਿ ਦੇਸ਼ਾਂ, ਕੌਮਾਂ, ਮਨੁੱਖੀ ਨਸਲਾਂ ਤੇ ਭਾਈਚਾਰਿਆਂ ਵਿਚ ਨਫ਼ਰਤ ਦੀਆਂ ਡੂੰਘੀਆਂ ਖਾਈਆਂ ਪੈਦਾ ਹੋ ਜਾਂਦੀਆਂ ਹਨ ਪਰ ਕੌਮਾਂ ਅਤੇ ਸਮਾਜ ਦੇ ਸਿਆਣੇ ਆਗੂ ਸਮੇਂ ਦੇ ਨਾਲ ਪੁਰਾਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਪਹੁੰਚ ਅਪਣਾ ਕੇ ਫ਼ਰਾਖ਼ਦਿਲੀ, ਸਦਭਾਵਨਾ, ਸਹਿਣਸ਼ੀਲਤਾ ਅਤੇ ਵਧੇਰੇ ਮਨੁੱਖਤਾਵਾਦੀ ਵਿਹਾਰ ਸਦਕਾ ਇਨ੍ਹਾਂ ਖਾਈਆਂ ਨੂੰ ਪੂਰ ਦਿੰਦੇ ਹਨ। ਸਿਆਣੇ ਆਗੂਆਂ ਦੀ ਇਹੀ ਯੋਗਤਾ ਦੇਸ਼, ਕੌਮ, ਸਮਾਜ ਅਤੇ ਮਨੁੱਖੀ ਸੱਭਿਅਤਾ ਦੀ ਤਰੱਕੀ ਦਾ ਮੂਲ ਮੰਤਰ ਬਣਦੀ ਹੈ।
ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਦਿਨੀਂ ਕਾਮਾਗਾਟਾਮਾਰੂ ਦੁਖਾਂਤ ਬਾਰੇ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਦੇ ਇਤਿਹਾਸਕ ਫ਼ੈਸਲੇ ਨੂੰ ਇਸੇ ਪ੍ਰਸੰਗ ਵਿਚ ਦੇਖਿਆ ਜਾਣਾ ਚਾਹੀਦਾ ਹੈ, ਜਿਸ ਨੇ 102 ਸਾਲ ਪਹਿਲਾਂ ਕੈਨੇਡਾ ਪ੍ਰਸ਼ਾਸਨ ਦੇ ਮੱਥੇ ‘ਤੇ ਲੱਗੇ ਇਤਿਹਾਸਕ ਕਾਲੇ ਧੱਬੇ ਨੂੰ ਧੋ ਦਿੱਤਾ ਹੈ।
18 ਮਈ,2016 ਦੇ ਦਿਨ ਨੂੰ ਇਤਿਹਾਸਕ ਬਣਾਉਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਹਾਊਸ ਆਫ ਕਾਮਨਜ਼’ ਦੇ ਭਰਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਕਾਮਾਗਾਟਾਮਾਰੂ ਕਾਂਡ ਲਈ ਵੱਡੇ ਦਿਲ ਨਾਲ ਖੁੱਲ੍ਹ ਕੇ ਮੁਆਫ਼ੀ ਮੰਗੀ। ਕਰੀਬ 7 ਮਿੰਟ ਤੱਕ ਆਪਣੇ ਸੰਬੋਧਨ ‘ਚ ਟਰੂਡੋ ਨੇ ਕਿਹਾ ਕਿ ਮਈ, 1914 ਵਿਚ 376 ਮੁਸਾਫਰਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਦੇ ਤੱਟ ‘ਤੇ ਪੁੱਜਿਆ ਸੀ, ਜਿਸ ਵਿਚ ਜ਼ਿਆਦਾਤਾਰ ਸਿੱਖ, ਮੁਸਲਮਾਨ ਅਤੇ ਹਿੰਦੂ ਯਾਤਰੀ ਸਵਾਰ ਸਨ ਅਤੇ ਉਹ ਸਾਰੇ ਬਿਹਤਰ ਭਵਿੱਖ ਦੇ ਲਈ ਕੈਨੇਡਾ ‘ਚ ਆਉਣਾ ਚਾਹੁੰਦੇ ਸਨ, ਪਰ ਉਸ ਸਮੇਂ ਦੇ ਕੈਨੇਡਾ ਦੇ ਵਿਤਕਰੇ ਭਰੇ ਕਾਨੂੰਨਾਂ ਕਰਕੇ ਉਨ੍ਹਾਂ ਨੂੰ ਇਥੇ ਉਤਰਨ ਨਹੀਂ ਦਿੱਤਾ ਗਿਆ।
ਟਰੂਡੋ ਨੇ ਸਪੱਸ਼ਟ ਕੀਤਾ ਕਿ ਉਸ ਸਮੇਂ ਦੇ ਕਾਨੂੰਨਾਂ ਲਈ ਮੌਕੇ ਦੀ ਕੈਨੇਡਾ ਸਰਕਾਰ ਜ਼ਿੰਮੇਵਾਰ ਸੀ, ਜਿਸ ਲਈ ਟਰੂਡੋ ਨੇ ਕਿਹਾ ਕਿ ਅੱਜ ਮੈਂ ਇਸ ਹਾਊਸ ‘ਚ ਖੜ੍ਹਾ ਹੋ ਕੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਘਟਨਾ ‘ਚ ਸਾਡੀ ਭੂਮਿਕਾ ਦੇ ਲਈ ਮੁਆਫੀ ਮੰਗਦਾ ਹਾਂ।
‘ਵੀ ਆਰ ਟਰੂਅਲੀ ਸੌਰੀ।’
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੁਆਫੀ ਮੰਗਣ ਦੇ ਨਾਲ ਹੀ ਗੈਲਰੀ ‘ਚ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਮੁਆਫ਼ੀ ਦਾ ਸਵਾਗਤ ਕੀਤਾ ਅਤੇ ਕੈਨੇਡੀਅਨ ਸੰਸਦ ‘ਚ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗੂੰਜਣ ਲੱਗੇ।
ਇਸ ਤੋਂ ਪਹਿਲਾਂ 12 ਅਪ੍ਰੈਲ,2016 ਨੂੰ ਖ਼ਾਲਸਾ ਸਾਜਨਾ ਦਿਵਸ ‘ਵਿਸਾਖੀ’ ਸਬੰਧੀ ਕੈਨੇਡਾ ਦੀ ਪਾਰਲੀਮੈਂਟ ਵਿਚ ਹੋਏ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਜਹਾਜ਼ ਕਾਂਡ ਸਬੰਧੀ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਦਾ ਐਲਾਨ ਕੀਤਾ ਗਿਆ ਸੀ। ਕਾਮਾਗਾਟਾਮਾਰੂ ਦੀ ਘਟਨਾ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੁੜੀ ਇਕ ਮਹੱਤਵਪੂਰਨ ਘਟਨਾ ਸੀ। ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਦੀਆਂ ਮਾੜੀਆਂ ਨੀਤੀਆਂ ਅਤੇ ਰੁਜ਼ਗਾਰ ਦੀ ਥੁੜ ਕਾਰਨ ਸੰਨ 1914 ਵਿਚ ਸਿੱਖ ਕਾਰੋਬਾਰੀਆਂ ਦਾ ਇਕ ਵੱਡਾ ਜਥਾ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਸਮੁੰਦਰੀ ਜਹਾਜ਼ ਰਾਹੀਂ ਬਿਹਤਰੀਨ ਆਰਥਿਕ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਪਹੁੰਚਿਆ ਸੀ।
ਬਾਬਾ ਗੁਰਦਿੱਤ ਸਿੰਘ ਨੇ ਜਾਪਾਨ ਦੀ ਇਕ ਕੰਪਨੀ ਤੋਂ ‘ਕਾਮਾਗਾਟਾਮਾਰੂ’ ਨਾਂਅ ਦਾ ਸਮੁੰਦਰੀ ਜਹਾਜ਼ ਕਿਰਾਏ ‘ਤੇ ਲਿਆ ਅਤੇ ਉਸ ਵਿਚ ਕੁੱਲ 376 ਯਾਤਰੂ ਸਵਾਰ ਸਨ, ਜਿਨ੍ਹਾਂ ਵਿਚੋਂ 150 ਮੁਸਾਫ਼ਿਰ ਹਾਂਗਕਾਂਗ ਤੋਂ, 111 ਸ਼ਿੰਗਾਈ ਤੋਂ, 86 ਜਾਪਾਨ ਦੇ ਸ਼ਹਿਰ ਮੋਜ਼ੀ ਤੋਂ ਅਤੇ 14 ਯਾਤਰੂ ਯੋਕੋਹਾਮਾ ਤੋਂ ਸਵਾਰ ਹੋਏ।
ਇਨ੍ਹਾਂ ਯਾਤਰੀਆਂ ਵਿਚੋਂ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ। ਕਾਮਾਗਾਟਾਮਾਰੂ ਜਹਾਜ਼ 29 ਮਾਰਚ 1914 ਨੂੰ ਸਿੱਧਾ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਵਿਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ। ਉਨ੍ਹਾਂ ਦਿਨਾਂ ਵਿਚ ਕੈਨੇਡਾ ਦੀ ਸਰਕਾਰ ‘ਤੇ ਵੀ ਬਰਤਾਨਵੀ ਸਾਮਰਾਜ ਦਾ ਗਲਬਾ ਸੀ, ਜਿਸ ਕਰਕੇ ਕੈਨੇਡੀਅਨ ਸਰਕਾਰ ਨੇ ਭਾਰਤੀਆਂ ਦਾ ਕੈਨੇਡਾ ‘ਚ ਦਾਖ਼ਲਾ ਰੋਕਣ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਹੋਏ ਸਨ।
ਨਸਲਪ੍ਰਸਤੀ ਤੋਂ ਪ੍ਰਭਾਵਿਤ ਕੈਨੇਡਾ ਸਰਕਾਰ ਦੇ ਕਾਨੂੰਨ ਅਨੁਸਾਰ ਕੈਨੇਡਾ ਵਿਚ ਸਿਰਫ਼ ਉਨ੍ਹਾਂ ਪ੍ਰਵਾਸੀਆਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਂਦਾ ਸੀ, ਜਿਹੜੇ ਸਿੱਧੇ ਆਪਣੇ ਦੇਸ਼ ਤੋਂ ਨਿਰੰਤਰ ਸਫ਼ਰ ਕਰਦਿਆਂ ਕੈਨੇਡਾ ਪੁੱਜਦੇ ਸਨ। ਇਹ ਕਾਨੂੰਨ ਵੀ ਸੀ ਕਿ ਬ੍ਰਿਟਿਸ਼ ਕੋਲੰਬੀਆ ਵਿਚ ਪੁੱਜਣ ਵਾਲੇ ਹਰ ਪ੍ਰਵਾਸੀ ਕੋਲ ਘੱਟੋ-ਘੱਟ 200 ਡਾਲਰ ਦੀ ਰਕਮ ਜ਼ਰੂਰ ਹੋਵੇ।
ਇਸੇ ਤਹਿਤ ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ ‘ਤੇ ਉਤਰਨ ਦੀ ਆਗਿਆ ਨਾ ਮਿਲੀ ਪਰ ਸਿੱਖ ਮੁਸਾਫ਼ਿਰ ਇਸ ਨਾ-ਇਨਸਾਫ਼ੀ ਦੇ ਖਿਲਾਫ਼ ਡਟ ਗਏ।
ਕੈਨੇਡਾ ਦੇ ਪ੍ਰਸ਼ਾਸਨ ਨੇ ਜਹਾਜ਼ ‘ਤੇ ਫ਼ਾਇਰਿੰਗ ਕਰਨ ਦੀ ਧਮਕੀ ਦੇ ਦਿੱਤੀ। ਪਰ ਕੈਨੇਡਾ ਦੀ ਸਿੱਖ ਸੰਗਤ ਦੀਆਂ ਕੋਸ਼ਿਸ਼ਾਂ ਨਾਲ ਸਰਕਾਰ ਅਜਿਹਾ ਕਦਮ ਚੁੱਕਣ ਤੋਂ ਟਲ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕੈਨੇਡਾ ਵਿਚ ਦਾਖ਼ਲ ਨਾ ਹੋਣ ਦਿੱਤਾ ਗਿਆ।
ਲਗਪਗ ਦੋ ਮਹੀਨੇ ਤੋਂ ਵੱਧ ਸਮਾਂ ਜਹਾਜ਼ ਕੈਨੇਡਾ ਦੀ ਵੈਨਕੂਵਰ ਨੇੜੇ ਬੰਦਰਗਾਹ ‘ਤੇ ਖੜ੍ਹਾ ਰਿਹਾ ਅਤੇ ਆਖ਼ਰਕਾਰ ਇਸ ਦੇ ਯਾਤਰੂਆਂ ਵਿਚੋਂ 20 ਕੈਨੇਡੀਅਨ ਨਾਗਰਿਕਾਂ, ਜਿਹੜੇ ਕਿ ਇਸ ਜਹਾਜ਼ ਰਾਹੀਂ ਭਾਰਤ ਤੋਂ ਪਰਤੇ ਸਨ ਅਤੇ ਜਹਾਜ਼ ਦੇ ਡਾਕਟਰ ਅਤੇ ਉਸ ਦੇ ਪਰਿਵਾਰ ਨੂੰ ਛੱਡ ਕੇ ਬਾਕੀ ਸਾਰੇ ਮੁਸਾਫ਼ਿਰ ਵਾਪਸ ਭਾਰਤ ਮੁੜਨ ਲਈ ਮਜਬੂਰ ਹੋ ਗਏ।
ਜਦੋਂ ਕਾਮਾਗਾਟਾਮਾਰੂ ਜਹਾਜ਼ 29 ਸਤੰਬਰ 1914 ਨੂੰ ਪੱਛਮੀ ਬੰਗਾਲ ਦੇ ਕਲਕੱਤਾ ਦੇ ਬਜਬਜਘਾਟ ਪਹੁੰਚਿਆ ਤਾਂ ਭਾਰਤ ਦੀ ਅੰਗਰੇਜ਼ ਸਰਕਾਰ ਨੇ ਜਹਾਜ਼ ਦੇ ਯਾਤਰੂਆਂ ‘ਤੇ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਲਗਭਗ 19 ਯਾਤਰੂ ਸ਼ਹੀਦ ਹੋ ਗਏ।
ਸ਼ਹੀਦ ਹੋਣ ਵਾਲੇ ਸਾਰੇ ਦੇ ਸਾਰੇ ਯਾਤਰੂ ਪੰਜਾਬੀ ਸਿੱਖ ਸਨ। ਇਸ ਘਟਨਾ ਨੇ ਜਿੱਥੇ ਭਾਰਤੀਆਂ ਦੇ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਦੀ ਚਿੰਗਾਰੀ ਭੜਕਾ ਦਿੱਤੀ, ਉਥੇ ਕੈਨੇਡਾ ਦੀ ਉਸ ਵੇਲੇ ਦੀ ਸਰਕਾਰ ਵਿਰੁੱਧ ਵੀ ਗੁੱਸੇ ਦੀ ਭਾਵਨਾ ਸੀ। ਭਾਰਤ ਭਾਵੇਂ ਆਜ਼ਾਦ ਹੋ ਗਿਆ ਅਤੇ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ, ਪਰ ਕੈਨੇਡਾ ਦੀ ਤਤਕਾਲੀ ਸਰਕਾਰ ਦੇ ਨਸਲਪ੍ਰਸਤ ਤੇ ਪੱਖਪਾਤੀ ਕਾਨੂੰਨ ਖਿਲਾਫ਼ ਭਾਰਤੀ ਜਨ-ਮਾਨਸ ਦਾ ਰੋਸ ਤੇ ਗਿਲ੍ਹਾ ਇਤਿਹਾਸਕ ਤੱਥ ਬਣ ਗਿਆ।
ਕੈਨੇਡਾ ਦੀ ਪਾਰਲੀਮੈਂਟ ਵਿਚ ਸਰਕਾਰ ਵੱਲੋਂ ਕਾਮਾਗਾਟਾਮਾਰੂ ਦੇ ਦੁਖਾਂਤ ਸਬੰਧੀ ਮੁਆਫ਼ੀ ਮੰਗਣੀ ਨਾ ਸਿਰਫ਼ ਕੈਨੇਡਾ ਵਿਚ ਵਸਦੇ ਭਾਰਤੀਆਂ, ਖ਼ਾਸ ਕਰਕੇ ਪੰਜਾਬੀਆਂ ਦਾ ਦਿਲ ਜਿੱਤਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ, ਸਗੋਂ ਦੁਨੀਆ ਵਿਚ ਸਹਿਣਸ਼ੀਲਤਾ, ਨਸਲੀ ਵਿਤਕਰਿਆਂ ਤੋਂ ਖਹਿੜਾ ਛੁਡਾਉਣ ਅਤੇ ਆਲਮੀ ਮਨੁੱਖੀ ਸਦਭਾਵਨਾ ਤੇ ਸਹਿਹੋਂਦ ਦਾ ਸੁਨੇਹਾ ਦੇਣ ਵਾਲਾ ਫ਼ੈਸਲਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਸਾਲ 2015 ਵਿਚ ਕਾਮਾਗਾਟਾਮਾਰੂ ਕਾਂਡ ਸਬੰਧੀ ਪਹਿਲੀ ਵਾਰ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਬੀ.ਸੀ. ਵਿਚ ਇਕ ਜਨਤਕ ਸਮਾਰੋਹ ਦੌਰਾਨ ਦੁੱਖ ਜ਼ਾਹਰ ਕੀਤਾ ਸੀ।
ਉਸ ਵੇਲੇ ਤੋਂ ਹੀ ਕੈਨੇਡਾ ਵਿਚ ਵਸਦੇ ਪੰਜਾਬੀਆਂ ਤੇ ਸਿੱਖਾਂ ਦੀਆਂ ਜਥੇਬੰਦੀਆਂ ਵੱਲੋਂ ਜਨਤਕ ਮੁਹਿੰਮ ਦੇ ਰੂਪ ਵਿਚ ਇਹ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਕਿ ਕੈਨੇਡਾ ਇਕ ਸਦੀ ਪਹਿਲਾਂ ਦੀ ਆਪਣੀ ਗਲਤੀ ‘ਤੇ ਪਾਰਲੀਮੈਂਟ ਵਿਚ ਸਪੱਸ਼ਟ ਤੌਰ ‘ਤੇ ਮੁਆਫ਼ੀ ਮੰਗੇ। ਭਾਵੇਂ ਕਿ ਅੱਜ ਤੋਂ ਇਕ ਸਦੀ ਪਹਿਲਾਂ ਕੈਨੇਡੀਅਨ ਪ੍ਰਸ਼ਾਸਨਿਕ, ਰਾਜਕੀ, ਸਮਾਜਿਕ ਅਤੇ ਆਰਥਿਕ ਹਾਲਾਤ ਬਿਲਕੁਲ ਭਿੰਨ ਸਨ ਅਤੇ ਉਸ ਵੇਲੇ ਕੈਨੇਡਾ ਦੀ ਸਰਕਾਰ ‘ਤੇ ਅੰਗਰੇਜ਼ ਹਕੂਮਤ ਦਾ ਪ੍ਰਭਾਵ ਸੀ।
ਬ੍ਰਿਟਿਸ਼ ਕੋਲੰਬੀਆ ਦੀ ਉਸ ਸਮੇਂ ਦੀ ਸਰਕਾਰ ਨੇ ਇਕ ਕਾਨੂੰਨ ਬਣਾ ਕੇ ਭਾਰਤੀਆਂ ਦੇ ਵੋਟ ਦਾ ਅਧਿਕਾਰ ਅਤੇ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਦਾ ਅਧਿਕਾਰ ਵੀ ਖ਼ਤਮ ਕਰ ਦਿੱਤਾ ਸੀ। ਉਸ ਸਥਿਤੀ ਵਿਚ ਵਾਪਰੇ ਕਾਮਾਗਾਟਾਮਾਰੂ ਦੇ ਦੁਖਾਂਤ ਲਈ ਅਜੋਕੇ ਕੈਨੇਡੀਅਨ ਪ੍ਰਸ਼ਾਸਨ, ਰਾਜਨੀਤੀ ਜਾਂ ਸਮਾਜ ਨੂੰ ਸਿੱਧਾ ਦੋਸ਼ੀ ਤਾਂ ਨਹੀਂ ਠਹਿਰਾਇਆ ਜਾ ਸਕਦਾ, ਪਰ ਇਤਿਹਾਸ ਵਿਚ ਕੈਨੇਡਾ ਵੱਲੋਂ ਵੈਨਕੂਵਰ ਬੰਦਰਗਾਹ ਤੋਂ ਵਾਪਸ ਭਾਰਤ ਮੋੜੇ ਗਏ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਲਈ ਅੱਜ ਦੇ ਕੈਨੇਡੀਅਨ ਪ੍ਰਸ਼ਾਸਨ ਵੱਲੋਂ ਇਖਲਾਕੀ ਤੌਰ ‘ਤੇ ਮੁਆਫ਼ੀ ਮੰਗਣੀ ਬਹੁਤ ਵੱਡਾ ਦਲੇਰਾਨਾ, ਸਹਿਣਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਤਿਕਾਰਤ ਫ਼ੈਸਲਾ ਹੈ।
ਅੱਜ ਕੈਨੇਡਾ ‘ਮਲਟੀ-ਕਲਚਰਿਜ਼ਮ’ ਵਾਲਾ ਸਭ ਤੋਂ ਵੱਡਾ ਸਮਾਜ ਹੈ। ਇਸ ਦਾ ਸਭ ਤੋਂ ਵੱਡਾ ਲਾਭ ਪੰਜਾਬੀ ਅਤੇ ਸਿੱਖ ਕੌਮ ਨੂੰ ਮਿਲਿਆ।
ਕੈਨੇਡਾ ਦੀ ਰਾਜਨੀਤੀ, ਆਰਥਿਕਤਾ, ਸਮਾਜ ਜਾਂ ਕੋਈ ਵੀ ਖੇਤਰ ਹੋਵੇ, ਪੰਜਾਬੀਆਂ ਨੂੰ ਅਣਡਿੱਠ ਨਹੀਂ ਕੀਤਾ ਜਾਂਦਾ।
21ਵੀਂ ਸਦੀ ਵਿਚ ਕੈਨੇਡਾ ਵਿਚ ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਸਮਾਜ ਇਕ ਪ੍ਰਭਾਵਸ਼ਾਲੀ ਹਿੱਸੇ ਵਜੋਂ ਵਿਕਸਿਤ ਹੋ ਰਿਹਾ ਹੈ। ਕੈਨੇਡਾ ਦੀ ਉੱਨਤੀ ਅਤੇ ਤਾਕਤ ਵਿਚ ਸਿੱਖਾਂ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਦਾ ਸਭ ਤੋਂ ਅਹਿਮ ‘ਰੱਖਿਆ ਮੰਤਰੀ’ ਇਕ ਸਾਬਤ-ਸੂਰਤ ਗੁਰਸਿੱਖ ਸ: ਹਰਜੀਤ ਸਿੰਘ ਸੱਜਨ ਹੈ।
ਖੋਜ, ਸਾਇੰਸ ਅਤੇ ਆਰਥਿਕ ਵਿਕਾਸ ਦਾ ਮੰਤਰਾਲਾ ਵੀ ਦਸਤਾਰਧਾਰੀ ਗੁਰਸਿੱਖ ਸ: ਨਵਦੀਪ ਸਿੰਘ ਬੈਂਸ ਕੋਲ ਹੈ।
ਲੋਕ ਨਿਰਮਾਣ ਮੰਤਰੀ ਸ: ਅਮਰਜੀਤ ਸਿੰਘ ਸੋਹੀ ਅਤੇ ਛੋਟੇ ਕਾਰੋਬਾਰਾਂ ਬਾਰੇ ਮੰਤਰੀ ਬੀਬੀ ਬਰਦੀਸ਼ ਚੱਗਰ ਹਨ। ਕੈਨੇਡਾ ਦੀ ਪਾਰਲੀਮੈਂਟ ਵਿਚ 17 ਪੰਜਾਬੀ ਸੰਸਦ ਮੈਂਬਰ ਹਨ।
ਪਿੱਛੇ ਜਿਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਸੰਮੇਲਨ ਵਿਚ ਮਜ਼ਾਹੀਆ ਅੰਦਾਜ਼ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਰਦਿਆਂ ਮਾਣ ਨਾਲ ਕਿਹਾ ਸੀ ਕਿ ਮੇਰੀ ਕੈਬਨਿਟ ਵਿਚ ਭਾਰਤ ਦੀ ਮੋਦੀ ਕੈਬਨਿਟ ਨਾਲੋਂ ਵੀ ਜ਼ਿਆਦਾ ਸਿੱਖ ਮੰਤਰੀ ਹਨ।
ਹੋਰ ਵੀ ਅਹਿਮ ਇਤਫ਼ਾਕ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਨ ਕੈਨੇਡਾ ਦੀ ਉਸ ਫ਼ੌਜੀ ਰੈਜੀਮੈਂਟ ਦੇ ਕਮਾਂਡਰ ਰਹੇ ਹਨ, ਜਿਸ ਨੇ 102 ਸਾਲ ਪਹਿਲਾਂ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਮੋੜਿਆ ਸੀ, ਉਹ ਅੱਜ ਕੈਨੇਡਾ ਸਰਕਾਰ ਵਿਚ ‘ਸਿੱਖਾਂ’ ਦੇ ਸਨਮਾਨ ਦਾ ਪ੍ਰਤੀਕ ਹਨ।
ਅੱਜ ਦੇ ਦਿਨ ਦੇ ਸ਼ਹੀਦਾਂ ਨੂੰ ਸਲਾਮ ਹੈ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।