ਭਾਈ ਸਤੀ ਦਾਸ ਜੀ ਦੀ ਇਤਿਹਾਸਕ ਲਾਸਾਨੀ ਸ਼ਹਾਦਤ ਨੂੰ ਸਮਰਪਿਤ .. (ਕਵਿਤਾ )

ਨੌਂਵੇਂ ਪਾਤਸ਼ਾਹ ਦੇ ਅਨਿੰਨ ਪਿਆਰੇ ਸਿੱਖ

ਭਾਈ ਸਤੀ ਦਾਸ ਜੀ ਦੀ ਇਤਿਹਾਸਕ ਲਾਸਾਨੀ ਸ਼ਹਾਦਤ ਨੂੰ ਸਮਰਪਿਤ .. (ਕਵਿਤਾ )

ਸਾਕਾ ਚਾਂਦਨੀ ਚੌਂਕ, ਦਿੱਲੀ

 

ਸਤੀ ਦਾਸ ਜੀ ਨੂੰ ਚਾਂਦਨੀ ਚੌਂਕ ਅੰਦਰ

ਔਰੰਗਜੇਬ” ਸੀ ਜਦੋਂ ਡਰਾਉਣ ਲੱਗਾ ।

ਲਪੇਟ ਕੇ ਰੁੰਅ’ ਚ, ਜ਼ਿੰਦਾ ਸਾੜਨ ਦਾ

ਜਲਾਦਾਂ ਨੂੰ ਸੀ ਹੁਕਮ ਸੁਣਾਉਣ ਲੱਗਾ ।

 

ਕਾਜੀਆਂ ਆਖਿਆ, ਸਤੀ ਦਾਸ” ਤਾਈਂ

ਛੱਡ ਸਿੱਖੀ, ਇਸਲਾਮ ਕਬੂਲ ਕਰ ਲੈ ।

ਮਿਲਣ ਬਹਿਸ਼ਤਾਂ, ਹੂਰਾਂ ਦੀ ਸੇਜ ਮਾਣੇਂ

ਬਦਲੀ ਧਰਮ ਦੇ ਰਤਾ ਅਸੂਲ ਕਰ ਲੈ ।

 

ਧਨ ਦੌਲਤ, ਸ਼ਾਹੀ ਰੁਤਬੇ” ਮਿਲਣ ਤੈਨੂੰ

ਇਕਬਾਲ ਦੁਨੀਆ ਚ’ ਤੇਰਾ ਬੁਲੰਦ ਹੋਵੇ ।

ਬਾਦਸ਼ਾਹ’ ਕਰੂਗਾ ਤੇਰੀ ਹਰ ਇੱਛ ਪੂਰੀ

ਜ਼ਿੰਦਗੀ ਵਿੱਚ ਰਿਹਾ ਜੇ ਕੋਈ ਰੰਜ਼’ ਹੋਵੇ ।

 

ਸਤੀ ਦਾਸ’ ਫਿਰ ਅੱਗਿਓ ਕਹਿਣ ਲੱਗੇ

ਗੁਰੂ ਬਿਨਾ ਨਹੀਓਂ ਕੋਈ ਮੰਗ ਸਾਡੀ ।

ਸਿੱਖੀ ਸਿਦਕ, ਸਵਾਸਾਂ ਸੰਗ ਨਿਭ ਜਾਏ

ਕਾਜੀ! ਹੋਰ ਨਹੀਂ ਕੋਈ ਉਮੰਗ’ ਸਾਡੀ ।

 

ਗੁਰੁ ਦੇ ਚਰਨਾਂ ਚ’ ਮਾਣੀਏਂ ਸੁੱਖ ਸਾਰੇ

ਹੂਰਾਂ ਬਹਿਸ਼ਤਾਂ ਦੀ ਸਾਨੂੰ ਲੋੜ ਕੋਈ ਨੀ ।

ਰੁਤਬੇ ਰੁਲ਼ਦੇ, ਨੌਂਵੇਂ ਗੁਰੂ ਦੇ ਦਰ ਉੱਤੇ

ਧਨ ਪਦਾਰਥਾਂ ਦੀ ਸਾਨੂੰ ਹੋੜ ਕੋਈ ਨੀ ।

 

ਸਾੜ ਕੇ ਵੇਖ ਲੈ ਤੂੰ ਜ਼ਿੰਦਾ ਸਰੀਰ ਮੇਰਾ

ਕੋਈ ਅਗਨਿ ਨਹੀਂ ਸਾਨੂੰ ਪੋਹ’ ਸਕਦੀ ।

ਸ਼ਾਤ-ਰਸ, ਜੋ ਸਤਿਗੁਰੂ ਦਾਤਿ ਬਖ਼ਸ਼ੀ

ਤਨ ਸਾੜ ਮੇਰਾ ਵੀ ਨਹੀਓਂ ਖੋਹ ਸਕਦੀ ।

 

ਲਾੜੀ ਮੌਤ ਵਰ੍ਹਨ’ ਦਾ ਮਨ ਚਾਅ’ ਮੈਨੂੰ

ਕੋਈ ਜ਼ੁਲਮ ਨਹੀਂ ਸਾਨੂੰ ਝੁਕਾਅ ਸਕਦਾ ।

ਨੌਂਵੇ ਸਤਿਗੁਰ, ਮਜ਼ਲੂਮ ਦੀ ਬਾਂਹ ਪਕੜੀ

ਤਿਲਕ ਜੰਝੂ’ ਨਹੀਂ ਜਬਰੀ ਲਾਹ ਸਕਦਾ ।

 

ਆਣਿ ਕੇ ਗ਼ੁੱਸੇ ਚ’ ਦੁਸ਼ਟ ਓਸ ਕਾਜੀ’ ਨੇ

ਅੱਗ ਲਾਉਣ ਦਾ ਹੁਕਮ ਸੁਣਾਇ ਦਿੱਤਾ ।

ਸਤੀ ਦਾਸ ਨੂੰ, ਲਪੇਟ ਕੇ ਰੂੰਅ’ ਅੰਦਰ

ਪਾਪੀ ਜ਼ਲਾਦ ਨੇ, ਲਾਂਬੂੰ ਲਾਇ ਦਿੱਤਾ ।

 

ਲਟ ਲਟ ਕਰਿ, ਬਲਿਆ ਸਰੀਰ ਸਾਰਾ

ਸਤਿਨਾਮ ਦੀ ਧੁਨੀ’ ਉਠਾਉਣ ਲੱਗੇ ।

ਮੁੱਖ, ਗੁਰੂ ਤੇਗ ਬਹਾਦਰ ਦੇ ਵੱਲ ਕਰਕੇ

ਵਾਹਿਗੁਰੂ .. ਗੁਰੂ ਗੁਰ ਗਾਉਣ ਲੱਗੇ ।

 

ਸਿੱਖੀ ਸਿਦਕ ਚ’ ਰਹਿ ਅਡੋਲ ਪਿਆਰੇ

ਹੱਸ ਕੇ, ਜਾਮਿ ਸ਼ਹਾਦਤ” ਪਾ ਗਏ ਸੀ ।

ਨੌਵੇਂ ਸਤਿਗੁਰ, ਗੁਰੂ ਤੇਗ ਬਹਾਦਰ” ਦੇ

ਚਰਨ ਕਮਲਾਂ ਦੀ ਪ੍ਰੀਤ ਨਿਭਾ ਗਏ ਸੀ ।

 

ਗੁਰਜੀਤ ਸਿੰਘ ਖਾਲਸਾ

ਐਡਮਿੰਟਨ ਸਿੱਖਜ਼, ਅਲਬਰਟਾ – ਕੈਨੇਡਾ

233 Views