6️⃣ ਦਸੰਬਰ,1921
6 ਦਸੰਬਰ,1921 ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ ਤੋਸ਼ਾਖਾਨਾ ਦੀਆਂ ਚਾਬੀਆਂ ਲੈਣ ਲਈ ਕੀਤੇ ਗਏ ਸਿਖ਼ ਸੰਘਰਸ਼ ਵਿਚ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰੋਫੈਸਰਾਂ ਨੇ ਅਜ ਦੇ ਦਿਨ ਦੋ ਮਤੇ ਪਾਸ ਕੀਤੇ ਸਨ:-
1.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਥੇਬੰਦੀ ਹੈ, ਇਸ ਲਈ ਚਾਬੀਆਂ ਇਸੇ ਨੂੰ ਦਿੱਤੀਆਂ ਜਾਣ।
2.ਚਾਬੀਆਂ ਸਬੰਧੀ ਦੀਵਾਨ ਧਾਰਮਿਕ ਦੀਵਾਨ ਹਨ।
ਇਸ ਨਾਲ ਸਰਕਾਰ ਨੂੰ ਬਹੁਤ ਘਾਟਾ ਪਿਆ ਕਿਉਂਕਿ ਇਹ ਬਿਆਨ ਅਖ਼ਬਾਰਾਂ ਵਿਚ ਵੀ ਛਪ ਗਿਆ ਸੀ।
“ਚਾਬੀਆਂ ਦਾ ਮੋਰਚਾ ਦਾ ਇਤਿਹਾਸ”*
ਇਹ ਮੋਰਚਾ
19 ਅਕਤੂਬਰ,1921 ਤੋਂ ਸ਼ੁਰੂ ਹੋਇਆ ਸੀ ਜੋ 10 ਜਨਵਰੀ,1922 ਤਕ ਚਲਿਆ*।
ਸਾਲ 1922 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਸਮੇ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਗਰੇਜ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਗਏ ਸੰਘਰਸ਼ ਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ।
ਭਾਵੇਂ 20 ਅਪ੍ਰੈਲ,1921 ਨੂੰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ।ਪਰੰਤੂ ਤੋਸ਼ਾਖਾਨੇ ਦੀਆਂ ਚਾਬੀਆਂ ਹਾਲੇ ਸਰਬਰਾਹ ਸ. ਸੁੰਦਰ ਸਿੰਘ ਪਾਸ ਹੀ ਸਨ। ਸ. ਸੁੰਦਰ ਸਿੰਘ ਸਰਕਾਰ ਵੱਲੋਂ ਤਾਂ ਗੁਰਦੁਆਰਾ ਸਾਹਿਬ ਦੇ ਸਰਬਰਾਹ ਸਨ ਤੇ ਕਮੇਟੀ ਵੱਲੋਂ ਥਾਪੇ ਗਏ ਮੈਨੇਜਰ ਵੀ ਸਨ। ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਸੀ ਕਿ ਚਾਬੀਆਂ ਦਾ ਰਾਖਾ ਪ੍ਰਧਾਨ ਹੈ ਜਾਂ ਸਰਕਾਰ।
ਇਹ ਚਾਬੀਆਂ ਅੰਮ੍ਰਿਤਸਰ ਦੇ ਡੀ.ਸੀ. ਨੇ ਮਿਤੀ 7 ਨਵੰਬਰ,1921 ਨੂੰ ਲਾਲਾ ਅਮਰਨਾਥ ਈ.ਏ.ਸੀ. ਦੇ ਰਾਹੀਂ ਸਰਬਰਾਹ ਦੇ ਪਾਸੋਂ ਲੈ ਲਈਆਂ ਜੋ ਇਸ ਸਾਰੀ ਜੱਦੋ-ਜਹਿਦ ਦਾ ਕਾਰਨ ਬਣੀਆਂ।
ਸ. ਸੁੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਬਾਬਾ ਖੜਕ ਸਿੰਘ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 29 ਅਕਤੂਬਰ,1921 ਨੂੰ ਇਕ ਇਕੱਤਰਤਾ ਕਰ ਕੇ ਸਰਕਾਰ ਤੋਂ ਚਾਬੀਆਂ ਦੀ ਮੰਗ ਕੀਤੀ ਗਈ।ਇਸ ਇਕੱਤਰਤਾ ਵਿਚ ਸ. ਸੁੰਦਰ ਸਿੰਘ ਵੀ ਸ਼ਾਮਲ ਸੀ।ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਮੰਨਣ ਤੋਂ ਇਨਕਾਰ ਕਰਦੇ ਹੋਏ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ।
11 ਨਵੰਬਰ,1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨਾਲ ਨਾ-ਮਿਲਵਰਤਨ ਦਾ ਮਤਾ ਪਾਸ ਕਰ ਦਿੱਤਾ ਤੇ ਫੈਸਲਾ ਕੀਤਾ ਕਿ ਪ੍ਰਿੰਸ ਆਫ ਵੇਲਜ਼ ਦਾ ਅੰਮ੍ਰਿਤਸਰ ਆਉਣ ’ਤੇ ਬਾਈਕਾਟ ਕੀਤਾ ਜਾਵੇਗਾ।ਅੰਮ੍ਰਿਤਸਰ ਸ਼ਹਿਰ ਵਿਚ ਹੜਤਾਲ ਕੀਤੀ ਜਾਵੇ ਤੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਉਸ ਦਾ ਪ੍ਰਸ਼ਾਦ ਪ੍ਰਵਾਨ ਨਾ ਕੀਤਾ ਜਾਵੇ।
ਸਰਕਾਰ ਨੇ ਕੈਪਟਨ ਬਹਾਦਰ ਸਿੰਘ ਨੂੰ ਨਵਾਂ ਸਰਬਰਾਹ ਨਿਯੁਕਤ ਕਰ ਦਿੱਤਾ।
12 ਨਵੰਬਰ,1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਨਵੇਂ ਸਰਬਰਾਹ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਦਖਲ ਨਾ ਦੇਣ ਦਿੱਤਾ ਜਾਵੇ।
15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ’ਤੇ ਸਰਬਰਾਹ ਆਇਆ ਪਰ ਉਸ ਨੂੰ ਕਿਸੇ ਨੇ ਨੇੜੇ ਨਹੀਂ ਢੁੱਕਣ ਦਿੱਤਾ।
26 ਨਵੰਬਰ,1921 ਨੂੰ ਸਰਕਾਰ ਅਤੇ ਓਸ ਵੇਲੇ ਦੇ ਅਕਾਲੀਆਂ ਵੱਲੋਂ ਆਪਣਾ-ਆਪਣਾ ਪੱਖ ਪੇਸ਼ ਕਰਨ ਲਈ ਅਜਨਾਲੇ ਵਿਚ ਜਲਸਾ ਰੱਖ ਦਿੱਤਾ ਗਿਆ।
26 ਨਵੰਬਰ,1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਜਨਾਲੇ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ।
24 ਨਵੰਬਰ ਨੂੰ ਸਰਕਾਰ ਨੇ ਹਰ ਤਰ੍ਹਾਂ ਦੇ ਜਲਸੇ-ਜਲੂਸ ਕਰਨ ਉੱਪਰ ਪਾਬੰਦੀ ਲਗਾ ਦਿੱਤੀ।
26 ਨਵੰਬਰ ਨੂੰ ਸਰਕਾਰ ਨੇ ਅਜਨਾਲੇ ਵਿਖੇ ਜਲਸਾ ਕੀਤਾ ਪਰ ਅਕਾਲੀਆਂ ਵੱਲੋਂ ਦੀਵਾਨ ਲਾਏ ਜਾਣ ਕਰਕੇ 10 ਮੁਖੀ ਸਿੱਖਾਂ ਸ.ਦਾਨ ਸਿੰਘ,ਸ. ਤੇਜਾ ਸਿੰਘ,ਸ. ਜਸਵੰਤ ਸਿੰਘ,ਪੰਡਤ ਦੀਨਾ ਨਾਥ ਸੰਪਾਦਕ ‘ਦਰਦ’, ਬਾਬਾ ਖੜਕ ਸਿੰਘ, ਸ. ਮਹਿਤਾਬ ਸਿੰਘ, ਸ. ਸੁੰਦਰ ਸਿੰਘ ਲਾਇਲਪੁਰੀ,ਸ. ਤੇਜਾ ਸਿੰਘ ਸਮੁੰਦਰੀ, ਸ. ਅਮਰ ਸਿੰਘ ਝਬਾਲ, ਮਾਸਟਰ ਤਾਰਾ ਸਿੰਘ ਆਦਿਕ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।ਗ੍ਰਿਫਤਾਰੀਆਂ ਹੋਣ ਨਾਲ ਇਹ ਲਹਿਰ ਹੋਰ ਤੇਜ਼ ਹੋ ਗਈ।
ਇਸ ਘਟਨਾ ਦੇ ਰੋਸ ਵਜੋਂ 27 ਨਵੰਬਰ ਨੂੰ ਥਾਂ-ਥਾਂ ’ਤੇ ਰੋਸ ਦਿਵਸ ਮਨਾਇਆ ਗਿਆ ਤੇ ਰੋਸ ਦੀਵਾਨ ਕੀਤੇ ਗਏ।
ਗੁਰੂ ਕੇ ਬਾਗ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਰ ਰੋਜ਼ ਦੀਵਾਨ ਲੱਗਣ ਲੱਗ ਪਏ। ਸਿੱਖਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜਿਆ ਜਾਣ ਲੱਗਾ।ਅਜਨਾਲੇ ਤੋਂ ਕੈਦ ਕੀਤੇ ਸਿੱਖਾਂ ’ਤੇ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਨੂੰ 6-6 ਮਹੀਨੇ ਦੀ ਕੈਦ ਤੇ ਜ਼ੁਰਮਾਨੇ ਕੀਤੇ ਗਏ।
ਇਸ ਦੇ ਵਿਰੋਧ ਵਿਚ ਕਈ ਦੇਸ਼ ਭਗਤਾਂ ਤੇ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ।
1 ਜਨਵਰੀ,1922 ਨੂੰ ਕਈ ਸਿੱਖ ਸੰਸਥਾਵਾਂ ਦੀ ਇਕ ਕਾਨਫਰੰਸ ਹੋਈ ਜਿਸ ਵਿਚ ਉਨ੍ਹਾਂ ਨੇ ਸਰਕਾਰ ਵਿਰੁੱਧ ਮਤਾ ਪਾਸ ਕਰ ਦਿੱਤਾ।
6 ਦਸੰਬਰ,1921 ਨੂੰ ਅਜ ਦੇ ਦਿਨ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰਾਂ ਨੇ ਵੀ ਦੋ ਮਤੇ ਪਾਸ ਕੀਤੇ:-
1.ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਥੇਬੰਦੀ ਹੈ, ਇਸ ਲਈ ਚਾਬੀਆਂ ਇਸੇ ਨੂੰ ਦਿੱਤੀਆਂ ਜਾਣ।
2.ਚਾਬੀਆਂ ਸਬੰਧੀ ਦੀਵਾਨ ਧਾਰਮਿਕ ਦੀਵਾਨ ਹਨ।
ਇਸ ਨਾਲ ਸਰਕਾਰ ਨੂੰ ਬਹੁਤ ਘਾਟਾ ਪਿਆ ਕਿਉਂਕਿ ਇਹ ਬਿਆਨ ਅਖ਼ਬਾਰਾਂ ਵਿਚ ਵੀ ਛਪ ਗਿਆ ਸੀ।
5 ਜਨਵਰੀ,1922 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਸਰਕਾਰ ਨੇ ਚਾਬੀਆਂ ਦੇਣੀਆਂ ਚਾਹੀਆਂ ਪਰ ਅਕਾਲੀਆਂ ਨੇ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਪਹਿਲਾਂ ਕੈਦੀਆਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ।
11 ਜਨਵਰੀ,1922 ਨੂੰ ਸਰਕਾਰ ਨੇ ਸਰ ਜਾਨ ਐਨਾਰਡ ਰਾਹੀਂ ਪੰਜਾਬ ਕੌਂਸਲ ਵਿਚ ਗ੍ਰਿਫਤਾਰ ਕੀਤੇ ਗਏ ਸਾਰੇ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਮਾਣਿਤ ਜਮਾਤ ਮੰਨ ਲਿਆ ਗਿਆ।
18 ਜਨਵਰੀ,1922 ਨੂੰ 193 ਵਿੱਚੋਂ 150 ਸਿੱਖਾਂ ਨੂੰ ਰਿਹਾਅ ਕਰ ਦਿੱਤਾ।
20 ਜਨਵਰੀ, 1922 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਭਾਰੀ ਦੀਵਾਨ ਸਜਿਆ। ਸਰਕਾਰ ਨੇ ਆਪਣੇ ਪ੍ਰਤੀਨਿਧ ਭੇਜ ਕੇ ਤੋਸ਼ੇਖਾਨੇ ਦੀਆਂ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪ ਦਿੱਤੀਆਂ। ਬਾਬਾ ਖੜਕ ਸਿੰਘ ਜੀ ਨੇ ਚਾਬੀਆਂ ਲੈਣ ਤੋਂ ਪਹਿਲਾਂ ਉੱਚੀ ਆਵਾਜ਼ ਵਿਚ ਸੰਗਤ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਚਾਬੀਆਂ ਲੈਣ ਦੀ ਇਜਾਜ਼ਤ ਹੈ ਤਾਂ ਸੰਗਤ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਇਸ ਲੜਾਈ ਦੀ ਜਿੱਤ ਨੂੰ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਕਿਹਾ ਜਾਂਦਾ ਹੈ।
ਇਹ ਮੋਰਚਾ ਸਿੱਖ ਪੰਥ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਧਰਮੀ ਆਗੂ ਜਿਹੜੇ ਸਿੱਖੀ ਸਿਧਾਂਤਾਂ ਦੇ ਸੱਚੇ ਪਹਿਰੇਦਾਰ ਹੁੰਦੇ ਸਨ, ਉਨ੍ਹਾਂ ਦੀ ਅਵਸਥਾ ਕਿੰਨੀ ਉੱਚੀ ਹੁੰਦੀ ਸੀ।
ਅਜੋਕੇ ਦੌਰ ਚ ਸਿਆਸਤ ਦੇ ਧਰਮ ਤੇ ਭਾਰੂ ਹੋਣ ਸਦਕਾ ਧਰਮ ‘ਚ ਆਏ ਨਿਘਾਰ ਕਾਰਣ,ਸਿੱਖਾਂ ‘ਚ ਧਾਰਮਿਕ,ਸਮਾਜਿਕ ਤੇ ਮਾਨਸਿਕ ਕਮਜ਼ੋਰੀ ਆ ਗਈ ਹੈ,ਜਿਸ ਕਾਰਣ ਉਹ ਧਰਮ ਦੀ ਥਾਂ,ਪਦਾਰਥ ਨੂੰ ਪਿਆਰ ਕਰਨ ਲੱਗ ਪਏ ਹਨ।
ਇਕ ਪਾਸੇ ਵਿਦੇਸ਼ੀ,ਜ਼ਾਲਮ ਹਕੂਮਤ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਿੱਕ ਠੋਕ ਕੇ ਵੰਗਾਰਦਾ ਕਿ ਸਿੱਖਾਂ ਦੀ ਇਹ ਧਾਰਮਿਕ ਸੰਸਥਾ,ਅੰਗਰੇਜ਼ੀ ਹਕੂਮਤ ਦੇ ਬਰਾਬਰ ਦਾ ਦਰਜਾ ਰੱਖਦੀ ਹੈ ਅਤੇ।
ਸਿੱਖਾਂ ਲਈ ਮਾਣ ਵਾਲੀ ਗਲ ਹੈ,ਕੇ ਸਿਖਾਂ ਦੇ ਇਕਜੁਟ ਹੋ ਕੇ ਕੀਤੇ ਸੰਗਰਸ਼ ਸਦਕਾ ਇੱਕ ਪਾਸੇ ਅੰਗਰੇਜ਼ੀ ਸਰਕਾਰ, ਸਿੱਖਾਂ ਅੱਗੇ ਝੁੱਕੀ ਸੀ,ਦੂਜੇ ਪਾਸੇ ਨਹਿਰੂ ਨੇ ਸਿੱਖਾਂ ਦੀ ਇਸ ਜਿੱਤ ਨੂੰ ‘ਦੇਸ਼ ਦੀ ਅਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ’ ਦੱਸਿਆ ਸੀ।
ਇਹ ਮੋਰਚਾ ਸਿੱਖਾਂ ਵੱਲੋਂ ਦੇਸ਼ ਦੀ ਅਜ਼ਾਦੀ ਦੀ ਲ਼ੜਾਈ ‘ਚ ਮੋਹਰੀ ਰੋਲ ਦਾ ਪ੍ਰਤੀਕ ਬਣਿਆ,ਅੱਜ ਜੋ ਹਾਕਮ ਸਿੱਖਾਂ ਨੂੰ ਦੇਸ਼ ‘ਚ ਦੂਜੇ ਨੰਬਰ ਦੀ ਸ਼ਹਿਰੀ ਸਮਝਦੇ ਹਨ ਅਤੇ ਸਿੱਖਾਂ ‘ਤੇ ਕਈ ਤਰ੍ਹਾਂ ਦੀਆਂ ਤੋਹਮਤਾਂ ਲਾਈਆਂ ਜਾਂਦੀਆਂ ਹਨ, ਉਨ੍ਹਾਂ ਲਈ ਵੀ ਅਸਲੀਅਤ ਦਰਸਾਉਣ ਵਾਲਾ ਹੈ।
ਅੱਜ ਜਦੋਂ ਅਸੀਂ ਕੌਮ ਦੇ ਉਸ ਜਾਹੋ-ਜਲਾਲ (ਜਿਹੜਾ ਪੁਰਾਤਨ ਸਮੇਂ ਹੁੰਦਾ ਸੀ ਅਤੇ ਕੌਮ ਕਿਸੇ ਬਾਦਸ਼ਾਹਤ ਦੀ ਟੈਂਅ ਨਹੀਂ ਸੀ ਮੰਨਦੀ) ਨੂੰ ਯਾਦ ਕਰਦੇ ਹਾਂ ਤਾਂ ਵਰਤਮਾਨ ਸਮੇਂ ਸਾਡੇ ‘ਚ ਆ ਚੁੱਕੀ ਕਮਜ਼ੋਰੀ, ਨਿਤਾਣਾਪਣ ਤੇ ਮਰਦੀ ਜ਼ਮੀਰ ਬਾਰੇ ਵੀ ਜ਼ਰੂਰ ਸੋਚਦੇ ਹਾਂ।
ਦਸਮੇਸ਼ ਪਿਤਾ ਨੇ ਜਿਸ ਕੌਮ ਨੂੰ ‘ਸਰਦਾਰੀ’ ਬਖ਼ਸੀ ਸੀ,ਅੱਜ ਅਸੀਂ ਉਸਦੇ ਲਾਇਕ ਨਹੀਂ ਰਹਿ ਗਏ।
ਇਸ ਲਈ ਇਸ ਵੱਡੀ ਗਿਰਾਵਟ ਦੇ ਕਾਰਣਾਂ ਨੂੰ ਘੋਖਣਾ ਅਤਿ ਜ਼ਰੂਰੀ ਹੈ।
ਅਜਿਹੇ ਦਿਹਾੜੇ ਹੀ ਸਾਨੂੰ ਜਗਾਉਂਦੇ ਹਨ,ਜਾਗਣਾ ਜਾਂ ਨਾਂ ਜਾਗਣਾ ਉਹ ਸਾਡੇ ਤੇ ਨਿਰਭਰ ਕਰਦਾ ਹੈ।