ਸ੍ਰੀ ਅਨੰਦਪੁਰ ਸਾਹਿਬ ਨੂੰ 8 ਮਹੀਨੇ ਲੰਮਾ ਘੇਰਾ

ਸ੍ਰੀ ਅਨੰਦਪੁਰ ਸਾਹਿਬ ਨੂੰ 8 ਮਹੀਨੇ ਲੰਮਾ ਘੇਰਾ

ਦਸੰਬਰ 1704 ਦੇ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ, ਉਨਾਂ ਦੀ ਦਾਦੀ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦਾ ਕੋਤਵਾਲ ਵਜ਼ੀਰ ਖਾਨ ਪਾਸ ਸਰਹਿੰਦ ਛੱਡ ਗਿਆ। ‘ਗੁਰਬਿਲਾਸ ਪਾਤਸ਼ਾਹੀ 10ਵੀਂ’ ਵਿਚ ਇਸ ਦਾ ਜ਼ਿਕਰ ਹੈ ਕਿ ਜਦ ਸਾਹਿਬਜ਼ਾਦਿਆਂ ਨੂੰ ਸਰਹਿੰਦ ਲਿਆਂਦਾ ਗਿਆ ਤਾਂ ਉਸ ਸਮੇਂ ਉਨਾਂ ਨੇ ਨੀਲਾ ਬਾਣਾ ਪਾਇਆ ਹੋਇਆ ਸੀ। ਉਨਾਂ ਦੇ ਖੂਬਸੂਰਤ ਬਦਨ ਇੰਜ ਲੱਗ ਰਹੇ ਸਨ ਜਿਵੇਂ ਬੱਦਲਾਂ ਵਿਚ ਬਿਜਲੀ ਚਮਕ ਰਹੀ ਹੋਵੇ।

ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਪਾਈਆਂ ਹੋਈਆਂ ਸਨ।

ਨੀਲੇ ਝਗੀਆਂ ਤਨ ਮੋ ਕੈਸੇ।

ਬਿਜਲੀ ਸਯਾਮ ਅਭ੍ਰ ਮੈ ਜੈਸੇ।

ਕੋਮਲ ਅਮਗ ਹਥੋੜੀ ਹਾਥਾ।

ਪਾਦ ਜੰਜੀਰੀ ਤਿਨੁ ਕੋ ਸਾਥਾ।

*ਕਚਹਿਰੀ ਵਿਚ ਪੇਸ਼ ਹੋਣ ਵੇਲੇ ਉਨਾਂ ਕੇਸਰੀ ਬਾਣਾ ਸਜਾ ਲਿਆ

…ਕੇਸਰੀ ਅੰਗ ਪੋਸ਼ਾਕ ਮਹਾਬਰ।

ਉਨਾਂ ਨੂੰ ਦੇਖ ਸੂਬੇਦਾਰ ਦੇ ਮਨ ਵਿਚ ਆਇਆ ਕਿ ਇਨਾਂ ਨੂੰ ਦੀਨ-ਏ-ਮੁਹੰਮਦੀ ਚ ਲਿਆਉਣਾ ਚਾਹੀਦਾ ਹੈ।ਤਿੰਨਾਂ ਨੂੰ ਸਰਹਿੰਦ ਦੇ ਕਿਲੇ ਦੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ।

ਠੰਡੇ ਬੁਰਜ ਨੂੰ ਸਰਦ-ਬੁਰਜ ਵੀ ਕਿਹਾ ਜਾਂਦਾ ਸੀ। ਸ਼ਹਿਰ ਸਰਹਿੰਦ ਦੇ ਚਾਰੇ ਪਾਸੇ ਇਕ ਕੰਧ ਸੀ। ਉਸ ਵਿਚ ਅੱਠ ਬੁਰਜ ਸਨ। ਠੰਡਾ ਬੁਰਜ ਉਸ ਨੂੰ ਇਸ ਲਈ ਕਿਹਾ ਜਾਂਦਾ ਸੀ ਕਿ ਇਹ 140 ਫੁੱਟ ਉੱਚਾ ਸੀ ਅਤੇ ਇਸ ਦੇ ਨਾਲ ਠੰਡੇ ਪਾਣੀ ਦਾ ਨਾਲਾ ਵਗਦਾ ਸੀ, ਜਿਸ ਕਾਰਨ ਇਹ ਬਹੁਤ ਠੰਡਾ ਰਹਿੰਦਾ ਸੀ ਅਤੇ ਸੂਬਾ ਗਰਮੀ ਦੇ ਦਿਨਾਂ ਵਿਚ ਇੱਥੇ ਠਹਿਰਿਆ ਕਰਦਾ ਸੀ।ਅੱਤ ਦੀ ਠੰਡ ਦੇ ਦਿਨਾਂ ਵਿਚ ਬਿਰਧ ਮਾਤਾ ਗੁਜਰੀ ਜੀ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਬੁੱਕਲ ਵਿਚ ਲੈ ਕੇ ਨਿੱਘ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ।ਮਾਤਾ ਜੀ ਸਾਹਿਬਜ਼ਾਦਿਆਂ ਨੂੰ ਧਰਮ ਉੱਤੇ ਡਟੇ ਰਹਿਣ ਦੀ ਸਿੱਖਿਆ ਦੇ ਰਹੇ ਸਨ।

ਇੱਥੇ ਭਾਈ ਮੋਤੀ ਰਾਮ ਜੀ,ਜੋ ਨਵਾਬ ਵਜ਼ੀਰ ਖਾਂ ਦਾ ਰਸੋਈਆ ਸੀ। ਇਹ ਗੁਰੂ-ਘਰ ਦਾ ਸ਼ਰਧਾਲੂ ਵੀ ਸੀ। ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਠੰਡੇ ਬੁਰਜ ਵਿਚ ਦੁੱਧ ਪਹੁੰਚਾਉਂਦਾ ਰਿਹਾ।(ਇਸ ਗੱਲ ਦਾ ਪਤਾ ਲੱਗਣ ਉੱਤੇ ਨਵਾਬ ਵਜ਼ੀਰ ਖਾਂ ਨੇ ਉਸ ਨੂੰ ਸਾਰੇ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ।)

ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ। ਹੁਕਮ ਦੀ ਤਾਮੀਲ ਕਰਦਿਆਂ ਦੀਵਾਨ ਸੁੱਚਾ ਨੰਦ ਦੀ ਅਗਵਾਈ ਹੇਠ ਸਿਪਾਹੀ ਠੰਡੇ ਬੁਰਜ ਤੋਂ ਮਾਤਾ ਗੁਜਰੀ ਜੀ ਪਾਸੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ। ਅੱਲਾ ਯਾਰ ਖਾਂ ਜੋਗੀ ਨੇ ਇਸ ਘਟਨਾ ਨੂੰ ਕਲਮ- ਬੰਦ ਕਰਦੇ ਹੋਏ ਲਿਖਿਆ ਹੈ :

ਬੱਚੋਂ ਕੋ ਲੇਨੇ ਆਏ ਗਰਜ਼ ਚੰਦ ਬੇ-ਹਯਾ,

ਸਰਦਾਰ ਇਨਕਾ ਕਹਤੇ ਕਿ ਸੁੱਚਾ ਨੰਦ ਥਾ।

ਮਾਤਾ ਗੁਜਰੀ ਜੀ ਪਾਸੋਂ ਸਾਹਿਬਜ਼ਾਦਿਆਂ ਦੀ ਜੁਦਾਈ ਦਾ ਸਮਾਂ ਸਿਰ ਉੱਤੇ ਆਣ ਪਹੁੰਚਾ।*

ਅੱਲਾ ਯਾਰ ਖਾਂ ਜੋਗੀ ਇਸ ਬਾਰੇ ਮਾਤਾ ਗੁਜਰੀ ਜੀ ਦੇ ਵਿਚਾਰ ਕਲਮ-ਬੰਦ ਕਰਦਾ ਲਿਖਦਾ ਹੈ ਕਿ : *ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।

ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਧੁਲਾ ਤੋ ਲੂੰ।

ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ। ਮਰਨੇ ਸੇ ਪਹਲੇ ਤੁਮ ਕੋ ਦੁਲਹਾ ਬਨਾ ਤੋ ਲੂੰ* ।

ਸਾਹਿਬਜ਼ਾਦਿਆਂ ਨੂੰ ਲਿਆ ਕੇ ਕਚਹਿਰੀ ਵਿਚ ਪੇਸ਼ ਕਰਨ ਲਈ ਸਿਪਾਹੀ ਪੈਦਲ ਹੀ ਵਜ਼ੀਰ ਖਾਂ ਦੀ ਕਚਹਿਰੀ ਵੱਲ ਤੁਰ ਪਏ।ਕਚਹਿਰੀ ਦੇ ਨੇੜੇ ਪਹੁੰਚੇ ਤਾਂ ਸਾਹਿਬਜ਼ਾਦਿਆਂ ਨੇ ਦੇਖਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ।

ਨਿੱਕੀ ਬਾਰੀ ਖੁਲੀ ਹੈ, ਜਿਸ ਦੇ ਅੰਦਰ ਜਾਣ ਲਈ ਸਿਰ ਝੁਕਾਉਣਾ ਪੈਂਦਾ ਹੈ। ਸੂਝਵਾਨ ਸਾਹਿਬਜ਼ਾਦੇ ਹਾਕਮਾਂ ਦੀ ਚਾਲ ਸਮਝ ਗਏ। ਬੜੀ ਚੁਸਤੀ ਨਾਲ ਉਨਾਂ *ਪਹਿਲਾਂ ਪੈਰ ਅੰਦਰ ਕੀਤੇ ਅਤੇ ਬਿਨਾਂ ਸੀਸ ਝੁਕਾਏ ਅੰਦਰ ਦਾਖਲ ਹੋ ਗਏ। ਵਜ਼ੀਰ ਖਾਂ ਦੀ ਕਚਹਿਰੀ ਲੱਗੀ ਹੋਈ ਸੀ।ਸਾਹਿਬਜ਼ਾਦਿਆਂ ਨੇ ਅੰਦਰ ਪਹੁੰਚਦਿਆਂ ਹੀ ਗੱਜ ਕੇ ਫਤਹਿ ਬੁਲਾਈ : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥

ਉਨਾਂ ਦੇ ਉੱਚੇ ਜੈਕਾਰੇ ਨਾਲ ਕਚਹਿਰੀ ਗੂੰਜ ਉੱਠੀ ਤੇ ਸਭ ਦੀਆਂ ਨਜ਼ਰਾਂ ਬਹਾਦਰ ਤੇ ਨਿਡਰ ਸਾਹਿਬਜ਼ਾਦਿਆਂ ਉੱਤੇ ਟਿਕ ਗਈਆਂ।

*ਸੂਬੇਦਾਰ ਨੇ ਉਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ। ਕਈ ਤਰਾਂ ਦੇ ਤਸੀਹਿਆਂ ਦੇ ਨਾਲ-ਨਾਲ ਲਾਲਚ ਵੀ ਦਿੱਤੇ ਗਏ।

ਇਹ ਕਿਹਾ ਕਿ ਔਰੰਗਜ਼ੇਬ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਉਂਦੇ ਹਾਂ,

ਰਾਜ ਲੈ ਦਿੰਦੇ ਹਾਂ,

ਰੇਸ਼ਮੀ ਕੱਪੜੇ ਪਾਓ,

ਸ਼ਹਿਜ਼ਾਦੀਆਂ ਦੇ ਡੋਲੇ ਲੈ ਲਵੋ,

ਸਿਰਫ਼ ਇਸਲਾਮ ਕਬੂਲ ਕਰ ਲਵੋ :

ਤੁਮੇ ਸਾਹ ਕੇ ਮੇਲ ਕਰਾਵੈ।

ਬਹੁ ਦੇਸਨ ਕੋ ਰਾਜ ਦਿਵਾਵੈ।

ਪਟ ਭੂਖਨ ਤੁਮ ਅਨਮਨ ਦੈ ਹੈ।

ਦੁਖਤਰ ਸਹਿਤ ਸੂਬਤਰ ਹ੍ਵੈ ਹੈ।

ਜੋਤੀ ਨਾਰ ਚਾਹ ਜੋ ਦੇ ਹੀ।

ਨੀਲ ਪਟੰਬਰ ਧਾਰੋ ਏ ਹੀ।

ਪਰ ਸੂਰਮੇ ਸਾਹਿਬਜ਼ਾਦਿਆਂ ਨੇ ਸਭ ਲਾਲਚ ਠੁਕਰਾ ਦਿੱਤੇ। ਉਨਾਂ ਕਿਹਾ ਕਿ ਉਹ ਧਰਮ ਉੱਤੇ ਪੱਕੇ ਰਹਿਣਗੇ ਚਾਹੇ ਇਸ ਲਈ ਸ਼ਹਾਦਤ ਹੀ ਕਿਉਂ ਨਾ ਦੇਣੀ ਪਵੇ :

*ਹਮਰੇ ਬੰਸ ਰੀਤ ਇਮ ਆਈ।

ਸੀਸ ਦੇਤ ਪਰ ਧਰਮ ਨ ਜਾਈ*।

ਤਾਂ ਸੁੱਚਾ ਨੰਦ ਨੇ ਕਿਹਾ :

ਇਹ ਮੂਏ ਬਿਨ ਨਹਿ ਕਲਯਾਨੀ।

‘ਕਥਾ ਗੁਰੂ ਜੀ ਕੇ ਸੁਤਨ ਕੀ’ ਵਿਚ ਭਾਈ ਦੁੱਨਾ ਸਿੰਘ ਨੇ ਲਿਖਿਆ ਹੈ ਕਿ ਕਿਤਨਾ ਦੁੱਖ ਦਿੱਤਾ ਗਿਆ ਪਰ ਸਾਹਿਬਜ਼ਾਦੇ ਦ੍ਰਿੜ ਰਹੇ :

ਬਾਲ ਬੁਲਾਇ ਲਏ ਜਬ ਹੀ, ਤਬ ਆਨ ਅਦਾਲਤ ਬੀਚ ਪਠਾਏ।

ਦੇਖਤ ਹੈ ਸਭ ਹੀ ਜਗ ਆਇ, ਮਨਹੁ ਫੂਲ ਗੁਲਾਬ ਸੁਹਾਏ।

ਤਹਿ ਮਲੇਛ ਲਗੇ ਦੁਖ ਦੇਵਨ, ਚਾਹਤ ਹੈ, ਖਲ ਦੀਨ ਮਿਲਾਏ।

ਨਾਹਿ ਮੰਨੈ ਦੁਖ ਸੀਸ ਸਹੈ, ਦ੍ਰਿੜਤਾ ਹਰਿ ਆਪ ਦਈ ਤਿਨ ਆਏ।

ਹਾਰ ਮੰਨ ਕੇ ਸੂਬੇ ਨੇ ਉਨਾਂ ਨੂੰ ਦੂਸਰੇ ਦਿਨ ਪੇਸ਼ ਕਰਨ ਦਾ ਹੁਕਮ ਦੇ ਦਿੱਤਾ। ਅਗਲੇ ਦਿਨ ਫੇਰ ਕਚਹਿਰੀ ਲੱਗ ਗਈ। ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੋਇਆ। ਉਹੀ ਪਿਆਰੇ ਬੱਚੇ ਅੱਗੇ ਨਾਲੋਂ ਵੀ ਚੜਦੀ ਕਲਾ ਵਿਚ ਪੇਸ਼ ਹੋਏ। ਸੂਬੇ ਦਾ ਗੁੱਸਾ ਆਪੇ ਤੋਂ ਬਾਹਰ ਹੁੰਦਾ ਜਾਂਦਾ ਸੀ। ਉਸ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ਕਸੂਰ ਸਮਝਾ ਕੇ ਉਨਾਂ ਨੂੰ ਸਜ਼ਾ ਦੇਣ ਲਈ ਕਿਹਾ ਗਿਆ। ਕਾਜ਼ੀ ਨੇ ਕਿਹਾ ਕਿ ਇਸਲਾਮ ਮਾਸੂਮ ਬੱਚਿਆਂ ਨੂੰ ਉਨਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ।

ਮਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ। ਸੂਬੇ ਵਲੋਂ ਸ਼ੇਰ ਮੁਹੰਮਦ ਖਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਕਿਹਾ ਗਿਆ ਕਿ ਉਸ ਦੇ ਭਰਾ ਨਾਹਰ ਖਾਂ ਨੂੰ ਅਤੇ ਉਸ ਦੇ ਭਾਣਜੇ ਖਿਜਰ ਖਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੇ ਯੁੱਧ ਵਿਚ ਮਾਰ ਦਿੱਤਾ ਸੀ, ਉਹ ਇਨਾਂ ਦਾ ਬਦਲਾ ਇਨਾਂ ਬੱਚਿਆਂ ਕੋਲੋਂ ਲੈ ਲਵੇ। ਨਵਾਬ ਸ਼ੇਰ ਮੁਹੰਮਦ ਖਾਂ ਨੇ ਇਸ ਦਲੀਲ ਨੂੰ ਰੱਦ ਹੀ ਨਹੀਂ ਕੀਤਾ, ਸਗੋਂ ਹਾਅ ਦਾ ਨਾਅਰਾ ਵੀ ਮਾਰਿਆ ਕਿ:

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ। ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ।

ਨਵਾਬ ਮਲੇਰਕੋਟਲੇ ਦਾ ਇਹ ਦਲੇਰੀ ਭਰਿਆ ਜਵਾਬ ਸੁਣ ਕੇ ਸੁੱਚਾ ਨੰਦ ਨੇ ਆਪਣੀ ਮਲੀਨ ਬੁੱਧੀ ਨਾਲ ਭਰਪੂਰ ਇਕ ਵਾਰ ਹੋਰ ਕੀਤਾ :

ਉਨ ਕਹਯੋ ਨਵਾਬ, ਇਹ ਸਰਪ ਬਿਸੂਰੇ।

ਛੋਟੇ ਬੜੇ ਏ ਡੱਸਗ ਜ਼ਰੂਰੇ।

ਇਹ ਬਾਤ ਸੁਣ ਕੇ- ਸੂਬੇਦਾਰ ਕੌ ਖੌਫ਼ ਖੁਦਾ ਕਾ ਹੁਆ। *ਸੁੱਚਾ ਨੰਦ ਨੇ ਕਿਹਾ- ਇਹ ਸ਼ੀਰ ਨਹੀਂ, ਸ਼ੇਰ ਕੇ ਬੱਚੇ ਹੈਂ।

ਜਦ ਸਿਆਣੇ ਹੋਇੰਗੇ ਤਦ ਇਹ ਤੂਫਾਨ ਉਠਾਵੇਂਗੇ* । ਅਰ ਇਨ ਕੋ ਸਲਾਮ ਕਰਨ ਨੂੰ ਕਹਿ, ਇਹ ਨਹੀਂ ਕਰਨਗੇ।

ਸੁੱਚਾ ਨੰਦ ਨੇ ਕਿਹਾ- ਸੂਬੇ ਕੋ ਸਲਾਮ ਕਰੋ।

ਤਦ ਸਾਹਿਬਜ਼ਾਦਿਆਂ ਬਚਨ ਕੀਆ : ਜੋ ਹਮ ਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ, ਅਉਰ ਕੋ ਸਲਾਮ ਨਹੀਂ ਕਰਤੇ।

ਸੁੱਚਾ ਨੰਦ ਨੇ ਮੌਕਾ ਸੰਭਾਲ ਕਿਹਾ :

ਜੋ ਮੈਂ ਅਰਜ਼ ਕੀਆ ਸੋ ਆਪ ਨੇ ਦੇਖਾ।

ਇਸ ਬਾਤ ਕੋ ਚਿੱਤ ਮੋਂ ਦੇਖ ਕੇ,

ਝੂਠਾ ਨੰਦ ਦਾ ਕਹਿਣਾ ਦ੍ਰਿੜ ਭਇਆ, ਤਦ ਉਸ ਨੇ ਜੱਲਾਦ ਕਉ ਕਿਹਾ।

ਇਸ ਤਰਾਂ ਇਹ ਕਾਰਾ ਹੂਆ।”

ਅੱਜ ਵੀ ਗੱਲ ਕਿਸੇ ਕੰਢੇ ਨਾ ਲਗਦੀ ਦੇਖ ਕੇ ਅਗਲੀ ਪੇਸ਼ੀ ਰੱਖੀ ਗਈ। ਫਿਰ ਉਹੀ ਪੁਰਾਣੀ ਰੱਟ ਕਿ ਇਸਲਾਮ ਕਬੂਲ ਕਰੋ। ਪਰ ਸਾਹਿਬਜ਼ਾਦੇ ਅਡੋਲ, ਸ਼ਾਂਤ ਤੇ ਬੇਪਰਵਾਹ ਰਹੇ। ਭਲਾ ਜਿਨਾਂ ਬੱਚਿਆਂ ਨੇ ਬਚਪਨ ਵਿਚ ਹੀ ਦਾਦੇ, ਪੜਦਾਦੇ ਦੀਆਂ ਬਹਾਦਰੀਆਂ ਦੇ ਕਿੱਸੇ ਆਪਣੀ ਦਾਦੀ ਤੋਂ ਸੁਣੇ ਹੋਣ। ਸ੍ਰੀ ਅਨੰਦਪੁਰ ਸਾਹਿਬ ਵਿਖੇ ਸੂਰਬੀਰ ਸਿੱਖਾਂ ਨੂੰ ਆਪਣੇ ਧਰਮ ਲਈ ਆਪਣੇ ਅਖੀਂ ਸ਼ਹੀਦ ਹੁੰਦਾ ਵੇਖਿਆ ਹੋਵੇ। ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਨੂੰ ਹਾਥੀ ਨਾਲ ਲੜਦਾ ਵੇਖਿਆ ਹੋਵੇ। ਉਨਾਂ ਨੂੰ ਧਰਮ ਬਦਲਣ ਲਈ ਕੋਈ ਲਾਲਚ ਜਾਂ ਡਰ ਕੀ ਕਰ ਸਕਦਾ ਸੀ।

ਇਤਿਹਾਸਕਾਰ ਮੁਹੰਮਦ ਲਤੀਫ ‘ਪੰਜਾਬ ਦਾ ਇਤਿਹਾਸ’ ਵਿਚ ਲਿਖਦਾ ਹੈ *ਕਿ ਜਦੋਂ ਸੂਬੇ ਨੇ ਬੱਚਿਆਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਆਜ਼ਾਦ ਕਰ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਦਾ ਉੱਤਰ ਸੀ, ਖਿੰਡੇ-ਪੁੰਡੇ ਸਿੱਖਾਂ ਨੂੰ ਜਥੇਬੰਦ ਕਰਾਂਗੇ। ਉਨਾਂ ਨੂੰ ਜੰਗੀ ਹਥਿਆਰ ਜੁਟਾਵਾਂਗੇ। ਤੁਹਾਡੇ ਨਾਲ ਲੜਾਂਗੇ ਤੇ ਤੁਹਾਨੂੰ ਮੌਤ ਦੇ ਘਾਟ ਉਤਾਰਾਂਗੇ।

ਨਵਾਬ ਨੇ ਫਿਰ ਪੁੱਛਿਆ, ਜੇ ਤੁਸੀਂ ਜੰਗ ਵਿਚ ਹਾਰ ਗਏ ਤਾਂ ਫਿਰ ਕੀ ਕਰੋਗੇ? ਇਸ ‘ਤੇ ਸਾਹਿਬਜ਼ਾਦਿਆਂ ਦਾ ਫਿਰ ਉਹੀ ਉੱਤਰ ਸੀ ਕਿ ਕਰਨਾ ਕੀ ਹੈ? ਫਿਰ ਆਪਣੀਆਂ ਫੌਜਾਂ ਇਕੱਠੀਆਂ ਕਰਾਂਗੇ। ਤਦ ਤੱਕ ਲੜਦੇ ਰਹਾਂਗੇ ਜਦ ਤੱਕ ਤੁਸੀਂ ਮੁੱਕ ਨਹੀਂ ਜਾਂਦੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ*।

ਇਸ ਗੱਲ ਦਾ ਵੀ ਜ਼ਿਕਰ ਮਿਲਦਾ ਹੈ ਕਿ ਬੱਚਿਆਂ ਦੀ ਪਰਖ ਕਰਨ ਲਈ ਸੁਹਣੇ-ਸੁਹਣੇ ਕੱਪੜਿਆਂ, ਖਿਡੌਣਿਆਂ, ਮਠਿਆਈਆਂ ਅਤੇ ਜੰਗੀ ਸਾਜ਼ੋ-ਸਾਮਾਨ ਦੀਆਂ ਦੁਕਾਨਾਂ ਸਜਾਈਆਂ ਗਈਆਂ। ਜਦੋਂ ਬੱਚਿਆਂ ਨੂੰ ਉਨਾਂ ਦੁਕਾਨਾਂ ਪਾਸ ਲਿਜਾਇਆ ਗਿਆ ਤਾਂ ਉਹ ਬਾਕੀ ਦੁਕਾਨਾਂ ਛੱਡ ਕੇ ਹਥਿਆਰਾਂ ਵਾਲੀ ਦੁਕਾਨ ਤੇ ਜਾ ਖੜੇ ਅਤੇ ਉਨਾਂ ਦੀ ਜਾਂਚ- ਪਰਖ ਕਰਨ ਲੱਗ ਪਏ।

ਦੂਜੇ ਪਾਸੇ ਜਦੋਂ ਸਰਹਿੰਦ ਦੀ ਸੰਗਤ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੇ ਫਤਵੇ ਬਾਰੇ ਸੁਣਿਆ ਤਾਂ ਸ਼ਹਿਰ ਦੇ ਕੁਝ ਮੁਖੀਆਂ ਨੇ ਦੀਵਾਨ ਟੋਡਰ ਮੱਲ ਦੇ ਘਰ ਇਕੱਠ ਕੀਤਾ।

ਸਲਾਹ-ਮਸ਼ਵਰੇ ਦੌਰਾਨ ਮਤਾ ਪਕਾਇਆ ਕਿ ਇਨਾਂ ਦੇ ਤੋਲ ਦੇ ਬਰਾਬਰ ਸੋਨਾ ਦੇ ਕੇ ਬੱਚਿਆਂ ਨੂੰ ਬਚਾ ਲਈਏ। ਪਰ ਇਕ ਸਿਆਣੇ ਸਿੱਖ ਨੇ ਕਿਹਾ ਕਿ ਮੁਗ਼ਲਾਂ ਨੂੰ ਤੁਸੀਂ ਨਹੀਂ ਜਾਣਦੇ, ਭਾਣਾ ਵਰਤ ਕੇ ਰਹਿਣਾ ਹੈ। ਇਹ ਸੋਨਾ ਵੀ ਰੱਖ ਲੈਣਗੇ ਤੇ ਉਨਾਂ ਨੂੰ ਸ਼ਹੀਦ ਵੀ ਕਰ ਦੇਣਗੇ :

ਸੀਰੰਦ ਕੀ ਸੰਗਤ ਸਬੈ, ਮਨ ਮੈਂ ਕਰਤ ਬੀਚਾਰ।

ਤੋਲ ਸੁਇਨ ਕਰ ਦੀਜੀਐ, ਕਨਕ ਯਾਹਿ ਨਿਰਧਾਰ। ਏਕ ਸਿੱਖ ਤਬ ਯੋਂ ਕਹੀ, ਸਵਰਨ ਲੇਹਿੰਗੇ ਲੂਟ। ਹੋਵਗ ਸੋ ਗੁਰ ਨੇ ਠਟੀ, ਹਮਰੀ ਕਹਾ ਪਹੂਚ।

ਦੀਵਾਨ ਟੋਡਰ ਮੱਲ ਦੀ ਅਗਵਾਈ ਵਿਚ ਇਕ ਵਫਦ ਵਜ਼ੀਰ ਖਾਂ ਨੂੰ ਮਿਲਿਆ। ਵਜ਼ੀਰ ਖਾਂ ਨੇ ਇਸ ਵਫਦ ਨੂੰ ਝੂਠਾ ਭਰੋਸਾ ਦੇ ਦਿੱਤਾ ਕਿ ਗੁਰੂ-ਪਰਿਵਾਰ ਦਾ ਪੂਰਾ ਖਿਆਲ ਰੱਖਿਆ ਜਾਵੇਗਾ।

ਉਧਰ ਕੋਈ ਵੀ ਜੱਲਾਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਨਹੀਂ ਸੀ ਮੰਨ ਰਿਹਾ। ਦਿੱਲੀ ਦੇ ਸ਼ਾਹੀ ਜਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਸਮਾਣੇ ਦੇ ਰਹਿਣ ਵਾਲੇ ਸਨ। ਇਨਾਂ ‘ਤੇ ਕਤਲ ਦੇ ਸੰਬੰਧ ਵਿਚ ਸਰਹਿੰਦ ਦੀ ਕਚਹਿਰੀ ਵਿਚ ਮੁਕੱਦਮਾ ਚੱਲ ਰਿਹਾ ਸੀ। ਨਵਾਬ ਵਜ਼ੀਰ ਖਾਂ ਨੇ ਮੁਕੱਦਮਾ ਬਰਖਾਸਤ ਕਰਨ ਦੀ ਸ਼ਰਤ ਉੱਤੇ ਉਨਾਂ ਨੂੰ ਸਾਹਿਬਜ਼ਾਦਿਆਂ ਨੂੰ ਜ਼ਿਬਹ ਕਰਨ ਲਈ ਮਨਾ ਲਿਆ। ਇਸ ਤਰਾਂ ਪਹਿਲਾਂ ਮਾਸੂਮ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਹੀ ਕੰਧਾਂ ਵਿਚ ਚਿਣ ਦਿੱਤਾ ਅਤੇ ਬਾਅਦ ਵਿਚ ਜ਼ਿਬਹ ਕਰਕੇ ਸ਼ਹੀਦ ਕਰ ਦਿੱਤਾ ਗਿਆ।

ਭਾਈ ਰਤਨ ਸਿੰਘ (ਭੰਗੂ) ‘ਪ੍ਰਾਚੀਨ ਪੰਥ ਪ੍ਰਕਸ਼’ ਵਿਚ ਲਿਖਦੇ ਹਨ *:

ਹੁਤੋ ਉਹਾਂ ਥੋ ਛੁਰਾ ਇਕ ਵਾਰੋ, ਦੈ ਗੋਡੇ ਹੇਠ, ਕਰ ਜ਼ਿਬਹ ਡਾਰੋ।

ਤੜਫ ਤੜਫ ਗਈ ਜਿੰਦ ਉਡਾਇ, ਇਮ ਸ਼ੀਰ ਖੋਰ ਦੁਇ ਦਏ ਕਤਲਾਇ।

ਭਾਈ ਸੁੱਖਾ ਸਿੰਘ, ‘ਗੁਰ ਬਿਲਾਸ’ ਵਿਚ ਲਿਖਦੇ ਹਨ :

ਦੋਉ ਸੀਸਨ ਕੇ ਸੀਸ ਉਤਾਰੀ। ਦਏ ਕਾਟ ਉਨ ਅਧਮ ਗਵਾਰੀ। ੨੭੪।

ਦੁਨੀਆਂ ਦੇ ਲਾਲਚਾਂ,ਖਿੱਚਾਂ ਦਾ ਸਾਹਿਬਜ਼ਾਦਿਆਂ ਦੇ ਦ੍ਰਿੜ ਇਰਾਦਿਆਂ ਉੱਤੇ ਕੋਈ ਫਰਕ ਨਹੀਂ ਪਿਆ।*

ਇਸ ਦਾ ਵੱਡਾ ਕਾਰਨ ਉਹ ਪਿਤਾ-ਪੁਰਖੀ ਪੂੰਜੀ ਸੀ, ਜੋ ਉਨਾਂ ਨੇ ਆਪਣੇ ਵਡੇਰਿਆਂ ਤੋਂ ਪ੍ਰਾਪਤ ਕੀਤੀ ਸੀ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਆਦਿ ਦੁਆਰਾ ਦਿੱਤੀਆਂ ਸ਼ਹੀਦੀਆਂ ਬੱਚਿਆਂ ਦੇ ਮਨ ਨੂੰ ਅਡੋਲ ਰੱਖਣ ਚ ਸਹਾਈ ਹੋਈਆਂ।

ਹਿੰਦੀ ਦੇ ਕਵੀ ‘ਮੈਥਲੀ ਸ਼ਰਨ ਗੁਪਤ’ ਨੇ ਆਪਣੇ ਮਹਾਂਕਾਵਯ ‘ਭਾਰਤ ਭਾਰਤੀ’ ਵਿਚ ਇਸ ਦਾ ਵਰਨਣ ਕਰਦੇ ਹੋਏ ਲਿਖਿਆ ਹੈ ਕਿ : (ਜਿਸ ਕੁਲ ਜਾਤਿ ਕੌਮ ਕੇ ਬੱਚੇ ਦੇ ਸਕਤੇ ਹੋਂ ਯੂੰ ਬਲੀਦਾਨ। (ਉਸ ਕਾ ਵਰਤਮਾਨ ਕੁਛ ਭੀ ਹੋ ਪਰ ਭਵਿਸ਼ ਹੈ ਮਹਾਂ ਮਹਾਨ।

ਬੱਚਿਆਂ ਦੀ ਸ਼ਹੀਦੀ ਦੀ ਖਬਰ ਮਾਤਾ ਗੁਜਰੀ ਜੀ ਪਾਸ ਪਹੁੰਚਾਉਣ ਲਈ ਦੀਵਾਨ ਟੋਡਰ ਮੱਲ ਨੂੰ ਕਿਹਾ ਗਿਆ ਜੋ ਕਿ ਇਕ ਸਫਲ ਵਪਾਰੀ ਸੀ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਅਨੁਯਾਈ ਸੀ। ਉਸ ਨੇ ਭਰੇ ਮਨ ਨਾਲ ਮਾਤਾ ਜੀ ਨੂੰ ਇਹ ਕਹਿਰ ਦੀ ਖ਼ਬਰ ਸੁਣਾਈ ਤਾਂ ਉਹ ਠੰਡੇ ਬੁਰਜ ਵਿਚ ਬੰਦ, ਕਹਿਰ ਦੀ ਠੰਢ ਨਾ ਸਹਾਰਦੇ ਹੋਏ ਆਪਣੇ ਪੰਜ-ਭੂਤਕ ਬਿਰਧ ਸਰੀਰ ਨਾਲ ਅੱਤ ਦੇ ਤਸੀਹੇ ਝਲਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।

ਬੱਚਿਆਂ ਨੂੰ ਸ਼ਹੀਦ ਕਰ ਕੇ ਉਨਾਂ ਦੀਆਂ ਅਤੇ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਬਾਹਰ ਰੱਖ ਦਿੱਤਾ ਗਿਆ। ਦੀਵਾਨ ਟੋਡਰ ਮੱਲ ਨੇ ਜੋਖਮ ਉਠਾਉਂਦੇ ਹੋਏ ਵਜ਼ੀਰ ਖਾਂ ਪਾਸ ਮਾਸੂਮ ਬੱਚਿਆਂ ਤੇ ਮਾਤਾ ਜੀ ਦਾ ਅੰਤਮ- ਸਸਕਾਰ ਕਰਨ ਦੀ ਇੱਛਾ ਪ੍ਰਗਟ ਕੀਤੀ।

ਵਜ਼ੀਰ ਖਾਂ ਵਲੋਂ ਤੁਰੰਤ ਇਕ ਫੁਰਮਾਨ ਜਾਰੀ ਕਰ ਦਿੱਤਾ ਗਿਆ ਕਿ ਇਨਾਂ ਦਾ ਅੰਤਮ- ਸਸਕਾਰ ਸਰਹਿੰਦ ਦੀ ਧਰਤੀ ਉੱਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਾਰੀ ਧਰਤੀ ਮੁਗ਼ਲ ਸਲਤਨਤ ਦੀ ਹੈ।

ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਜਗਾ ਖਰੀਦਣ ਦੀ ਪੇਸ਼ਕਸ਼ ਕੀਤੀ। ਵਜ਼ੀਰ ਖਾਂ ਨੇ ਇਸ ਉੱਤੇ ਇਕ ਬਹੁਤ ਹੀ ਸਖ਼ਤ ਸ਼ਰਤ ਰੱਖ ਦਿੱਤੀ ਕਿ ਜਿੰਨੀ ਧਰਤੀ ਖਰੀਦਣੀ ਹੈ, ਉਤਨੀ ਉੱਤੇ ਖੜੇ ਰੁਖ ਮੋਹਰਾਂ ਚਿਣੀਆਂ ਜਾਣ। ਦੀਵਾਨ ਟੋਡਰ ਮੱਲ ਨੇ ਧਨ ਇਕੱਠਾ ਕਰਕੇ ਸਸਕਾਰ ਲਈ ਮੋਹਰਾਂ ਖੜੇ ਰੁਖ ਚਿਣ ਕੇ ਮੁਹੰਮਦ ਅੱਤਾ ਨਾਂ ਦੇ ਇਕ ਚੌਧਰੀ ਪਾਸੋਂ ਥੋੜੀ ਜਿਹੀ ਜਗਾ ਖਰੀਦੀ, ਜਿਸ ਉੱਤੇ ਤਿੰਨਾਂ ਦਾ ਸਸਕਾਰ ਕੀਤਾ ਗਿਆ।

ਜ਼ਿਲਾ ਫਤਹਿਗੜ ਸਾਹਿਬ ਵਿਚ ਜ਼ਮੀਨ ਦਾ ਇਹ ਟੁਕੜਾ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਦੇ ਰੂਪ ਵਿਚ ਅੱਜ ਵੀ ਮੌਜੂਦ ਹੈ , ਜੋ ਦੀਵਾਨ ਟੋਡਰ ਮੱਲ ਨੇ ਧਰਤੀ ‘ਤੇ ਖੜੇ ਰੁਖ ਸੋਨੇ ਦੀਆਂ ਮੋਹਰਾਂ ਚਿਣ ਕੇ ਖਰੀਦਿਆ ਸੀ। ਇਸ ਤੋਂ ਪਹਿਲਾਂ ਜਾਂ ਇਸ ਤੋਂ ਬਾਅਦ ਅੱਜ ਤੱਕ ਦੁਨੀਆਂ ਵਿਚ ਕੋਈ ਵੀ ਧਰਤੀ ਏਨਾ ਮੁੱਲ ਤਾਰ ਕੇ ਨਹੀਂ ਖਰੀਦੀ ਗਈ।

ਦੂਜੇ ਪਾਸੇ ਜਿਸ ਧਨ ਦੇ ਲਾਲਚ ਵਿਚ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਮਿਲੀ ਰਿਪੋਰਟ ਦੇ ਆਧਾਰ ‘ਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜ਼ੀਰ ਖਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ(ਥੇਲੀ)ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾਉਣ ਵਾਸਤੇ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ, ਤਾਂ ਹਾਕਮਾਂ ਵਲੋਂ ਮਾਰ- ਕੁਟਾਈ ਸ਼ੁਰੂ ਹੋ ਗਈ। ਕੁੱਟ ਦਾ ਮਾਰਿਆ ਗੰਗੂ ਮਾਇਆ ਦੇਣੀ ਮੰਨ ਗਿਆ। ਉਸ ਨੇ ਕਈ ਥਾਂ ਵਿਖਾਏ, ਜਿੱਥੇ ਧਨ ਦੱਬਿਆ ਸੀ ਪਰ ਉਹ ਕਿਸੇ ਜਗਾ ਤੋਂ ਨਹੀਂ ਮਿਲਿਆ, ਕਿਉਂਕਿ ਧਨ ਤਾਂ ਹੜ ਦੇ ਪਾਣੀ ਨਾਲ ਰੁੜ ਗਿਆ ਸੀ। ਹਾਕਮ ਸਮਝ ਰਿਹਾ ਸੀ ਕਿ ਗੰਗੂ ਉਨਾਂ ਨੂੰ ਜਾਣ-ਬੁੱਝ ਕੇ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੰਗੂ ਸਰਕਾਰੀ ਬੰਦਿਆਂ ਹੱਥੋਂ ਕੁੱਟ ਖਾ-ਖਾ ਕੇ ਮਰ ਗਿਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ *ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣੇ ਮਹਾਨ ਸਿੱਖ ਯੋਧੇ ਨੇ 12 ਮਈ 1710 ਨੂੰ ਸਰਹਿੰਦ ਉੱਤੇ ਧਾਵਾ ਬੋਲ ਦਿੱਤਾ। ਸਰਹਿੰਦ ਪਾਸ ਚੱਪੜ-ਚਿੜੀ ਦੇ ਮੈਦਾਨ ਵਿਚ ਜੰਗ ਹੋਈ ਸੀ, ਜਿਸ ਵਿਚ ਜ਼ਾਲਮ ਸੂਬਾ ਸਰਹਿੰਦ ਵਜ਼ੀਰ ਖਾਂ ਮਾਰਿਆ ਗਿਆ।

ਇਸ ਲੜਾਈ ਵਿਚ 6000 ਸਿੱਖ ਸ਼ਹੀਦ ਹੋ ਗਏ। ਫਤਹਿ ਪ੍ਰਾਪਤ ਕਰਨ ਪਿੱਛੋਂ ਸੁੱਚਾ ਨੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਹੱਟੀ- ਹੱਟੀ ਫਿਰਾਇਆ ਗਿਆ , ਹਰ ਥਾਂ ਉੱਤੇ ਉਸ ਨੂੰ ਜੁੱਤੀਆਂ ਪੈਂਦੀਆਂ ਸਨ, ਉਹ ਜੁੱਤੀਆਂ ਖਾਂਦਾ-ਖਾਂਦਾ ਹੀ ਨਰਕ ਜਾ ਪੁੱਜਾ। ਸਰਹਿੰਦ ਦੀ ਜਿੱਤ ਪਿੱਛੋਂ ਸਰਹਿੰਦ ਦੇ ਪਰਗਣਿਆਂ ਦੇ ਫੌਜਦਾਰਾਂ ਨੇ ਈਨ ਮੰਨ ਲਈ। ਦੀਵਾਨ ਟੋਡਰ ਮੱਲ ਆਪਣੇ ਸਾਥੀਆਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਅਤੇ ਸਤਿਕਾਰ ਵਜੋਂ ਉਨਾਂ ਨੇ ਵੱਡੀ ਰਕਮ ਵੀ ਭੇਟ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸੇਠ ਟੋਡਰ ਮੱਲ ਤੋਂ ਵਜ਼ੀਰ ਖਾਂ ਅਤੇ ਉਸ ਦੇ ਅਹਿਲਕਾਰਾਂ ਵਲੋਂ ਭੋਲੀ- ਭਾਲੀ ਜਨਤਾ ‘ਤੇ ਕੀਤੇ ਗਏ ਜ਼ੁਲਮ ਦੀਆਂ ਸਾਰੀਆਂ ਘਟਨਾਵਾਂ ਨੂੰ ਸੁਣਿਆ।

ਦੀਵਾਨ ਟੋਡਰ ਮੱਲ ਨੂੰ ਨਾਲ ਲੈ ਕੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸਸਕਾਰ ਵਾਲੀ ਥਾਂ ਦੀ ਨਿਸ਼ਾਨਦੇਹੀ ਕਰ ਕੇ ਉਸ ਦੁਆਲੇ ਚਾਰਦੀਵਾਰੀ ਬਣਾ ਦਿੱਤੀ। ਸਰਹਿੰਦ ਦੇ ਪੂਰੇ ਸੂਬੇ ਦੀ ਆਮਦਨ 36 ਲੱਖ ਰੁਪਏ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਹਿ ਕਰਨ ਤੋਂ ਬਾਅਦ ਦਰਬਾਰ ਲਾਇਆ। ਇਲਾਕੇ ਦੇ ਮੰਨੇ-ਪ੍ਰਮੰਨੇ ਚੌਧਰੀ ਦਰਬਾਰ ਵਿਚ ਹਾਜ਼ਰ ਹੋਏ। ਚਰਨਾਰਥਲ ਦਾ ਚੌਧਰੀ ਅਤੇ ਜਰਗ ਦਾ ਚੌਧਰੀ ਮੋਹਰਾਂ ਦਾ ਥਾਲ ਅਤੇ ਗੁਰਜ ਲੈ ਕੇ ਪੇਸ਼ ਹੋਏ। ਇਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਈਨ ਮੰਨ ਲਈ। ਬਾਬਾ ਬੰਦਾ ਸਿੰਘ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਅਤੇ ਭਾਈ ਆਲੀ ਸਿੰਘ ਸਲੌਦੀ ਨੂੰ ਸਹਾਇਕ ਗਵਰਨਰ ਥਾਪ ਕੇ ਆਪ ਸਢੌਰੇ ਦੇ ਨੇੜੇ ਇਕ ਛੋਟੇ ਜਿਹੇ ਪਹਾੜੀ ਕਿਲੇ (ਲੋਹਗੜ) ਵਿਚ ਚਲਾ ਗਿਆ। ਇਹ ਰਾਜ ਜ਼ਿਆਦਾ ਦੇਰ ਕਾਇਮ ਨਾ ਰਹਿ ਸਕਿਆ।

14 ਜਨਵਰੀ 1764 ਨੂੰ *ਸਰਹਿੰਦ ਦੇ ਨਵਾਬ ਜੈਨ ਖਾਂ ਨੂੰ ਹਾਰ ਦੇ ਕੇ ਸਿੰਘਾਂ ਨੇ ਸਰਹਿੰਦ ਨੂੰ ਫਿਰ ਫਤਹਿ ਕਰ ਲਿਆ। ਸਿੱਖ ਸਰਦਾਰਾਂ ਜਿਨਾਂ ਵਿਚ ਫੂਲਕੀਆ ਮਿਸਲ ਦਾ ਵੀ ਕਾਫ਼ੀ ਹੱਥ ਸੀ, ਨੇ ਪਵਿੱਤਰ ਗੁਰਧਾਮਾਂ ਵੱਲ ਤੁਰੰਤ ਧਿਆਨ ਦਿੱਤਾ।

ਸਰਹਿੰਦ ਦੀ ਫਤਹਿ ਤੋਂ ਬਾਅਦ ਕੋਈ ਵੀ ਇਸ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਨਹੀਂ ਸੀ ਲੈਣਾ ਚਾਹੁੰਦਾ ਕਿਉਂਕਿ ਸਾਹਿਬਜ਼ਾਦਿਆਂ ਉੱਤੇ ਹੋਏ ਕਹਿਰ ਕਾਰਨ ਇਸ ਥਾਂ ਨੂੰ ਮਨਹੂਸ ਸਮਝਿਆ ਜਾਂਦਾ ਸੀ। ਇਸ ਲਈ ਗੁਰਮਤਾ ਕਰ ਕੇ ਸਿੰਘਾਂ ਨੇ ਇਹ ਸ਼ਹਿਰ ਭਾਈ ਬੁੱਢਾ ਸਿੰਘ ਜੋ ਪ੍ਰਸਿੱਧ ਭਾਈ ਭਗਤ ਜੀ ਦੀ ਅੰਸ ਵਿਚੋਂ ਸਨ, ਨੂੰ ਅਰਦਾਸ ਕਰਵਾ ਦਿੱਤਾ ਅਤੇ ਉਨਾਂ ਪਾਸੋਂ ਫੇਰ ਪਟਿਆਲੇ ਦੇ ਮਹਾਰਾਜੇ ਤੇ ਫੂਲਕੀਆ ਮਿਸਲ ਦੇ ਸਰਦਾਰ ਆਲਾ ਸਿੰਘ ਨੇ 2 ਅਗਸਤ 1764 ਨੂੰ 25000 ਰੁਪਏ ਵਿਚ ਖਰੀਦ ਲਿਆ।*

ਪੁਰਾਣੇ ਸਿੱਖ ਅਜੇ ਵੀ ਇਸ ਨੂੰ ਗੁਰੂ-ਮਾਰੀ ਸਰਹਿੰਦ ਕਹਿੰਦੇ ਹਨ।

ਫੂਲ ਬੰਸੀ ਬਾਬਾ ਆਲਾ ਸਿੰਘ ਨੇ ਸਰਹਿੰਦ ਉੱਪਰ ਕਬਜ਼ਾ ਕਰਨ ਉਪਰੰਤ 12 ਮਿਸਲਾਂ ਦੇ ਮਿਲਵਰਤਨ ਨਾਲ ਸਭ ਤੋਂ ਪਹਿਲਾ ਕੰਮ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਗੁਰਦੁਆਰਾ ਫਤਹਿਗੜ ਸਾਹਿਬ ਦੀ ਨੀਂਹ ਰਖਵਾਈ।

ਰਿਆਸਤ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਸੰਨ 1813 ਈ: ਵਿਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਦੇ ਸਾਕੇ ਨੂੰ ਸਦੀਵੀ ਰੂਪ ਵਿਚ ਸਜੀਵ ਰੱਖਣ ਲਈ ਇਕ ਗੁਰਦੁਆਰਾ ਬਣਾਉਣ ਦੀ ਯੋਜਨਾ ਬਣਾਈ। ਉਨਾਂ ਨੇ ਨਾ ਕੇਵਲ ਗੁਰਦੁਆਰਾ ਜੋਤੀ ਸਰੂਪ ਦੀ ਹੀ ਸੇਵਾ ਕੀਤੀ, ਸਗੋਂ ਲੰਗਰ ਦੀ ਪ੍ਰਥਾ ਵੀ ਚਾਲੂ ਕੀਤੀ। ਮਹਾਰਾਜਾ ਨਰਿੰਦਰ ਸਿੰਘ ਨੇ ਆਪਣੇ ਪੂਰਵ ਉਤਰਾਧਿਕਾਰੀਆਂ ਦੇ ਪਰਲੋਕ ਸੁਧਾਰ ਜਾਣ ਤੋਂ ਬਾਅਦ ਉਨਾਂ ਦੀਆਂ ਯੋਜਨਾਵਾਂ ਨੂੰ ਸਿਰੇ ਚਾੜਿਆ।

ਅੰਮ੍ਰਿਤ ਛਕੋ, ਸਿੰਘ ਸਜੋ ਜੀ।

226 Views