ਸਾਕਾ ਸਰਹਿੰਦ

ਸਾਕਾ ਸਰਹਿੰਦ

ਸਿੱਖ ਇਤਿਹਾਸ ਮਜਲੂਮਾਂ, ਨਿਤਾਣਿਆਂ ਅਤੇ ਜ਼ੁਲਮਾਂ ਤੋਂ ਸਤਾਏ ਲੋਕਾਂ ਦੀ ਰਾਖੀ ਲਈ ਹੋਈਆਂ ਸ਼ਹਾਦਤਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ।

ਪ੍ਰੰਤੂ ਵਿਸ਼ੇਸ਼ ਕਰਕੇ ਦਸੰਬਰ ਮਹੀਨੇ ਵਿੱਚ ਹੋਈਆਂ ਮਾਸੂਮ ਅਤੇ ਗੌਰਵਮਈ ਸ਼ਹਾਦਤਾਂ ਦੀ ਗਾਥਾ ਇੰਨੀ ਵੈਰਾਗਮਈ ਹੈ ਕਿ ਦੁਨੀਆਂ ਦਾ ਹਰ ਜਾਗਦੀ ਜ਼ਮੀਰ ਵਾਲਾ ਇਨਸਾਨ ਇਹ ਗਾਥਾ ਸੁਣ ਕੇ ਸ਼ਰਧਾ ਨਾਲ ਜ਼ਰੂਰ ਸੀਸ ਝੁਕਾਉਂਦਾ ਹੈ ।

ਦਸੰਬਰ ਮਹੀਨੇ ਦੀਆਂ ਇੰਨ੍ਹਾਂ ਸ਼ਹਾਦਤਾਂ ਦੀ ਗੌਰਵਮਈ ਗਾਥਾ ਜੋ 21-22 ਦਸੰਬਰ 1704 ਤੋਂ ਸ਼ੁਰੂ ਹੁੰਦੀ ਹੈ ਦਾ ਜ਼ਿਕਰ ਬਹੁਤ ਹੀ ਦੁਖਦਾਈ ਹੈ ।

ਇਤਿਹਾਸਕਾਰ ਲਿਖਦੇ ਹਨ ਕਿ 15 ਮਈ ਤੋਂ ਲੈ ਕੇ 20 ਦਸੰਬਰ 1704 ਈ. ਤੱਕ 10 ਲੱਖ ਮੁਗਲ ਫੌਜਾਂ ਤੇ ਹਿੰਦੂ ਪਹਾੜੀ ਰਾਜਿਆਂ ਦਾ ਘੇਰਾ ਆਨੰਦਗੜ੍ਹ ਕਿਲ੍ਹੇ ਨੂੰ ਪਿਆ ਰਿਹਾ। ਅੰਦਰ ਬੈਠੇ ਸੂਰਮੇ ਸਿੰਘ ਭੁੱਖ ਭਾਣੇ ਜਾਨਾਂ ਤੋੜ ਕੇ ਲੜੇ, ਪਰ ਦੁਸ਼ਮਣ ਨੂੰ ਕਿਲੇ ਵਿੱਚ ਦਾਖਲ ਨਹੀਂ ਹੋਣ ਦਿੱਤਾ।

ਆਖਿਰ ਦੁਸ਼ਮਣ ਹਾਕਮਾਂ ਵੱਲੋਂ ਕਸਮਾਂ ਖਾਣ ਤੇ ਗੁਰੂ ਜੀ ਨੇ ਆਪਣੇ ਪ੍ਰੀਵਾਰ ਅਤੇ ਬਾਕੀ ਸਿੱਘਾਂ ਸਮੇਤ 21-22 ਦਸੰਬਰ,1704 ਦੀ ਰਾਤ ਨੂੰ ਅਨੰਦਗੜ੍ਹ ਕਿਲ੍ਹਾ ਛੱਡਣ ਉਪਰੰਤ ਰੋਪੜ ਵੱਲ ਚਾਲੇ ਪਾ ਦਿੱਤੇ ਸਨ,ਪਰ ਦੁਸ਼ਮਣ ਕਸਮਾਂ ਤੋੜ ਕੇ ਪਿੱਛੋਂ ਹਮਲਾਵਰ ਹੋ ਗਏ ।

ਰਸਤੇ ਵਿੱਚ ਪੈਂਦੀ ਹੜ੍ਹ ਨਾਲ ਨਕੋਂ ਨੱਕ ਭਰੀ ਸਰਸਾ ਨਦੀ ਦੇ ਕੰਢੇ ਉੱਤੇ 22 ਦਸੰਬਰ,1704 ਦੀ ਰਾਤ ਨੂੰ ਘਮਸਾਨ ਦੇ ਹੋਏ ਯੁੱਧ ਵਿੱਚ ਕਈ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ, ਬਹੁਤ ਸਾਰੇ ਔਰਤਾਂ ਬੱਚੇ ਤੇ ਗੁਰੂ ਜੀ ਵੱਲੋਂ ਰਚਿਤ ਕਈ ਗ੍ਰੰਥ ਵੀ ਹੜ੍ਹ ਵਿੱਚ ਰੁੜ੍ਹ ਗਏ ਅਤੇ ਇੱਥੇ ਹੀ ਗੁਰੂ ਜੀ ਦਾ ਪਰਿਵਾਰ ਵਿੱਛੜ ਕੇ ਖੇਰੂੰ ਖੇਰੂੰ ਹੋ ਗਿਆ ਸੀ।

ਗੁਰੂ ਜੀ 40 ਸਿੰਘਾਂ ਸਮੇਤ 22 ਦਸੰਬਰ ਦੀ ਸ਼ਾਮ ਨੂੰ ਚਮਕੌਰ ਸਾਹਿਬ ਪੁੱਜ ਗਏ ਅਤੇ ਇੱਥੇ ਇੱਕ ਕੱਚੀ ਹਵੇਲੀ ਜ਼ੋ ਇਤਿਹਾਸ ਵਿੱਚ ਚਮਕੌਰ ਦੀ ਗੜ੍ਹੀ ਵਜੋਂ ਜਾਣੀ ਜਾਂਦੀ ਹੈ ਇੱਥੇ ਮੋਰਚੇ ਸੰਭਾਲ ਲਏ।

ਜਿਥੇ 23 ਦਸੰਬਰ ਦੀ ਸਵੇਰ ਨੂੰ 40 ਸਿੰਘਾਂ ਅਤੇ 10 ਲੱਖ ਮੁਗਲ ਫੌਜਾਂ ਵਿੱਚ ਸੰਸਾਰ ਦਾ ਅਨੋਖਾ ਯੁੱਧ ਹੋਇਆ ਜਿਸ ਵਿੱਚ ਹੋਰ ਸਿੰਘਾਂ ਦੇ ਨਾਲ ਦੋ ਵੱਡੇ ਸ਼ਹਿਬਜਾਦੇ ਅਜੀਤ ਸਿੰਘ 18 ਸਾਲ ਅਤੇ ਜੁਝਾਰ ਸਿੰਘ 14 ਸਾਲ ਜੰਗ ਵਿੱਚ ਜੂੁਝਦੇ ਸ਼ਹੀਦ ਹੋ ਗਏ ਸਨ।

ਚਮਕੌਰ ਗੜ੍ਹੀ ਦੀ ਨਾਜੁਕ ਸਥਿਤੀ ਨੂੰ ਵੇਖ ਕੇ ਪੰਜ ਸਿੰਘਾਂ ਵੱਲੋਂ ਸਿੱਖੀ ਦੇ ਭਵਿੱਖ ਲਈ ਦਿੱਤੇ ਆਦੇਸ਼ ਅਨੁਸਾਰ ਗੁਰੂ ਜੀ 23 ਦਸੰਬਰ ਦੀ ਰਾਤ ਨੂੰ 3 ਸਿੰਘਾਂ ਸਮੇਤ ਗੜ੍ਹੀ ਛੱਡ ਕੇ ਮਾਛੀਵਾੜੇ ਵੱਲ ਚਲੇ ਗਏ ਸਨ ।

ਹੁਣ ਜਦੋਂ ਸਾਕਾ ਸਰਹੰਦ ਦੀ ਅਤਿ ਦਰਦਨਾਕ ਅਤੇ ਦਿਲ ਕੰਬਾਊੁ ਗਾਥਾ ਦਾ ਜ਼ਿਕਰ ਆਉਂਦਾ ਹੈ ਤਾਂ ਹਰ ਇਨਸਾਨ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਕਿ ਕਿਵੇਂ ਸਰਸਾ ਨਦੀ ਤੇ ਰਾਤ ਨੂੰ ਵਿੱਛੜੇ ਦਾਦੀ ਮਾਤਾ ਤੇ ਛੋਟੇ ਸਹਿਬਜ਼ਾਦੇ ਨਦੀ ਦੇ ਨਾਲ ਨਾਲ ਜਾ ਰਹੇ ਸਨ। ਦਸੰਬਰ (ਪੋਹ) ਮਹੀਨੇ ਦੀ ਅਤਿ ਠੰਢੀ, ਕਿਣਮਿਣ ਕਰਦੀ ਕਾਲੀ-ਬੋਲੀ ਰਾਤ ਸੀ, ਉਹਨਾਂ ਦੇ ਬਸਤਰ ਵੀ ਭਿਜ ਚੁੱਕੇ ਸਨ, ਦਾਦੀ ਮਾਂ ਛੋਟੇ ਲਾਲਾ ਜੋਰਾਵਰ ਸਿੰਘ 9 ਸਾਲ, ਫਤਿਹ ਸਿੰਘ 7 ਸਾਲ, ਮਾਸੂਮ ਉਮਰ ਪਰ ਉੱਚੇ ਹੌਂਸਲੇ ਵਾਲੀਆਂ ਇਹ ਜਿੰਦਾਂ ਨੂੰ ਦੋਵੇ ਪਾਸੇ ਆਪਣੇ ਨਾਲ ਲਾ ਕੇ ਉਂਗਲਾ ਫੜ ਕੇ ਲਈ ਜਾ ਰਹੀ ਸੀ, ਕਿਤੇ ਜੇ ਪਾਣੀ ਆ ਜਾਂਦਾ ਤਾਂ ਦਾਦੀ ਚੁੱਕ ਵੀ ਲੈਂਦੀ ਸੀ, ਇਹ ਸੀਨ ਬੜਾ ਦਰਦਨਾਕ ਸੀ।

ਸੋਚਣ ਦੀ ਗੱਲ ਹੈ ਕਿ ਜੋ ਦਾਦੇ ਦਾਦੀਆਂ ਆਪਣੇ ਪੋਤੇ ਪੋਤੀਆਂ ਨੂੰ ਇਨ੍ਹਾਂ ਬਰਫਲੀਆਂ ਠੰਢੀਆਂ ਰਾਤਾਂ ਨੂੰ ਆਪਣੀ ਬੁੱਕਲਾਂ ਵਿਚ ਲਪੇਟ ਕੇ ਰੱਖਦੇ ਹਨ ਅਤੇ ਬੱਚਿਆਂ ਦੇ ਮਾਂ ਬਾਪ ਵੀ ਇਹਨਾਂ ਨੂੰ ਕੰਡਾ ਨਹੀਂ ਚੁਭਣ ਦਿੰਦੇ ਪਰ ਜਰਾ ਕਲਪਨਾ ਕਰੀਏ ਉਸ ਅਵਸਥਾ ਦੀ ਜੋ ਦਾਦੀ ਮਾਂ ਨੂੰ ਆਪਣੇ ਇਹਨਾਂ ਪਿਆਰੇ ਪੋਤਿਆਂ ਨਾਲ ਬਿਤਾਉਂਣੀ ਪਈ ਤੇ ਵਾਹਿਗੁਰ ਦਾ ਭਾਣਾ ਮਿੱਠਾ ਕਰਕੇ ਮੰਨਿਆ,ਪਰ ਹਾਰ ਨਹੀਂ ਕਬੁੂਲੀ ਸੀ।

ਪਤਾ ਲੱਗਾ ਹੈ ਕਿ ਇੱਕ ਇਲਾਕੇ ਵਿੱਚ ਇੱਕ ਸ਼ਰਧਾਲੂ ਪਰਿਵਾਰ ਇੰਨ੍ਹਾਂ ਦਿਨਾਂ ਵਿੱਚ ਨੇੜਿਓ ਸੁੰਨਸਾਨ ਥਾਂ ਤੋਂ ਲੰਘਦੀ ਨਹਿਰ ਉੱਤੇ ਅੱਧੀ ਰਾਤ ਨੂੰ ਆਪਣੇ ਛੋਟੇ ਬੱਚਿਆਂ ਨੂੰ ਲੈ ਜਾ ਕੇ ਅਜਿਹਾ ਹੀ ਗਮਗੀਨ ਸੀਨ ਸਿਰਜਣ ਦਾ ਉਪਰਾਲਾ ਕਰਕੇ ਆਪਣੇ ਬੱਚਿਆਂ ਨੂੰ ਇਸ ਵਿਰਾਗਮਈ ਵਿਛੋੜੇ ਅਤੇ ਸ਼ਹੀਦੀ ਦਾ ਅਹਿਸਾਸ ਕਰਵਾਉਂਦੇ ਹਨ ਜੋ ਇਸ ਇਤਿਹਾਸ ਨਾਲ ਛੋਟੇ ਬੱਚਿਆਂ ਨੂੰ ਜੋੜਨ ਦਾ ਚੰਗਾ ਉਪਰਾਲਾ ਹੈ ।

ਛੋਟੇ ਸਹਿਬਜਾਦੇ ਤੇ ਦਾਦੀ ਮਾਂ ਦੀਆਂ ਸ਼ਹਾਦਤਾਂ ਦੇ ਇਸ ਦੁਖਦਾਈ ਪੰਨੇ ਨੂੰ ਹੋਰ ਅੱਗੇ ਫਰੋਲਿਆਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਇਸ ਸਭ ਦੇ ਮੁੱਖ ਗੁਨਾਹਗਾਰ ਗੰਗੂ ਤੇ ਸੁੱਚਾ ਨੰਦ ਹੀ ਸਨ।

ਅਚੰਭਾ ਤਾਂ ਇਹ ਹੈ ਕਿ ਜਿੰਨ੍ਹਾਂ ਲੋਕਾਂ ਦੇ ਤਿਲਕ ਜੰਜੂ ਦੀ ਰਾਖੀ ਖਾਤਰ ਇਹਨਾ ਲਾਲਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ ਉਹਨਾਂ ਵਿਚੋਂ ਹੀ ਇਕ ਗੰਗੂ ਰਸੋਈਏ ਨੇ ਇਹਨਾਂ ਨੂੰ ਘਰ ਰਾਤ ਰੱਖ ਕੇ ਧੋਖੇ ਨਾਲ ਗਿਰਫਤਾਰ ਕਰਵਾਇਆ ਅਤੇ ਉਹਨਾਂ ਲੋਕਾਂ ਚੋ ਹੀ ਇਕ ਸੁੱਚਾ ਨੰਦ ਨੇ ਗੁਰੂ ਜੀ ਦੇ ਲਾਲਾਂ ਨੂੰ ਸੱਪ ਦੇ ਬੱਚੇ ਕਹਿ ਕੇ ਖ਼ਤਮ ਕਰ ਦੇਣ ਦੀ ਚੁੱਕਣਾ ਸੂਬਾ ਸਰਹਿੰਦ ਨੂੰ ਦਿੱਤੀ ਸੀ।

ਵੇਖੋ, ਧੰਨ ਹੈ ਦਾਦੀ ਮਾਤਾ ਜਿਸ ਨੇ ਬੱਚਿਆਂ ਨੂੰ ਅਜਿਹੀ ਪ੍ਰੇਰਣਾ ਤੇ ਅਡੋਲ ਦ੍ਰਿੜਤਾ ਦਾ ਪਾਠ ਪੜ੍ਹਾਇਆ ਕਿ ਉਹ ਠੰਢੇ ਬੁਰਜ ਦੀ ਕੈਦ ਵੇਲੇ ਕਸ਼ਟ ਵਿਚ ਰਹਿ ਕੇ ਵੀ 26-27-28 ਦਸੰਬਰ ਨੂੰ ਵਜ਼ੀਰ ਖਾਂ ਦੀ ਕਚਿਹਰੀ ਵਿਚ ਅਨੇਕ ਡਰਾਂ, ਲਾਲਚਾਂ ਤੋਂ ਬਿਲਕੁਲ ਨਾ ਡੋਲੇ ਅਤੇ ਆਖਰ 28 ਦਸੰਬਰ ਨੂੰ ਹਕੁੂਮਤ ਵੱਲੋਂ ਕੰਧਾਂ ਵਿਚ ਚਿਣਵਾ ਕੇ ਦਿੱਤੀ ਗਈ ਸ਼ਹੀਦੀ ਨੂੰ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਪਰਵਾਨ ਕੀਤਾ।

ਇਸ ਸ਼ਹੀਦੀ ਸਥਾਨ ਉਪਰ ਤਾਂ ਅੱਜ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੁਸ਼ੋਭਤ ਹੈ ਜਿਥੇ ਲੱਖਾਂ ਹੀ ਸੰਗਤਾਂ ਸ਼ਹੀਦੀ ਦਿਨਾਂ ਵਿਚ ਸੀਸ ਝੁਕਾ ਦੇ ਸ਼ਰਧਾ ਦੇੇ ਫੁੱਲ ਭੇਟ ਕਰਦੀਆਂ ਹਨ ਪਰ ਦੂਜੇ ਪਾਸੇ ਗੰਗੂ ਅਤੇ ਸੁੱਚਾ ਨੰਦ ਜਿਹੇ ਵਿਸ਼ਵਾਸ ਘਾਤੀਆਂ ਦੇ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਲੱਭਦੇ।

ਇਥੇ ਹੀ ਧੰਨ ਹਨ ਉਹ ਸੱਚੇ ਤੇ ਗੁਰੂ ਹਮਦਰਦੀ ਵਿਚ ਰੰਗੇ ਇਨਸਾਨ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮਲ ਜਿਨ੍ਹਾਂ ਨੇ ਮੁਗਲ ਸਲਤਨਤ ਦੇ ਮੁਲਾਜ਼ਮ (ਨੌਕਰ) ਹੁੰਦੇ ਹੋਏ ਵੀ ਆਪਣੀਆਂ ਜਾਨਾਂ ਖਤਰੇ ਵਿਚ ਪਾ ਕੇ ਮਾਤਾ ਗੁਜਰੀ ਅਤੇ ਇਹਨਾਂ ਲਾਲਾਂ ਦੀ ਸੇਵਾ ਕੀਤੀ।

ਬਾਬਾ ਮੋਤੀ ਰਾਮ ਮਹਿਰਾ ਮਾਤਾ ਅਤੇ ਬੱਚਿਆਂ ਨੂੰ ਠੰਡੇ ਬੁਰਜ਼ ਵਿਚ ਚੋਰੀ ਦੁੱਧ ਪਿਲਾਉਂਦੇ ਰਹੇ ਜਿਸਦੀ ਸਜਾ ਵਜੋਂ ਹਕੁੂਮਤ ਨੇ ਉਹਨਾਂ ਨੂੰ ਪ੍ਰਵਿਾਰ ਸਮੇਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ, ਉਹਨਾਂ ਦੀ ਯਾਦਗਾਰ ਵਜੋਂ ਇੱਥੇ ਗੁਰਦੁਆਰਾ ਬਣਿਆ ਹੋਇਆ ਹੈ ਜਿਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ।

ਇਵੇਂ ਹੀ ਮਾਤਾ ਜੀ ਤੇ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਉਪਰੰਤ ਕੋਈ ਵੀ ਪ੍ਰੀਵਾਰ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦੀ ਹਿੰਮਤ ਹਕੂਮਤ ਦੇ ਡਰੋ ਨਹੀਂ ਕਰ ਰਿਹਾ ਸੀ ਪਰ ਦੀਵਾਨ ਟੋਡਰ ਮਲ ਨੇ ਸੰਸਕਾਰ ਲਈ ਜ਼ਮੀਨ ਸੋਨੇ ਦੀਆਂ ਮੋਹਰਾਂ ਵਿਛਾ ਕੇ ਸਭ ਤੋਂ ਮਹਿੰਗੇ ਮੁਲ ਖਰੀਦੀ ਸੀ, ਅਤੇ ਪ੍ਰੀਵਾਰ ਨੂੰ ਨਾਲ ਲੈ ਕੇ ਇਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ।ਉਸਦੀ ਯਾਦ ਵਿਚ ਵੀ ਅੱਜ ’’ਦੀਵਾਨ ਟੋਡਰ ਮਲ ਹਾਲ’’ ਬਣਿਆ ਹੋਇਆ ਹੈ ਜੋ ਉਸਦੀ ਸੇਵਾ ਸ਼ਰਧਾ ਦੀ ਯਾਦ ਤਾਜਾ ਕਰਦਾ ਹੈ ਅਤੇ ਹਰ ਇਨਸਾਨ ਨੂੰ ਇਕ ਸਿੱਖਿਆ ਵੀ ਦਿੰਦਾ ਹੈ।

ਇਸੇ ਤਰ੍ਹਾਂ ਇੱਕ ਹੋਰ ਸੱਚੇ ਮੁਸਲਮਾਨ ਨਵਾਬ ਮਲੇਰਕੋਟਲਾ ਸ਼ੇਰ ਖਾਂ ਦਾ ਜ਼ਿਕਰ ਕਰਨਾ ਵੀ ਅਤਿ ਫਖਰਯੋਗ ਹੈ ਜਿਸ ਨੇ ਇੰਨ੍ਹਾਂ ਛੋਟੇ ਲਾਲਾਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਵਿਰੋਧ ਕਰਦੇ ਹੋਏ ਵਜ਼ੀਰ ਖਾਂ ਨਾਲ ਇਸ ਗੱਲੋਂ ਬਹਿਸ ਵੀ ਕੀਤੀ ਸੀ ਕਿ ਸਾਡਾ ਕੁਰਾਨ ਸ਼ਰੀਫ ਗ੍ਰੰਥ ਨਿਹੱਥੇ ਔਰਤਾਂ ਅਤੇ ਬੱਚਿਆਂ ਉਪਰ ਅਜਿਹਾ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦਾ ।

*ਸਾਕਾ ਸਰਹਿੰਦ ਦੀ ਗਾਥਾ ਸੁਣਨ ਬਾਅਦ ਜੇਕਰ ਪੁੱਛਿਆ ਜਾਵੇ ਕਿ ਤੁਸੀਂ ਸਿੱਖ ਕੌਮ ਇਸ ਸ਼ਹਾਦਤ ਦੇ ਦਿਹਾੜੇ ਵੇਲੇ ਇੰਨ੍ਹਾਂ ਪਲਾਂ ਨੂੰ ਕਿਸ ਤਰ੍ਹਾਂ ਬਿਤਾਉਂਦੇ ਹੋ ਤਾਂ ਬੜੇ ਅਰਾਮ ਨਾਲ ਜਵਾਬ ਕਿ ਦਾਦੀ ਮਾਤਾ ਗੁਜਰੀ ਜੀ ਇੰਨ੍ਹਾਂ ਨੂੰ ਆਪਣੇ ਦਾਦੇ ਦੇ ਦਾਦੇ ਗੁਰੂ ਅਰਜਨ ਦੇਵ ਜੀ ਅਤੇ ਦਾਦਾ ਗੁਰੂ ਤੇਗ ਬਹਾਦਰ ਜੀ ਹੋਰਾਂ ਦੇ ਬਲੀਦਾਨਾਂ ਬਾਰੇ ਅਤੇ ਹੋਰ ਸਿੱਖੀ ਸਿੱਦਕ ਵਾਲੇ ਸ਼ਹੀਦਾਂ ਬਾਰੇ ਸਿੱਖਿਆ ਦਿੰਦੇ ਰਹੇ ਸਨ।

*ਪ੍ਰੰਤੂ ਹੁਣ ਸਵਾਲ ਕਿ ਸਾਡੀ ਸਿੱਖ ਕੌਮ ਇੰਨ੍ਹਾਂ ਪਲਾਂ ਨੂੰ ਕਿਵੇਂ ਮਨਾਉਂਦੀ ਹੈ?

ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਨਤਮਸਤਕ ਹੁੰਦੀਆਂ ਸੰਗਤਾਂ ਦਰਮਿਆਨ ਸਾਡੇ ਸਿੱਖ ਅਖਵਾਉਣ ਵਾਲੇ ਪਰਿਵਾਰਾਂ ਦੇ ਬਹੁ-ਗਿਣਤੀ ਨੌਜਵਾਨ ਦਾੜ੍ਹੀ ਕੇਸਾਂ ਤੋਂ ਰਹਿਤ ਹੋ ਕੇ ਸਵਾਦੀ ਲੰਗਰ (ਚਾਹ ਪਕੌੜੇ ਖੀਰਾਂ ਆਦਿ) ਛਕਦੇ, ਸੀਟੀਆਂ ਵਜਾਉਂਦੇ, ਇੱਕ ਦੂਜੇ ਨੂੰ ਮਖੌਲਾਂ ਕਰਦੇ, ਨੱਚਦੇ ਟੱਪਦੇ ਫਿਰਦੇ ਦੇਖੇ ਜਾਂਦੇ ਰਹੇ ਹਨ ਜਿਵੇਂ ਕਿਸੇ ਵਿਆਹ ਵਿੱਚ ਆਏ ਹੋਣ ਤੇ ਇੰਨ੍ਹਾਂ ਨੂੰ ਇੰਨ੍ਹਾਂ ਮਾਸੂਮ ਸ਼ਹਾਦਤਾਂ ਦਾ ਕੋਈ ਸੋਗ ਨਾ ਹੋਵੇ ।

ਭਾਵੇਂ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਇਹ ਆਦੇਸ਼ ਜਾਰੀ ਹੋਏ ਹਨ ਕਿ ਇਸ ਸ਼ਹੀਦੀ ਹਫਤੇ ਦੌਰਾਨ ਗੁਰੂ ਘਰਾਂ ਦੇ ਲੰਗਰਾਂ ਵਿਸ਼ੇਸ਼ ਕਰਕੇ ਸਰਹਿੰਦ ਵਿਖੇ ਲੰਗਰਾਂ ਵਿੱਚ ਖੀਰ, ਜਲੇਬੀ ਆਦਿ ਸਵਾਦਿਸ਼ਟ ਖਾਣੇ ਨਹੀਂ ਹੋਣਗੇ ਬਲਕਿ ਸਾਦਾ ਦਾਲ ਫੁਲਕੇ ਦੇ ਲੰਗਰ ਹੀ ਹੋਣਗੇ ਜੋ ਚੰਗੀ ਗੱਲ ਹੈ ਤੇ ਇਸ ਤੇ ਅਮਲ ਵੀ ਜ਼ਰੂਰੀ ਹੈ।ਇਹ ਸੱਚ ਹੈ ਕਿ

ਪਿੰਡ ਖੇੜੀ ਗੰਗੂ ਰਸੋਈਏ ਦਾ ਪਿੰਡ ਸੀ ਜਿੱਥੋਂ ਉਸ ਨੇ ਆਪਣੇ ਘਰੋਂ ਮਾਤਾ ਜੀ ਤੇ ਛੋਟੇ ਸ਼ਾਹਿਬਜਾਦਿਆਂ ਨੂੰ ਗਿ੍ਰਫਤਾਰ ਕਰਵਾਇਆ ਸੀ,

ਕੋਤਵਾਲੀ ਮੋਰਿੰਡਾ ਜਿੱਥੇ ਉਨ੍ਹਾਂ ਨੂੰ ਰਾਤ ਰੱਖਿਆ ਗਿਆ ਸੀ ਅਤੇ

ਸਰਹਿੰਦ ਜਿੱਥੇ ਇਹ ਸ਼ਹੀਦ ਹੋਏ ਸਨ, ਇੰਨ੍ਹਾਂ ਦੇ ਆਸ ਪਾਸ ਵਾਲੇ ਪਿੰਡਾਂ ਦੇ ਲੋਕ ਇੰਨ੍ਹਾਂ ਸ਼ਹੀਦੀ ਦਿਨਾਂ ਵਿੱਚ ਸੋਗ ਵਜੋਂ ਕੋਈ ਵਿਆਹ ਜਾਂ ਖੁਸ਼ੀ ਸਮਾਰੋਹ ਨਹੀਂ ਸੀ ਕਰਦੇ ਪਰ ਅੱਜ ਤਾਂ ਸਭ ਕੁੱਝ ਹੋ ਰਿਹਾ ਹੈ ।

ਸੋਚਿਆ ਜਾਵੇ ਤਾਂ ਇਹ ਸ਼ਹਾਦਤਾਂ ਸਮੁੱਚੀ ਮਨੁੱਖਤਾ ਦੇ ਜ਼ੁਲਮਾਂ ਦੇ ਵਿਰੁੱਧ ਸਨ ਇਸ ਲਈ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਇਹ ਸ਼ਹੀਦੀ ਹਫਤੇ ਦਾ ਦਿਲੋਂ ਅਹਿਸਾਸ ਕਰਕੇ ਇੰਨੀ ਦਿਨੀਂ ਕੋਈ ਖੁਸ਼ੀ ਸਮਾਰੋਹ ਨਹੀਂ ਕਰਨਾ ਚਾਹੀਦਾ ।

ਪਰ ਅੱਜ ਤਾਂ ਸਾਡੇ ਕਈ ਧਾਰਮਿਕ ਆਗੂ ਵੀ ਸਿਆਸਤ ਦੇ ਪ੍ਰਭਾਵ ਵਿੱਚ ਇੱਥੇ ਹੁੰਦੀਆਂ ਕਾਨਫੰਰਸਾਂ ਵੇਲੇ ਗੈਰ ਸਭਿਅਕ ਲਫਜਾਂ ਨਾਲ ਇੱਕ ਦੂਜੇ ਉਪਰ ਦੁੂਸ਼ਣਬਾਜੀ ਦਾ ਚਿੱਕੜ ਜ਼ਿਆਦਾ ਸੁਟੱਦੇ ਹਨ ਪਰ ਸ਼ਹੀਦੀ ਇਤਿਹਾਸ ਦਾ ਜ਼ਿਕਰ ਘੱਟ ਕਰਦੇ ਹਨ

ਜਦੋਂ ਕਿ ਇਸਾਈ ਧਰਮ ਦੇ ਲੋਕ ਅੱਜ ਕਰੀਬ ਦੋ ਹਜ਼ਾਰ ਸਾਲਾਂ ਬਾਅਦ ਵੀ ਆਪਣੇ ਪ੍ਰਭੂ ਯਿਸੂ-ਮਸੀਹ ਨੂੰ ਸਲੀਬ ਉਪਰ ਟੰਗੇ ਹੋਏ ਮਹਿਸੂਸ ਕਰਦੇ ਹਨ ।

ਇਵੇਂ ਹੀ ਮੁਸਲਿਮ ਲੋਕ ਅੱਜ 1322 ਸਾਲ ਬਾਅਦ ਵੀ ਮੁਹੱਰਮ ਵਾਲੇ ਦਿਨ ਆਪਣੇ ਆਪ ਨੂੰ ‘ਕਰਬਲਾ’ ਦੀ ਦਰਦਨਾਕ ਸ਼ਹੀਦੀ ਘਟਨਾ ਦੇ ਦਰਦ ਦਾ ਦਿਲੋਂ ਅਹਿਸਾਸ ਕਰਦੇ ਹਨ ਕਿਉਂਕਿ ਇਸ ਦਿਨ ਉਨ੍ਹਾਂ ਦੇ ਪੈਗੰਬਰ ਮੁਹੰਮਦ ਸਾਹਿਬ ਦੇ ਦੋ ਛੋਟੇ ਮਾਸੂਮ ਦੋਹਤੇ ਹਲਤ ਹਸਨ ਅਤੇ ਹਲਤ ਹੂਸੈਨ ਨੂੰ ਕਈ ਦਿਨ ਭੁੱਖੇ ਰੱਖ ਕੇ ਤੇ ਬੜੇ ਤਸੀਹੇ ਦੇ ਕੇ ਇਥੇ ਸ਼ਹੀਦ ਕੀਤਾ ਗਿਆ ਸੀ ਪ੍ਰੰਤੂ ਬਹੁਤ ਅਫਸੋਸ ਤੇ ਦੁੱਖ ਦੀ ਗੱਲ ਹੈ ਕਿ ਅਸੀਂ ਤਾਂ ਅੱਜ ਤੋਂ ਕੇਵਲ 317 ਸਾਲ ਪਹਿਲਾਂ ਹੀ ਵਾਪਰੇ ਇਸ ਅਤਿ ਦਰਦਨਾਕ ਸਾਕਾ ਸਰਹਿੰਦ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਮਨਾਉਂਦੇ ਹਾਂ।

219 Views