7 ਅਕਤੂਬਰ,1753 ਵਾਲੇ ਦਿਨ ਔਖੇ ਵੇਲੇ ਗੁਰੂ ਪੰਥ ਦੀ ਅਗਵਾਈ ਕਰਨ ਵਾਲੇ ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ ਦਾ ਦੇਹਾਂਤ ਹੋ ਗਿਆ।
ਆਪ ਨੂੰ ਅਠਾਰ੍ਹਵੀਂ ਸਦੀ ਦੇ ਪੂਰਬਾਧ ਵਿਚ ਇਕ ਮਹਾਨ ਯੋਧੇ ਅਤੇ ਤੇਜਸਵੀ ਸਿੱਖ ਨਾਇਕ ਵਜੋਂ ਜਾਣਿਆ ਜਾਂਦਾ ਹੈ ਜਿਨਾ ਨੇ ਦਲ-ਖਾਲਸਾ ਵਰਗੀ ਮਹਾਨ ਜਥੇਬੰਦੀ ਦੀ ਸਥਾਪਨਾ ਕਰ ਕੇ ਸਿੱਖ ਕੌਮ ਵਿੱਚ ਵੱਡੀ ਏਕਤਾ ਦਾ ਪ੍ਰਮਾਣ ਦਿੱਤਾ ਅਤੇ ਇਸ ਬਿਖੜੇ ਸਮੇਂ ਸਿੱਖ ਕੌਮ ਦੀ ਯੋਗ ਅਗਵਾਈ ਕੀਤੀ।
ਆਪ ਦਾ ਜਨਮ ਸੰਨ 1697 ਵਿਚ ਪੱਛਮੀ ਪੰਜਾਬ ਦੇ ਜਿਲ੍ਹਾ ਸ਼ੇਖ਼ੂਪੁਰਾ ਦੇ ਇੱਕ ਛੋਟੇ ਜਹੇ ਪਿੰਡ ਕਾਲੋਕੇ ਵਿਖੇ ਸਰਦਾਰ ਦਲੀਪ ਸਿੰਘ ਦੇ ਗ੍ਰਹਿ ਵਿਖੇ ਹੋਇਆ।ਕੁਝ ਇਤਿਹਾਸਕਾਰਾਂ ਨੇ ਆਪ ਦੇ ਪਿਤਾ ਦਾ ਨਾਂ ਸਰਦਾਰ ਸਾਧੂ ਸਿੰਘ ਵੀ ਲਿਖਿਆ ਹੈ।
1671 ਸਾਲ ਦੇ ਦੋਰਾਨ ਆਪ ਦੇ ਜਵਾਨੀ ਦੇ ਦੌਰ ਵਿੱਚ ਆਪ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ, ਫ਼ੈਜ਼ੂਲਾਪੁਰ ਕਸਬੇ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ਅਤੇ ਇਸ ਇਲਾਕੇ ਦਾ ਨਾਂ ‘ ਸਿੰਘਪੁਰਾ ਰਖਿਆ ਗਿਆ, ਬਾਅਦ ਦੇ ਵਿੱਚ ਇਹ ਇਲਾਕਾ, ਫ਼ੈਜ਼ੂਲਾਪੁਰੀਆ ਜਾਂ ਸਿੰਘਪੁਰੀਆ ਨਾਂ ਦੇ ਨਾਲ ਪ੍ਰਸਿੱਧ ਹੋਇਆ।
ਸਾਲ 1721 ਵਿਚ ਨਵਾਬ ਕਪੂਰ ਸਿੰਘ ਜੀ ਨੇ ਦਿਵਾਲੀ ਦੇ ਮੌਕੇ’ ਤੇ ਸ਼ਹੀਦ ਭਾਈ ਮਨੀ ਸਿੰਘ ਦੀ ਅਗਵਾਈ ਹੇਠ ਪੰਜ ਤਿਆਰ ਬਰ ਤਿਆਰ ਸਿੰਘਾਂ ਤੋਂ ਅੰਮ੍ਰਿਤ-ਪਾਨ ਕਰ ਕੇ ਪੂਰਣ ਤੌਰ ਤੇ ਸਿੰਘ ਸਜ ਗਏ ।ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਐਸਾ ਬਿਖੜਾ ਸਮਾਂ ਸ਼ੁਰੂ ਹੋਇਆ ਜਦੋਂ ਲੋੜ ਸੀ ਇਕ ਸੁਚੱਜੀ ਅਗਵਾਈ ਦੀ।
ਇਸ ਸਮੇਂ ਤਕ ਮੁਗ਼ਲ ਹਕੂਮਤ ਹੱਥ ਧੋ ਕੇ ਸਿੱਖਾਂ ਦੇ ਪਿਛੇ ਪੈ ਗਈ ਸੀ। ਸਾਲ 1726 ਵਿਚ ਜ਼ਾਬਰ ਜ਼ਕਰੀਆ ਖਾਨ ਨੂੰ ਪੰਜਾਬ ਦਾ ਗਵਰਨਰ ਥਾਪਿਆ ਗਿਆ। ਜਿਸਨੇ ਸਿਖਾਂ ਤੇ ਜ਼ੁਲਮ ਕਰਣ ਦੀ ਹੱਦ ਹੀ ਪਾਰ ਕਰ ਦਿਤੀ।
ਉਸਨੇ ਬਕਾਇਦਾ ਇੱਕ ਸਰਕਾਰੀ ਹੁਕਮਨਾਮਾ ਜਾਰੀ ਕੀਤਾ, ਜਿਸ ਵਿਚ ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ।
ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਇੱਕ ਲੇਫ਼ ਤਲਾਈ ਅਤੇ ਇੱਕ ਕੰਬਲ ਇਨਾਮ ਵਜੋਂ ਦਿੱਤਾ ਜਾਂਦਾ,
ਸਿਖਾਂ ਬਾਰੇ ਮੁਖਬਰੀ ਕਰਣ ਵਾਲੇ ਨੂੰ 10 ਰੂਪਏ ਦਾ ਨਕਦ ਇਨਾਮ ਦਿੱਤਾ ਜਾਂਦਾ,
ਸਿਖਾਂ ਨੂੰ ਜਿਉਂਦਾ ਗ੍ਰਿਫਤਾਰ ਕਰਵਾਉਣ ਜਾਂ ਮਾਰ ਕੇ ਪੇਸ਼ ਕਰਨ ਵਾਲੇ ਦੇ ਲਈ 50 ਤੋਂ ਲੈਕੇ 80 ਰੁਪਏ ਤਕ ਦਿਤੇ ਜਾਂਦੇ ਸਨ।
ਸਿੱਖਾਂ ਦੇ ਘਰਾਂ ਵਿੱਚ ਵੜ ਕੇ ਉਨ੍ਹਾਂ ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਸਹਿ ਅਤੇ ਖੁਲੀ ਛੂਟ ਸੀ।
ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਿੱਧੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।
ਸ੍ਰੀ ਅਮ੍ਰਿਤਸਰ ਸਾਹਿਬ ਦੇ ਅਤੇ ਬਾਕੀ ਦੇ ਲਾਗਲੇ ਇਲਾਕਿਆਂ ਵਿੱਚ ਸਖਤ ਪਹਿਰੇ ਲਗਾ ਦਿਤੇ ਗਏ।
ਕਿਹਾ ਜਾਂਦਾ ਹੈ ਕੇ ਇਸ ਵਕਤ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਬੈਠਾ ਸੀ। ਇਨਾਮ ਦੀ ਲਾਲਸਾ ਅਤੇ ਲਾਲਚ ਵਜੋਂ ਜਵਾਨ ਬਚੀਆਂ ਅਤੇ ਇਸਤਰੀਆਂ ਦੇ ਕੇਸ ਕਟ ਕੇ ਉਨ੍ਹਾ ਨੂੰ ਸਿਖ ਸਾਬਤ ਕਰ ਕੇ ਇਨਾਮ ਹਾਸਲ ਕੀਤੇ ਜਾਣ ਦਾ ਚਲਣ ਆਮ ਹੋ ਗਿਆ ਸੀ।ਇਥੋਂ ਤਕ ਕਿ ਜਿਨ੍ਹਾਂ ਸਿਖਾਂ ਨੇ ਕਦੇ ਸਰਕਾਰ ਵਿਰੋਧੀ ਕੋਈ ਕੰਮ ਜਾਂ ਐਕਸ਼ਨ ਵਿਚ ਕੋਈ ਹਿੱਸਾ ਵੀ ਨਹੀਂ ਸੀ ਲਿਆ ਉਨ੍ਹਾਂ ਨੂੰ ਵੀ ਫੜ ਕੇ ਮਾਰਿਆ ਜਾਣ ਦਾ ਰੁਝਾਨ ਜ਼ੋਰਾਂ ਸ਼ੋਰਾਂ ਦੇ ਨਾਲ ਚੱਲਣਾ ਸ਼ੁਰੂ ਹੋ ਚੁੱਕਾ ਸੀ।
ਹੁਣ ਸਿੱਖਾਂ ਨੇ ਆਪਣੇ ਧਰਮ ਤੇ ਹੋਂਦ ਦੀ ਰੱਖਿਆ ਹਿੱਤ ਮਜਬੂਰੀ ਬੱਸ, ਜੰਗਲਾਂ ਪਹਾੜਾਂ ਤੇ ਮਾਰੂਥਲਾਂ ਵਿਚ ਜਾ ਕੇ ਟਿਕਣਾ ਕੀਤਾ। ਹਰ ਵਕਤ ਮੌਤ ਸਿੰਘਾਂ ਦੇ ਪਿੱਛੇ ਪਿੱਛੇ ਰਹਿੰਦੀ। ਸਿੰਘਾਂ ਨੇ ਹੁਣ ਆਪਣੇ ਵਖੋ ਵਖ ਜਥੇ ਬਣਾ ਕੇ ਗੁਰੀਲਾ ਜੰਗ ਰਾਹੀਂ ਅਗਲੇ ਕਦਮ ਪੁੱਟਣ ਦਾ ਫੈਸਲਾ ਕੀਤਾ।
ਸਿੰਘਾਂ ਨੇ ਹੁਣ ਗੁਰੀਲਾ ਵਿਉਂਤ ਬਿਧ ਰਾਹੀਂ ਸਰਕਾਰੀ ਖਜਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਸਿੰਘ ਹੁਣ ਆਪਣੀਆਂ ਛੁਪਣ ਗਾਹਾਂ ਵਿੱਚੋ ਬਾਹਰ ਨਿਕਲਦੇ ਅਤੇ ਉਨ੍ਹਾਂ ਲੋਕਾਂ ਕੋਲੋਂ ਬਦਲੇ ਲੈਂਦੇ ਜਿੰਨ੍ਹਾਂ ਦੀ ਮੁਖਬਰੀ ਦੇ ਕਾਰਣ ਸਿਖਾਂ ਦੇ ਪਰਿਵਾਰ ਕਤਲ ਹੋਏ ਅਤੇ ਸਿੰਘਾਂ ਨੂੰ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਝੱਲਣਾ ਪਿਆ ਅਤੇ ਸਿੱਖਾਂ ਦੇ ਘਰ-ਬਾਰ ਤਬਾਹ ਹੋ ਗਏ। ਇਨ੍ਹਾਂ ਵਿਚ ਵਧੇਰੇ ਕਰਕੇ ਸਰਕਾਰੀ ਅਧਿਕਾਰੀ ਜਾਂ ਪਿੰਡਾਂ ਦੇ ਚੌਧਰੀ ਸ਼ਾਮਲ ਸਨ।
ਇਸ ਬਿਖੜੇ ਵੇਲੇ ਦੂਰ-ਅੰਦੇਸ਼,ਨਿਰਭੈਅ, ਜੰਗੀ ਜਰਨੈਲ ਨਵਾਬ ਕਪੂਰ ਸਿੰਘ ਨੇ ਸਿਖਾਂ ਦਾ ਮਨੋਬਲ ਕਾਇਮ ਰੱਖਿਆ।
1726 ਵਿਚ ਭਾਈ ਤਾਰਾ ਸਿੰਘ ‘ਵਾਂ’ ਦੀ ਸ਼ਹੀਦਤ ਤੋਂ ਬਾਅਦ ਖਾਲਸਾ ਪੰਥ ਨੇ ਆਪਣੇ ਭਵਿੱਖ ਦੇ ਹਾਲਾਤਾਂ ਨਾਲ ਨਜਿੱਠਨ ਦੇ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਵਿਸ਼ੇਸ਼ ਇੱਕਠ ਕੀਤਾ ਜਿਸ ਵਿਚ ਖਾਲਸਾ ਪੰਥ ਦੀ ਮਜਬੂਤੀ ਦੇ ਗੁਰਮਤੇ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਮੁਗਲ ਹਕੂਮਤ ਦੇ ਖਜ਼ਾਨੇ ਲੁਟੇ ਜਾਣਗੇ, ਗੁਰੀਲਾ ਜੰਗ ਰਾਹੀਂ ਸ਼ਾਹੀ ਫੌਜਾਂ ਕੋਲੋਂ ਹਥਿਆਰਾਂ ਅਤੇ ਘੋੜਿਆਂ ਸਮੇਤ ਹੋਰ ਜੰਗੀ ਸਮਾਨ ਖੋਹਿਆ ਜਾਵੇਗਾ।
ਇਸ ਦੇ ਨਾਲ ਇਹ ਵੀ ਫੈਸਲਾ ਹੋਇਆ ਕਿ ਸਿੰਘਾਂ ਬਾਰੇ ਮੁਗਲ ਹਕੂਮਤ ਨੂੰ ਜਾਣਕਾਰੀ ਦੇਣ ਵਾਲੇ ਸਰਕਾਰੀ ਪਿਠੂਆਂ ਨੂੰ ਸੋਧਾ ਲਾਇਆ ਜਾਵੇਗਾ।
ਇਝ ਜਥੇਦਾਰ ਦਰਬਾਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਯੋਗ ਜਾਣ ਕੇ ਖਾਲਸਾ ਪੰਥ ਦੇ ਮੁੱਖੀ ਵਜੋਂ ਜਥੇਦਾਰ ਹੋਣ ਦੀ ਪ੍ਰਵਾਨਗੀ ਦਿੱਤੀ।
ਹੁਣ ਮਿਥੇ ਪ੍ਰੋਗਰਾਮ ਦੇ ਅਨੁਸਾਰ ਸਰਦਾਰ ਕਪੂਰ ਸਿੰਘ ਦੀ ਯੋਗ ਅਗਵਾਈ ਹੇਠ ਇਕ ਤਿਆਰ ਬਰ ਤਿਆਰ ਸਿੰਘਾਂ ਦਾ ਵਿਸ਼ੇਸ਼ ਸਿਖਲਾਈ ਪ੍ਰਾਪਤ ਜੱਥਾ, ਮਾਝੇ ਵੱਲ ਦੁਸ਼ਮਣਾ ਨੂੰ ਸੋਧਣ ਦੇ ਲਈ ਭੇਜਿਆ ਗਿਆ। ਇਸ ਜਥੇ ਵਿੱਚ 400 ਸਿੰਘ ਸਨ, ਜਿਨ੍ਹਾਂ ਨੇ ਮੁਲਤਾਨ ਤੋਂ ਲਾਹੌਰ ਜਾ ਰਹੇ ਸ਼ਾਹੀ ਖਜਾਨੇ ਨੂੰ ਲੁਟਿਆ ਅਤੇ ਸਫ਼ਲਤਾ ਭਰਪੂਰ ਉਥੋਂ ਨਿਕਲਣ ਵਿੱਚ ਸਫਲ ਹੋ ਗਏ।
ਦੂਸਰੀ ਲੁੱਟ ਕਸੂਰ ਤੋਂ ਲਾਹੌਰ ਜਾ ਰਹੇ ਸ਼ਾਹੀ ਸਿਪਾਹੀਆਂ ਪਾਸੋਂ ਲੱਖ ਰੁਪਏ ਦੀ ਲੁੱਟ ਸੀ। ਸ਼ਾਹੀ ਦਰਬਾਰ ਨੂੰ ਘੋੜੇ ਵੇਚਣ ਵਾਲੇ ਮੁਰਤਜ਼ਾ ਖਾਨ ਪਾਸੋ ਘੋੜੇ ਖੋਹ ਲਏ ਗਏ।
ਇੰਝ ਹੀ ਕਾਬਲ ਤੋਂ ਦਿੱਲੀ ਜਾ ਰਹੀਆਂ ਸ਼ਾਹੀ ਫੌਜਾਂ ਨੂੰ ਲੁੱਟਣ ਤੋਂ ਬਾਅਦ ਸਿੰਘਾਂ ਨੇ ਹਥਿਆਰਾਂ, ਘੋੜਿਆਂ ਅਤੇ ਹੋਰ ਜੰਗੀ ਸਜੋ ਸਮਾਨ ਦਾ ਇੱਕ ਵੱਡਾ ਜ਼ਖੀਰਾ ਇੱਕਠਾ ਕਰ ਲਿਆ।
ਇੰਝ ਹੀ ਦਰਿਆ ਬਿਆਸ ਲਾਗੇ ਸਰਦਾਰ ਬੁੱਢਾ ਸਿੰਘ ਅਤੇ ਬਾਬਾ ਬਾਗ ਸਿੰਘ ਦੇ ਜਥਿਆਂ ਨੇ ਪਿਸ਼ਾਵਰ ਤੋਂ ਦਿੱਲੀ ਵੱਲ ਨੂੰ ਜਾ ਰਹੇ ਮੁਹੰਮਦ ਜਾਫਰ ਖਾਨ ਦੀ ਫੌਜ’ ਤੇ ਝਪੱਟਾ ਮਾਰ ਕੇ ਉਨ੍ਹਾਂ ਪਾਸੋਂ ਸੋਨਾ-ਚਾਂਦੀ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ।
ਆਪ ਜੀ ਦਲੇਰੀ ਅਤੇ ਆਪ ਦੀਆਂ ਫ਼ੌਜੀ ਗਤੀਵਿਧੀਆਂ ਤੋਂ ਡਰੇ, ਲਾਹੌਰ ਦੇ ਸੂਬੇ ਜ਼ਕਰੀਆ ਖ਼ਾਨ ਨੇ ਸਾਲ 1733 ਵਿਚ ਸਿੱਖਾਂ ਨਾਲ ਸਮਝੌਤਾ ਕਰਨ ਦੇ ਲਈ ਸਿੱਖਾਂ ਨੂੰ ਸੱਦਾ ਭੇਜਿਆ ਸੀ।
ਇਸ ਮੌਕੇ ਜ਼ਕਰੀਆ ਖ਼ਾਨ ਨੇ ਇਕ ਸਿੱਖ ਜਿਸ ਦਾ ਨਾਂ ਸੁਬੇਗ ਸਿੰਘ ਸੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਉਸ ਦੇ ਹੱਥੀਂ ਵਿਸਾਖੀ ਦੇ ਵਾਲੇ ਦਿਹਾੜੇ, ਸਰਬੱਤ ਖਾਲਸਾ ਦੇ ਵਿੱਚ ਜੁੜੇ ਸਿੰਘਾਂ ਦੇ ਲਈ ਇਕ ਲੱਖ ਦੀ ਜਾਗੀਰ ਦਾ ਪਟਾ ਅਤੇ ਨਵਾਬੀ ਦਾ ਖਿਤਾਬ, ਭੇਜਿਆ। ਇਸ ਸਮਝੌਤੇ ਦੇ ਤਹਿਤ ਸਿੰਘਾਂ ਨੇ ਇੱਕ ਲੱਖ ਦੀ ਜਾਗੀਰ ਦਾ ਪੱਟਾ ਤਾਂ ਕਬੂਲ ਕਰ ਲਿਆ, ਪਰ ਨਵਾਬੀ ਦਾ ਖ਼ਿਤਾਬ ਪ੍ਰਵਾਨ ਨਾ ਕੀਤਾ। ਇਸ ਵਕਤ ਨਵਾਬ ਕਪੂਰ ਸਿੰਘ ਸੰਗਤ ਵਿਚ ਪੱਖਾ ਝਲਦਿਆਂ ਹੋਈਆਂ ਸੇਵਾ ਨਿਭਾਅ ਰਹੇ ਸਨ। ਸਰਬੱਤ ਖਾਲਸਾ ਨੇ ਇਸ ਖ਼ਿਤਾਬ ਨੂੰ ਸਰਦਾਰ ਕਪੂਰ ਸਿੰਘ ਨੂੰ ਇਸ ਵਿਸ਼ਵਾਸ ਦੇ ਨਾਲ ਦੇ ਦਿੱਤਾ ਕਿ ਕੋਈ ਨਿਸ਼ਕਾਮ ਸੇਵਕ ਹੀ ਇਸਦਾ ਹੱਕਦਾਰ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਇਕ ਸ਼ਾਲ, ਇਕ ਦਸਤਾਰ, ਇਕ ਜੜ੍ਹਾਊ ਜੜ੍ਹੀ ਕਲਗ਼ੀ, ਇਕ ਜੋੜਾ ਸੋਨੇ ਦੇ ਕੜਿਆਂ ਦਾ, ਇਕ ਹਾਰ , ਇਕ ਮੋਤੀਆਂ ਦੀ ਮਾਲਾ, ਇਕ ਜ਼ਰੀਦਾਰ ਦੀ ਪਹਿਛਾਣ ਵਾਲਾ ਵਿਸ਼ੇਸ਼ ਚੋਲਾ ਅਤੇ ਇਕ ਕਿਰਪਾਨ ਸ਼ਾਮਲ ਸੀ।
ਸੋ ਇਸ ਦਿਨ ਤੋਂ ਸਰਦਾਰ ਕਪੂਰ ਸਿੰਘ, ਨਵਾਬ ਕਪੂਰ ਸਿੰਘ ਹੋ ਗਏ।
ਸਿੰਘਾਂ ਦੀ ਵਧਦੀ ਸ਼ਕਤੀ ਨੂੰ ਹੁਣ ਅਨੁਸ਼ਾਸਿਤ ਕਰਨ ਦੀ ਲੋੜ ਸੀ, ਸੋ ਇਸਦੇ ਲਈ ਨਵਾਬ ਕਪੂਰ ਸਿੰਘ ਨੇ ਸਿੰਘਾਂ ਵਿੱਚ ਉਮਰ ਦੇ ਲਿਹਾਜ਼ ਦੇ ਨਾਲ ਦੋ ਦਲ ਬਣਾ ਦਿੱਤੇ:-
ਇਕ ਬੁੱਢਾ ਦਲ ਅਤੇ
ਦੂਜਾ ਤਰੁਣਾ ਦਲ ਬੁੱਢਾ ਦਲ ਵਿੱਚ 40 ਸਾਲ ਤੋਂ ਉਪਰ ਵਾਲੇ ਸਿੰਘ ਸ਼ਾਮਲ ਕੀਤੇ ਗਏ,
ਜਦੋਂ ਕਿ ਤਰੁਣਾ ਦਲ ਵਿੱਚ ਚਾਲੀ ਸਾਲ ਤੋਂ ਘੱਟ ਉਮਰ ਦੇ ਸਿੰਘ ਸ਼ਾਮਲ ਕੀਤੇ ਗਏ।
ਬੁੱਢਾ ਦਲ ਦੀ ਜੱਥੇਦਾਰੀ ਨਵਾਬ ਕਪੂਰ ਸਿੰਘ ਹੁਣਾਂ ਨੇ ਆਪ ਰਖੀ।
ਇਸ ਦਲ ਦੇ ਮੁੱਖ ਕਾਰਜ ਜੋ ਨੀਅਤ ਕੀਤੇ ਗਏ ਉਹ ਸਨ, ਗੁਰੂ-ਅਸਥਾਨਾਂ ਦੀ ਦੇਖ-ਭਾਲ ਅਤੇ ਸੇਵਾ ਸੰਭਾਲ, ਗੁਰਬਾਣੀ ਦਾ ਪਸਾਰ ਅਤੇ ਪ੍ਰਚਾਰ ਅਤੇ ਖ਼ਾਲਸੇ ਦੇ ਫਰਜਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਪਾਲਨਾ ਕਰਣਾ ।
ਤਰੁਣਾ ਦਲ ਦੀ ਜ਼ਿੰਮੇਵਾਰੀ ਸੀ ਕੇ ਕਿਸੇ ਵੀ ਵਕਤ ਦੇ ਮੁਤਾਬਿਕ ਲੋੜ ਪੈਣ ਤੇ ਫੌਜੀ ਕਾਰਵਾਈ ਲਈ ਹਰ ਵਕਤ ਤਿਆਰ ਬਰ ਤਿਆਰ ਰਹਿਣਾ ।
ਸਾਲ 1735 ਵਿਚ ਜ਼ਕਰੀਆ ਖ਼ਾਨ ਨੇ ਫ਼ੌਜ ਭੇਜ ਕੇ ਨਵਾਬ ਕਪੂਰ ਸਿੰਘ ਦੀ ਜਾਗੀਰ ਉਤੇ ਕਬਜ਼ਾ ਕਰ ਲਿਆ ਅਤੇ ਬੁੱਢਾ ਦਲ ਨੂੰ ਮਾਲਵੇ ਵਲ ਪਿੱਛੇ ਹਟਣਾ ਪਿਆ।
ਇਹ ਉਹ ਸਮਾਂ ਸੀ ਜਦੋਂ ਖ਼ਾਲਸਾ ਪੰਥ ਕਈ ਜੱਥਿਆਂ
ਵਿਚ ਵੰਡਿਆ ਹੋਇਆ ਸੀ,ਜਿਸ ਕਾਰਣ ਖਾਲਸਾ ਨਿੱਤ ਦੇ ਆਪਸੀ ਵੈਰ-ਵਿਰੋਧ ਦਾ ਸ਼ਿਕਾਰ ਹੋ ਰਿਹਾ ਸੀ।
ਇਸ ਸਭ ਨੂੰ ਖ਼ਤਮ ਕਰਨ ਦੇ ਲਈ ਨਵਾਬ ਕਪੂਰ ਸਿੰਘ ਜੀ ਨੇ 29 ਮਾਰਚ, 1748 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖ਼ਾਲਸਾ ਤੋਂ ਪ੍ਰਵਾਨਗੀ ਲੈ ਕੇ ਦਲ ਖ਼ਾਲਸਾ ਦੀ ਸਥਾਪਨਾ ਕਰਣ ਦਾ ਐਲਾਨ ਕੀਤਾ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਇਸ ਦਲ ਖਾਲਸਾ ਦਾ ਮੁੱਖ ਜੱਥੇਦਾਰ ਥਾਪ ਕੇ ਸਿੱਖਾਂ ਦੇ ਵੱਡੇ 65 ਜੱਥਿਆਂ ਨੂੰ ਗਿਆਰਾਂ ਮਿਸਲਾਂ ਵਿਚ ਅਨੁਸ਼ਾਸਨਕ ਢੰਗ ਦੇ ਨਾਲ ਸਥਾਪਿਤ ਕਰ ਕੇ ਵੰਡ ਦਿੱਤਾ।
7 ਅਕਤੂਬਰ 1753 ਵਾਲੇ ਦਿਨ ਨਵਾਬ ਕਪੂਰ ਸਿੰਘ ਦਾ ਦੇਹਾਂਤ ਹੋ ਗਿਆ ਅਤੇ ਆਪ ਦਾ ਸਸਕਾਰ ਬਾਬਾ ਅਟਲ ਦੇ ਦੋਹਰੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ ।
ਨਵਾਬ ਕਪੂਰ ਸਿੰਘ ਜੀ ਅਠਾਰਵੀਂ ਸਦੀ ਦੇ ਉਨ੍ਹਾਂ ਮਹਾਨ ਸਿੱਖ ਜਰਨੈਲਾਂ ਵਿਚੋਂ ਇੱਕ ਸਨ, ਜਿੰਨ੍ਹਾ ਨੇ ਸਿਖ ਕੌਮ ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦਤ ਤੋਂ ਮਗਰੋਂ ਆਪਣੀ ਯੋਗ ਅਤੇ ਸੁਚਜੀ ਅਗਵਾਈ ਦੇ ਕੇ ਚੜ੍ਹਦੀ ਕਲਾ ਵਿਚ ਰਖਿਆ ਅਤੇ ਪੰਜਾਬ ਉਤੇ ਖਾਲਸਾ ਰਾਜ ਕਾਇਮ ਕਰਨ ਲਈ ਰਾਹ ਪੱਧਰਾ ਕੀਤਾ।
ਭੁੱਲਾਂ ਦੀ ਖਿਮਾ ਬਖਸ਼ੋ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।