4 ਨਵੰਬਰ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਇੱਕ ਵਫਦ ਵੱਲੋਂ ਹਾਲੈਂਡ ਦੇ ਵਿਦੇਸ਼ ਮੰਤਰਾਲੇ ਵਿੱਚ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਅਤੇ ਓਸ਼ੇਨੀਆ ਵਿਭਾਗ ਡਾਇਰੈਕਟੋਰੇਟ ਦੇ ਮੁਖੀ ਮਿਸਟਰ ਮੈਕਸ ਵਾਲਸਟਾਰ ਨਾਲ ਮੁਲਾਕਾਤ ਕੀਤੀ ।
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਵੱਲੋਂ ਮਿਸਟਰ ਮੈਕਸ ਵਾਲਸਟਾਰ ਨੂੰ ਮੈਮੋਰੰਡਮ ਦਿੱਤਾ ਗਿਆ । ਇਸ ਮੈਮੋਰੰਡਮ ਵਿੱਚ ਭਾਰਤ ਅੰਦਰ ਸੰਨ 1984 ਵਿੱਚ ਸਿੱਖ ਨਸਲਕੁਸ਼ੀ ਤੇ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ, ਸਿੱਖ ਰਾਜਸੀ ਬੰਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਜਾਣ ਤੋਂ ਬਆਦ ਵੀ ਜੇਲ੍ਹਾਂ ਵਿੱਚ ਰੱਖੇ ਜਾਣਾ, ਭਾਰਤ ਦੇ ਹਿੰਦੂਤਵੀ ਏਜੰਡੇ ਤਹਿਤ ਭਾਰਤ ਸੰਵਿਧਾਨ ਦੀ ਧਾਰਾ 25 ਬੀ ਅਨੁਸਾਰ ਸਿੱਖ ਧਰਮ ਨੂੰ ਮਾਨਤਾ ਦੇਣ ਤੋਂ ਇਨਕਾਰ ਅਤੇ ਸਿੱਖ ਧਰਮ ਗ੍ਰੰਥਾਂ ਦੀ ਬੇਅਦਬੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਭਾਰਤ ਸਰਕਾਰ ਦੀ ਅਸਫਲਤਾ ਆਦਿ ਮੁੱਦੇ ਸ਼ਾਮਲ ਸਨ ।
ਵਰਲਡ ਸਿੱਖ ਪਾਰਲੀਮੈਂਟ ਦੀ ਸਵੈ ਨਿਰਣੈ ਕੌਂਸਲ ਦੇ ਮੈਂਬਰ ਭਾਈ ਰਣਜੀਤ ਸਿੰਘ ਸਰਾਏ ਵੱਲੋਂ ਤਿਆਰ ਕੀਤੇ ਗਏ ਮੈਮੋਰੰਡਮ ਵਿੱਚ ਮਨੁੱਖੀ ਅਧਿਕਾਰਾਂ ਬਾਰੇ 1966 ਦੇ ਅੰਤਰਰਾਸ਼ਟਰੀ ਇਕਰਾਰਨਾਮੇ ਵਿੱਚ ਦਰਜ ਸਵੈ ਨਿਰਣੇ ਦੇ ਹੱਕ ਬਾਰੇ ਸਿੱਖਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਮਾਨਤਾ ਦੇਣ ਤੋਂ ਭਾਰਤ ਸਰਕਾਰ ਦੇ ਇਨਕਾਰ ਦਾ ਜ਼ਿਕਰ ਵੀ ਕੀਤਾ ਗਿਆ । ਭਾਰਤ ਵੱਲੋਂ ਸੰਨ 1979 ਵਿੱਚ 1966 ਦੇ ਇਕਰਾਰਨਾਮੇ ਨੂੰ ਸਵੀਕਾਰ ਕਰਨ ‘ਤੇ, ਸਵੈ ਨਿਰਣੇ ਵਾਲੀ ਮਦ ਤੇ ਇੱਕ ਰਸਮੀ ਇਤਰਾਜ਼ ਕੀਤਾ ਗਿਆ ਸੀ ਜਿਸ ਦਾ ਜਰਮਨੀ, ਫਰਾਂਸ ਅਤੇ ਹਾਲੈਂਡ ਸਮੇਤ ਕਈ ਰਾਜਾਂ ਦੁਆਰਾ ਰਸਮੀ ਤੌਰ ‘ਤੇ ਇਸ ਅਧਾਰ ‘ਤੇ ਇਤਰਾਜ਼ ਕੀਤਾ ਗਿਆ ਸੀ ਕਿ ਅਜਿਹਾ ਕਰਨਾ ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਹੈ । ਵਰਲਡ ਸਿੱਖ ਪਾਰਲੀਮੈਂਟ ਦੇ ਨੁੰਮਾਇੰਦਿਆਂ ਵੱਲੋਂ ਹਾਲੈਂਡ ਦੀ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਭਾਰਤ ਸਰਕਾਰ ਦੇ ਮਨੁੱਖੀ ਅਧਿਕਾਰਾਂ ਬਾਰੇ ਅੰਤਰਰਾਸ਼ਟਰੀ ਇਕਰਾਰਨਾਮੇ ਬਾਰੇ ਭਾਰਤ ਸਰਕਾਰ ਨੂੰ ਪੁਰਨ ਰੂਪ ਵਿੱਚ ਮੰਨਣ ਲਈ ਦਬਾਅ ਬਣਾਇਆ ਜਾਵੇ ਤਾਂ ਕਿ ਭਾਰਤ ਵਿਚਲੀਆਂ ਪੀੜਤ ਕੌਮਾਂ ਆਪਣੇ ਸਵੈ ਨਿਰਣੈ ਦੇ ਹੱਕ ਦਾ ਇਸਤੇਮਾਲ ਕਰਕੇ ਭਾਰਤ ਸਰਕਾਰ ਦੇ ਅਣਮਨੁੱਖੀ ਤਸ਼ੱਦਦ ਅਤੇ ਵਿਤਕਰੇ ਤੋਂ ਬਚ ਸਕਣ ।
ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਵੱਲੋਂ ਭਾਰਤ ਅੰਦਰ ਘਟ ਗਿਣਤੀਆਂ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਬਾਰੇ ਵੀ ਹਾਲੈਂਡ ਦੇ ਵਿਦੇਸ਼ ਮੰਤਰਾਲੇ ਨੂੰ ਜਾਣੂੰ ਕਰਵਾਇਆ ਗਿਆ ਅਤੇ ਹਾਲੈਂਡ ਦੀ ਸਰਕਾਰ ਨੂੰ ਭਾਰਤ ਸਰਕਾਰ ਦੀਆਂ ਘਟ ਗਿਣਤੀ ਵਿਰੋਧੀ ਪਾਲਿਸੀਆਂ ਬਾਰੇ ਵੀ ਆਗਾਹ ਕਰਵਾਇਆ ਗਿਆ ।
ਹਾਲੈਂਡ ਦੇ ਵਿਦੇਸ਼ ਮੰਤਰਾਲੇ ਦੇ ਮਿਸਟਰ ਮੈਕਸ ਵਾਲਸਟਾਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਸਿੱਖਾਂ ਦੇ ਮੁੱਦਿਆਂ ਬਾਰੇ ਹਾਲੈਂਡ ਦੇ ਵਿਦੇਸ਼ ਮੰਤਰਾਲੇ ਅਤੇ ਸਮੁੱਚੀ ਸਰਕਾਰ ਨੂੰ ਜਾਣੂੰ ਕਰਵਾਉਣਗੇ ਅਤੇ ਨੇੜ ਭਵਿੱਖ ਵਿੱਚ ਹਾਲੈਂਡ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਨ ਦਾ ਵੀ ਬੰਦੋਬਸਤ ਕਰਨਗੇ ।
ਹਾਲੈਂਡ ਦੇ ਵਿਦੇਸ਼ ਮੰਤਰਾਲੇ ਵਿੱਚ ਗਏ ਵਫਦ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਭਾਈ ਹਰਜੀਤ ਸਿੰਘ, ਭਾਈ ਮਨਪ੍ਰੀਤ ਸਿੰਘ ਯੂ.ਕੇ, ਭਾਈ ਹਰਜੋਤ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਸ਼ਾਮਲ ਸਨ ।