2️⃣7️⃣ ਸਤੰਬਰ ਤੇ 3 ਅਕਤੂਬਰ,1621_ਰੋਹਿਲਾ ਦੀ ਜੰਗ: ਜੰਗਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਵਿੱਚੋ
ਜਹਾਂਗੀਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ। ਕੱਟੜਪੰਥੀ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਸ ਨੇ ਗ਼ੈਰ-ਮੁਸਲਿਮ ਭਾਈਚਾਰੇ ’ਤੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ।
ਇਸ ਸਿਲਸਿਲੇ ਨੂੰ ਠੱਲ੍ਹ ਪਾਉਣ ਲਈ ਛੇਵੇਂ ਗੁਰੂ ਸਾਹਿਬ ਜੀ ਨੂੰ ਸਮੇਂ-ਸਮੇਂ ਕਈ ਜੰਗਜੂ ਕਾਰਵਾਈਆਂ/ਲੜਾਈਆਂ ਵੀ ਕਰਨੀਆਂ ਪਈਆਂ।ਇਸ ਲੜੀ ਵਜੋਂ ਉਨ੍ਹਾਂ ਨੂੰ ਰੁਹੇਲੇ (ਸ੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਲੜਾਈ ਲੜਨੀ ਪਈ।
ਹਰਿਗੋਬਿੰਦਪੁਰ ਸਾਹਿਬ (ਰੋਹਿਲਾ)ਦਾ ਯੁੱਧ
ਸਾਲ:- 27 ਸਿਤੰਬਰ ਤੇ 3 ਅਕਤੂਬਰ 1621
ਅਸਥਾਨ:- ਹਰਿਗੋਬਿੰਦਪੁਰ (ਬਿਆਸ ਕਿਨਾਰੇ)
ਟਾਕਰੇ ‘ਤੇ:- ਜਲੰਧਰ ਦਾ ਨਵਾਬ ਅਬਦੁੱਲਾ, ਭਗਵਾਨ ਦਾਸ ਤੇ ਉਸ ਦਾ ਪੁੱਤਰ ਰਤਨ ਚੰਦ ਅਤੇ ਚੰਦੂ ਦਾ ਪੁੱਤਰ ਕਰਮ ਚੰਦ।
ਰੁਹੀਲਾ ਨਾਮ ਦਾ ਇਹ ਨਗਰ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਸੰਮਤ 1644 ਦੋਰਾਨ, ਜਿਲ੍ਹਾ ਗੁਰਦਾਸਪੁਰ ਦੀ ਬਟਾਲਾ ਤਹਿਸੀਲ ਵਿੱਚ ਬਿਆਸ ਦੇ ਉੱਤਰੀ ਕਿਨਾਰੇ ਵਸਾਇਆ ਸੀ ਅਤੇ ਇਸ ਨਗਰੀ ਦਾ ਨਾਂ ਸਾਹਿਬ ਪਾਤਸ਼ਾਹ ਜੀ ਨੇ ਗੋਬਿੰਦਪੁਰ ਰਖਿਆ ਸੀ।
ਸੰਨ 1612 ਦੇ ਦੋਰਾਨ ਜਹਾਂਗੀਰ ਨੇ ਆਗਰੇ ਤੋਂ ਗੁਪਤ ਹੁਕਮ ਜਾਰੀ ਕਰਕੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜਰਬੰਦ ਕਰ ਦਿਤਾ ਜਿਥੇ ਹੋਰ ਕਈ ਰਾਜਸੀ ਕੈਦੀ ਰੱਖੇ ਹੋਏ ਸਨ।ਗਵਾਲੀਅਰ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸਿੱਖ ਦੂਰੋਂ ਦੂਰੋਂ ਪੁੱਜਦੇ ਸਨ ਪਰ ਜਹਾਂਗੀਰ ਦੇ ਹੁਕਮਾਂ ਮੁਤਾਬਿਕ, ਸੰਗਤਾਂ ਨੂੰ ਗੁਰੂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। ਸਤਿਗੁਰੂ ਜੀ ਦੇ ਨਾਲ ਵਕਤ ਦੇ ਹਾਕਮ ਵਲੋਂ ਕੀਤੀ ਜਾ ਰਹੀ, ਇਸ ਸਖਤੀ ਦਾ ਫਾਇਦਾ ਉਠਾਉਂਦਿਆਂ ਹੋਇਆਂ ਸਤਿਗੁਰੂ ਸਾਹਿਬ ਦੀ ਗਵਾਲੀਅਰ ਨਜਰਬੰਦੀ ਦੇ ਦੌਰਾਨ,”ਰੁਹੀਲਾ”( ਗੋਬਿੰਦਪੁਰ,ਸ੍ਰੀ ਹਰਗੋਬਿੰਦਪੁਰ) ਨਾਂ ਦੀ ਇਸ ਥਾਂ ‘ਤੇ, ਭਗਵਾਨ ਦਾਸ ਘੇਰੜ ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ।
ਭਗਵਾਨ ਦਾਸ ਘੇਰੜ,ਚੰਦੂ ਦਾ ਕੁੜਮ ਸੀ। ਸੋ ਇਸ ਦੇ ਪਿੱਛੇ ਚੰਦੂ ਦੀ ਸ਼ਰਾਰਤ ਕੰਮ ਕਰ ਰਹੀ ਸੀ ਜਿਸ ਦੀ ਮਦਦ ਦੇ ਨਾਲ ਭਗਵਾਨ ਦਾਸ ਘੇਰੜ ਨੇ ਇਸ ਨਗਰ ਉਪਰ ਨਜਾਇਜ ਕਬਜ਼ਾ ਕਰ ਲਿਆ।
26 ਅਕਤੂਬਰ,1619 ਵਾਲੇ ਦਿਨ ਸਾਹਿਬ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ,ਗਵਾਲੀਅਰ ਕਿਲ੍ਹੇ ਵਿਚੋਂ ਰਿਹਾਅ ਕਰ ਦਿੱਤੇ ਗਏ ਅਤੇ ਆਪਣੀ ਰਿਹਾਈ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ,ਗੋਇੰਦਵਾਲ ਰਹਿਣ ਲਈ ਚਲੇ ਗਏ।
ਮਾਲ ਗੁਜ਼ਾਰ ਭਗਵਾਨ ਦਾਸ ਨੇ ਸ਼ਹਿਰ ਦੀ ਉਸਾਰੀ ਸਮੇਂ ਕਿਤਨੇ ਹੀ ਰੋੜੇ ਅਟਕਾਏ ਸਨ । ਸ਼ਾਹਜਹਾਨ ਦਾ ਡਰ ਵੀ ਦਿੱਤਾ ਪਰ ਜਦ ਮੂੰਹ ਜ਼ੋਰ ਹੋਆ ਤਾਂ ਹਮਲਾਵਰ ਹੋ ਕੇ ਆ ਗਿਆ। ਉਸ ਨੇ ਜਦੋਂ ਅੱਗੇ ਵਧ ਗੁਰੂ ਜੀ ‘ਤੇ ਵਾਰ ਕੀਤਾ ਤਾਂ ਸਿੱਖਾਂ ਨੇ ਪਕੜ ਮਾਰ ਮੁਕਾਇਆ।
ਉਸ ਦਾ ਪੁੱਤਰ ਰਤਨ ਚੰਦ, ਜਲੰਧਰ ਦੇ ਨਵਾਬ ਅਬਦੁੱਲਾ ਪਾਸ ਫਰਯਾਦੀ ਹੋਆ ਤੇ ਉਸ ਨੂੰ ਹਮਲਾ ਕਰਨ ਲਈ ਕਿਹਾ।ਅਬਦੁੱਲਾ ਨੇ ਹਮਲਾ ਕਰਨ ਦੀ ਤਿਆਰੀ ਕਰ ਦਿੱਤੀ। ਚੰਦੂ ਦਾ ਪੁੱਤਰ ਕਰਮ ਚੰਦ ਵੀ ਨਾਲ ਜਾ ਰਲਿਆ। ਨਵਾਬ ਅਬਦੁੱਲਾ ਨੇ ਆਪਣੇ ਦੋਵੇਂ ਪੁੱਤਰ ਨਬੀ ਬਖ਼ਸ਼ ਤੇ ਕਰੀਮ ਬਖ਼ਸ਼ ਮੈਦਾਨ ਵਿੱਚ ਉਤਾਰ ਦਿੱਤੇ। ਬਲਵੰਡ ਖ਼ਾਨ, ਅਲੀ ਬਖ਼ਸ਼, ਇਮਾਮ ਬਖ਼ਸ਼ ਤੇ ਮੁਹੰਮਦ ਖ਼ਾਨ ਵਰਗੇ ਨਾਮੀ ਲੜਾਕੂ ਵੀ ਨਾਲ ਭੇਜੇ। ਪੰਦਰਾਂ ਹਜ਼ਾਰ ਦੇ ਕਰੀਬ ਫ਼ੌਜ ਨੇ ਹਮਲਾ ਕੀਤਾ।
ਇਧਰ ਗੁਰੂ ਜੀ ਦੀ ਫ਼ੌਜ ਵਿੱਚ ਭਾਈ ਜੱਟੂ, ਭਾਈ ਕਲਿਆਣਾ, ਭਾਈ ਪਰਾਗਾ, ਭਾਈ ਮਥਰਾ ਭੱਟ, ਭਾਈ ਨਾਨੂ, ਭਾਈ ਜਗਨਾ ਵਰਗੇ ਜੋਧੇ ਅਤੇ ਭਾਈ ਸਕਤੂ ਵਰਗੇ ‘ਸ਼ਤ੍ਰ ਸੰਘਾਰ’ ਸਨ। ਭਾਈ ਬਿਧੀ ਚੰਦ ਜੀ ਵਰਗੇ ਅਜ਼ਮਾਏ ਹੋਏ ਜਰਨੈਲ ਵੀ ਗੁਰੂ ਜੀ ਦੀ ਫ਼ੌਜ ਵਿੱਚ ਸਨ।
ਹਮਲੇ ਨੂੰ ਰੋਕਣ ਲਈ ਭਾਈ ਜੱਟੂ ਜੀ ਦੀ ਕਮਾਨ ਹੇਠ ਪਹਿਲੀ ਟੁਕੜੀ ਗੁਰੂ ਜੀ ਨੇ ਭੇਜੀ । ਭਾਈ ਜੱਟੂ ਜੀ ਐਸੀ ਫੁਰਤੀ ਨਾਲ ਜੂਝੇ ਕਿ ਦੁਸ਼ਮਣ ਇਕ ਦੂਜੇ ਵੱਲ ਦੇਖਣ ਲੱਗ ਜੀ ਪਏ। ਜੂਝਦੇ-ਜੂਝਦੇ ਹੀ ਜੱਟੂ ਜੀ ਸ਼ਹੀਦ ਹੋ ਗਏ ।
ਤੁਰੰਤ ਹੀ ਗੁਰੂ ਜੀ ਨੇ ਭਾਈ ਮਥਰਾ ਜੀ ਨੂੰ ਸੌ ਸਵਾਰਾਂ ਨਾਲ ਟਾਕਰੇ ਲਈ ਭੇਜਿਆ, ਤਾਂ ਕਿ ਮੁਗ਼ਲ ਫ਼ੌਜਾਂ ਨੂੰ ਉਥੇ ਹੀ ਰੋਕੀ ਰੱਖਣ । ਬੈਰਮ ਖ਼ਾਨ ਨੂੰ ਭਾਈ ਮਥਰਾ ਨੇ ਮਾਰ ਮੁਕਾਇਆ । ਬੈਰਮ ਖ਼ਾਨ ਨੂੰ ਡਿੱਗਦੇ ਦੇਖ ਇਮਾਮ ਬਖ਼ਸ਼ ਨੇ ਤੀਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਪਰ ਭਾਈ ਮਥਰਾ ਵਾਰ ਇੰਜ ਰੋਕ ਰਹੇ ਸਨ ਜਿਵੇਂ ਕੋਈ ਸਾਹਮਣੇ ਸੌ ਫੁੱਟਾ ਪੱਕਾ ਮਿਨਾਰ ਖੜ੍ਹਾ ਹੋਵੇ । ਰਤਾ ਕੁ ਵਾਰਾਂ ਤੋਂ ਸਾਹ ਆਇਆ ਤਾਂ ਭਾਈ ਜੀ ਨੇ ਐਸਾ ਬੱਝਵਾਂ ਵਾਰ ਕੀਤਾ ਕਿ ਇਮਾਮ ਬਖ਼ਸ਼ ਦਾ ਘੋੜਾ ਥਾਂ ਹੀ ਚਿੱਤ ਹੋ ਗਿਆ। ਮੁਗ਼ਲਾਂ ਦੀ ਪਹਿਲੀ ਟੁਕੜੀ ਨੂੰ ਭਾਂਜ ਦੇ ਕੇ ਭਾਈ ਮਥਰਾ ਜੀ ਸ਼ਹੀਦੀ ਪਾ ਗਏ।
ਅਬਦੁੱਲਾ ਨੇ ਚਤੁਰੰਗਨੀ (ਹਾਥੀ, ਰਥਾਂ, ਘੋੜੇ ਤੇ ਪਿਆਦਾ ਸਵਾਰ) ਦਾ ਹਮਲਾ ਕਰਨ ਦਾ ਮਨਸੂਬਾ ਬਣਾਇਆ । ਗੁਰੂ ਸਾਹਿਬ ਦੀ ਫ਼ੌਜ ਪੂਰਨ ਤੌਰ ‘ਤੇ ਘਿਰ ਗਈ ਪਰ ਭਾਈ ਨਾਨੂ, ਭਾਈ ਕਲਿਆਣਾ, ਭਾਈ ਜਗਨਾ, ਭਾਈ ਕ੍ਰਿਸ਼ਨਾ ਤੇ ਭਾਈ ਮੋਲਕ ਧਾਹ ਕੇ ਫ਼ੌਜ ‘ਤੇ ਟੁੱਟ ਪਏ । ਮੁਗ਼ਲਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ।
ਬਲਵੰਡ ਖ਼ਾਨ ਮਾਰਿਆ ਗਿਆ ਤੇ ਅਲੀ ਬਖ਼ਸ਼ ਵੀ ਵਾਰ ਨਾ ਸਹਾਰਦਾ ਥਾਂ ਹੀ ਚਿੱਤ ਹੋ ਗਿਆ। ਸ਼ਾਹੀ ਫ਼ੌਜ ਤਿਤਰ-ਬਿਤਰ ਹੋ ਗਈ । ਅਬਦੁੱਲਾ ਆਪਣੀ ਫ਼ੌਜ ਨੂੰ ਭੱਜਦੇ ਵੇਖ ਕੇ ਇਤਨਾ ਕ੍ਰੋਧਿਤ ਹੋਇਆ ਕਿ ਉਸ ਸ਼ਾਹੀ ਫ਼ੌਜ ‘ਤੇ ਹੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਅਬਦੁੱਲਾ ਨੇ ਮਸਤ ਹਾਥੀ ਨੂੰ ਸੰਜੋਅ ਨਾਲ ਪੂਰੀ ਤਰ੍ਹਾਂ ਢੱਕ ਕੇ ਆਪਣੇ ਪੁੱਤਰਾਂ ਕਰੀਮ ਬਖ਼ਸ਼ ਤੇ ਨਬੀ ਬਖ਼ਸ਼ ਨੂੰ ਮੁਹੰਮਦ ਸ਼ਾਹ ਦੀ ਕਮਾਨ ਹੇਠ ਹੱਲਾ ਕਰਨ ਲਈ ਭੇਜਿਆ। ਭਾਈ ਕਲਿਆਣਾ ਨੇ ਪੈਂਤੜਾ ਬੰਨ੍ਹ ਕੇ ਸਿੱਧਾ ਵਾਰ ਹਾਥੀ ’ਤੇ ਕੀਤਾ । ਭਾਈ ਕਲਿਆਣਾ ਜੀ ਹਾਥੀ ਨੂੰ ਪਿਛਾਂਹ ਹਟਾਉਣ ਵਿੱਚ ਤਾਂ ਕਾਮਯਾਬ ਹੋ ਗਏ ਪਰ ਆਪੂੰ ਵੀ ਘਾਇਲ ਹੋ ਕੇ ਗਿਰ ਪਏ ਪਰ ਡਿੱਗਦੇ-ਡਿੱਗਦੇ ਵੀ ਐਸਾ ਤੀਰ ਚਲਾਇਆ ਕਿ ਨਬੀ ਬਖ਼ਸ਼ ਮਾਰਿਆ ਗਿਆ।ਦੂਜਾ ਬੇਟਾ ਕਰੀਮ ਬਖ਼ਸ਼ ਅੱਗੇ ਵਧਿਆ ਹੀ ਸੀ ਕਿ ਭਾਈ ਕ੍ਰਿਸ਼ਨਾ ਜੀ ਨੇ ਥਾਂ ਹੀ ਧਰ ਲਿਆ।
ਮੁਹੰਮਦ ਸ਼ਾਹ, ਨਵਾਬ ਦੇ ਪੁੱਤਰਾਂ ਦੀ ਮੌਤ ਤਕ ਆਪੂੰ ਅੱਗੇ ਵਧਿਆ ਪਰ ਭਾਈ ਜਗਨਾ ਨੇ ਕੁੱਦ ਕੇ ਜੱਫੀ ਪਾ ਲਈ, ਦੋਵੇਂ ਗੁੱਥਮ-ਗੁਥਾ ਹੋ ਗਏ ਤੇ ਦੋਵੇਂ ਹੀ ਮੈਦਾਨ ਵਿੱਚ ਕੰਮ ਆਏ।
ਹੁਣ ਨਵਾਬ ਅਬਦੁੱਲਾ ਆਪੂੰ ਮੈਦਾਨ ਵਿੱਚ ਉਤਰ ਆਇਆ । ਗੁਰੂ ਹਰਿਗੋਬਿੰਦ ਸਾਹਿਬ ਜੀ ਘੋੜ ਸਵਾਰ ਹੋ, ਸੰਜੋਅ ਪਹਿਨ, ਢਾਲ ਸਜਾ ਤੇ ਤੀਰਾਂ ਦੇ ਭਰੇ ਭੱਥੇ ਨਾਲ, ਮੈਦਾਨ ਵਿਚ ਨਿੱਤਰ ਪਏ । ਰਤਨ ਚੰਦ ਤੇ ਚੰਦੂ ਦੇ ਪੁੱਤਰ ਨੂੰ ਤਾਂ ਬਿਧੀ ਚੰਦ ਨੇ ਰੋਕਿਆ ਹੋਇਆ ਸੀ ਪਰ ਗੁਰੂ ਜੀ ਨੇ ਇੱਕੋ ਤੀਰ ਨਾਲ ਰਤਨ ਚੰਦ ਨੂੰ ਥਾਂ ਢੇਰੀ ਕਰ ਦਿੱਤਾ ਅਤੇ ਕਰਮ ਚੰਦ ਪਿਸਤੌਲ ਦਾ ਵਾਰ ਕਰਨਾ ਚਾਹੁੰਦਾ ਸੀ ਕਿ ਗੁਰੂ ਜੀ ਨੇ ਆਪਣੀ ਪਿਸਤੌਲ ਦਾ ਫਾਇਰ ਇਸ ਢੰਗ ਨਾਲ ਕੀਤਾ ਕਿ ਉਹ ਅਗਲਾ ਸਾਹ ਨਾ ਲੈ ਸਕਿਆ ।
ਨਵਾਬ ਨੇ ਸਿੱਧੇ ਗੁਰੂ ਜੀ ’ਤੇ ਵਾਰ ਕਰਨੇ ਆਰੰਭੇ । ਮਹਾਰਾਜ ਦਾ ਘੋੜਾ ਜ਼ਖ਼ਮੀ ਹੋ ਗਿਆ। ਮਹਾਰਾਜ ਜੀ ਛਾਲ ਮਾਰ ਕੇ ਜ਼ਮੀਨ ਤੋਂ ਆ ਗਏ ਤੇ ਐਸਾ ਤੀਰ ਛੱਡਿਆ ਕਿ ਨਵਾਬ ਦਾ ਘੋੜਾ ਜ਼ਖ਼ਮੀ ਹੋ ਗਿਆ। ਨਵਾਬ ਨੇ ਤੀਰਾਂ ਦੀ ਬਰਖਾ ਜਾਰੀ ਰੱਖੀ । ਮਹਾਰਾਜ ਹਰ ਚਲਾਏ ਤੀਰ ਦਾ ਵਾਰ ਰੋਕ ਰਹੇ ਸਨ। ਜਦ ਅਬਦੁੱਲਾ ਦਾ ਭੱਥਾ ਤੀਰਾਂ ਤੋਂ ਖਾਲੀ ਹੋ ਗਿਆ ਤਾਂ ਮਹਾਰਾਜ ਨੇ ਕਿਹਾ ਤਲਵਾਰ ਦਾ ਵਾਰ ਵੀ ਕਰ ਲੈ, ਮਤਾਂ ਮਨ ਵਿਚ ਅਫ਼ਸੋਸ ਰਵੇ | ਉਸ ਨੇ ਤੇਗ ਨਿਸ਼ਾਨਾ ਬੰਨ੍ਹ ਸੁੱਟੀ। ਮਹਾਰਾਜ ਨੇ ਵਾਰ ਰੋਕਦੇ ਕਿਹਾ:
ਅਬ ਕਹੋਂ ਮੈਂ ਵਾਰ।… ਹੁਇ ਸੁਚੇਤ ਕਲਮਾ ਪੜੋ
ਕਰਿਹੁੰ ਤੋਹਿ ਸੰਘਾਰ ॥੧੯੨॥ (ਅਧਿ ੧੪)
ਗੁਰੂ ਸਾਹਿਬ ਦੇ ਇੱਕੋ ਵਾਰ ਨਾਲ ਹੀ ਅਬਦੁੱਲਾ ਢਹਿ-ਢੇਰੀ ਹੋ ਗਿਆ। ਸਾਮਾਂ ਹੋ ਗਈਆਂ ਸਨ। ਮਹਾਰਾਜ ਨੇ ਮਿਸਾਲਾਂ ਜਗਾ ਕੇ ਸਭ ਲੋਥਾਂ ਦੀ ਸ਼ਨਾਖ਼ਤ ਕਰਵਾਈ ਅਤੇ ਦਰਿਆ ਸਪੁਰਦ ਕੀਤੀਆਂ ਪਰ ਨਵਾਬ ਦੀ ਲੋਥ ਨੂੰ ਦਫਨਾ ਕੇ ਕਬਰ ਕੁਝ ਉੱਚੀ ਕਰ ਦਿੱਤੀ। ਜੰਗ ਵਿਚ ਡਿੱਗੇ ਮਰੇ ਵਿਰੋਧੀ ਦਾ ਵੀ ਨਿਰਾਦਰ ਗੁਰੂ-ਘਰ ਨਹੀਂ ਹੋਣ ਦੇਂਦਾ।
27 ਸਤਬਰ ਤੋਂ ਚੱਲ ਕੇ 3 ਅਕਤੂਬਰ ਨੂੰ ਸਮਾਪਤ ਹੋਈ ਇਸ ਜੰਗ ਚ ਗੁਰੂ ਜੀ ਦੇ ਸਿੰਘ ਭਾਈ ਜਟੂ ਜੀ,ਭਾਈ ਕਲਿਆਣ ਜੀ ਤੇ ਭਾਈ ਪਰਾਗਾ ਜੀ ਸਮੇਤ ਅਨੇਕਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਇਸ ਜੰਗ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਨਮਸਕਾਰ ਹੈ ਜੀ।
ਅੰਮ੍ਰਿਤ ਛਕੋ, ਸਿੰਘ ਸਜੋ।
ਭੁਲਾਂ ਦੀ ਖਿਮਾ ਜੀ।