ਇਕ 26 ਜਨਵਰੀ ਇਹ ਵੀ ਹੈ।
ਪੰਜਾਬ ਦੀ ਚੜ੍ਹਦੀ ਜਵਾਨੀ ਇਨਸਾਫ ਮਾਰਚ ਦੀ ਸ਼ਾਨ ਅਤੇ ਮਾਣ।
ਫੈਸਲੇ ਦੀ “ਕਮਾਂਡ” ਵਿੱਚ ਬੁਨਿਆਦੀ ਤਬਦੀਲੀ।
ਮੇਰੀ ਰਿਹਾਈ ਹੋਵੇ ਤੇ ਭਾਵੇਂ ਨਾ ਹੋਵੇ ਪਰ ਸਿੰਘਾਂ ਦੀ ਰਿਹਾਈ ‘ਤੇ ਪਹਿਰਾ ਦੇਣਾ ਸਭ ਤੋਂ ਜ਼ਰੂਰੀ-ਜਗਤਾਰ ਸਿੰਘ ਹਵਾਰਾ।
ਇਹੋ ਜਿਹਾ ਮਾਰਚ ਨਾ ਕਦੇ ਸੁਣਿਆ,ਨਾ ਕਦੇ ਵੇਖਿਆ-ਸੰਗਤਾਂ ਦਾ ਕਥਨ।
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪਤਰਕਾਰ
ਅੱਜ ਪੰਜਾਬ ਦੇ ਇਤਿਹਾਸ ਨੇ ਨਵੀਂ ਕਰਵਟ ਲਈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀਆਂ ਸੜਕਾਂ ਉੱਤੇ ਕੇਸਰੀ ਝੰਡਿਆਂ ਦਾ ਇਕ ਦਰਿਆ ਵਗ ਰਿਹਾ ਸੀ ਅਤੇ ਜੇ ਸੱਚ ਪੁੱਛੋ ਤਾਂ ਇਸ ਦਰਿਆ ਵਿਚ ਇਕੋ ਜਹਾਜ਼ ਚੱਲ ਰਿਹਾ ਸੀ ਜਿਸ ਵਿੱਚ 95 ਫੀਸਦ ਮੁਸਾਫ਼ਰ ਪੰਜਾਬ ਦੇ ਗੱਭਰੂ ਹੀ ਸਨ।
ਇਸ ਅਲੌਕਿਕ ਦ੍ਰਿਸ਼ ਨੂੰ ਬਿਆਨ ਕਰਨ ਲਈ ਮੇਰੇ ਕੋਲ ਉਹ ਸ਼ਬਦ ਨਹੀਂ ਜੋ ਇਸ ਬੇਮਿਸਾਲ ਵਰਤਾਰੇ ਨਾਲ ਪੂਰਾ ਪੂਰਾ ਇਨਸਾਫ਼ ਕਰ ਸਕਣ,ਪਰ ਫਿਰ ਵੀ ਜੇ ਰਾਜਨੀਤਕ ਨਜ਼ਰੀਏ ਤੋਂ ਇਸ ਇਤਿਹਾਸਿਕ ਮਾਰਚ ਨੂੰ ਬਿਆਨ ਕਰਨਾ ਹੋਵੇ ਤਾਂ ਇਹ ਇਕ ਤਰ੍ਹਾਂ ਨਾਲ “ਪੁਰਅਮਨ ਜੰਗ ਦਾ ਐਲਾਨ ਸੀ-ਇਕ ਅਜਿਹੀ ਸ਼ਾਂਤਮਈ ਜੰਗ ਜਿਸ ਦੀਆਂ ਹੇਠਲੀਆਂ ਤੈਹਾਂ ਵਿਚ ਰੋਸ ਵੀ ਸੀ, ਗੁੱਸਾ ਵੀ ਸੀ,ਬੇਚੈਨੀ ਵੀ ਸੀ,ਅਮੋੜ ਜਜ਼ਬਾਤ ਵੀ ਸਨ ਅਤੇ ਉਹ ਸਾਰੇ ਇਸ਼ਾਰੇ ਸ਼ਾਮਲ ਸਨ ਜੋ ਖਾਲਸਾ ਤਰਜ਼ੇ-ਜ਼ਿੰਦਗੀ ਦਾ ਅਟੁੱਟ ਹਿੱਸਾ ਰਹੇ ਹਨ ਅਤੇ ਕਿਸੇ ਸਮੇਂ ਵੀ ਇਤਿਹਾਸਕ ਅਮਲ ਵਿਚ ਉਤਰ ਸਕਦੇ ਹਨ।
ਦੋਸਤੋ ਨਾ ਹੀ ਪੁੱਛੋ ਕਿ ਉਹ ਗਿਣਤੀ ਕਿੰਨੀ ਸੀ ਜਿਵੇਂ ਤੁਸੀਂ ਇਹ ਜਾਨਣ ਲਈ ਉਤਾਵਲੇ ਹੋ? ਭਲਾ ਕੋਈ ਸਮੁੰਦਰ ਨੂੰ ਮਿਣ ਸਕਦਾ ਹੈ? ਨਾ ਹੀ ਇਹ ਪੁੱਛੋ ਕਿ ਮਾਰਚ ਵਿਚ ਹਿੱਸਾ ਲੈਣ ਵਾਲਿਆਂ ਵਿਚ ਜੋਸ਼ ਅਤੇ ਹੋਸ਼ ਦੇ ਜਜ਼ਬਿਆਂ ਦਾ ਵਹਾਅ ਕਿਹੋ ਜਿਹਾ ਸੀ? ਭਲਾ ਦਰਿਆਵਾਂ ਦੇ ਹੜ੍ਹ ਕਦੇ ਕੋਈ ਰੋਕ ਸਕਿਆ ਹੈ?ਬਸ ਇਸ ਮਾਰਚ ਬਾਰੇ ਇਹੋ ਕਿਹਾ ਜਾ ਸਕਦਾ ਹੈ-ਬੇਮਿਸਾਲ,ਲਾਮਿਸਾਲ,ਜਜ਼ਬਿਆਂ ਦਾ ਸ਼ਾਂਤ ਤੂਫ਼ਾਨ,ਸਿੱਖ ਇਤਿਹਾਸ ਦੀ ਪਿਆਰੀ ਯਾਦਗਾਰ,ਜੋਸ਼ ਨਾਲ ਲਦੇ ਚਿਹਰੇ, ਵਡੀਆਂ ਆਸਾਂ ਅਤੇ ਉਮੀਦਾਂ ਦਾ ਸੰਦੇਸ਼ ਆਪਣੇ ਨਾਲ ਲੈ ਕੇ ਆਇਆ ਹੈ ਇਹ ਮੋਰਚਾ।
ਤੁਹਾਡਾ ਪੱਤਰਕਾਰ ਜਦੋਂ ਵਾਈ ਪੀ ਐਸ ਚੌਂਕ ਵਿੱਚ ਪਹੁੰਚਿਆ ਤਾਂ ਇਨਸਾਫ ਮਾਰਚ ਰਵਾਨਾ ਹੋ ਚੁੱਕਿਆ ਸੀ।ਪਰ ਦਸ ਹਜ਼ਾਰ ਤੋਂ ਉਪਰ ਸੰਗਤ ਜੋ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਰਤਾ ਦੇਰ ਨਾਲ ਆਈ ਸੀ,ਉਹ ਸੰਗਤ ਵੀ ਮੋਰਚਾ ਕੰਪਲੈਕਸ ਵਿੱਚ ਨਜ਼ਰ ਆ ਰਹੀ ਸੀ।ਸਤ ਫੇਜ਼ ਦੀਆਂ ਲਾਈਟਾਂ ਤੋਂ ਲੈ ਕੇ ਮੋਰਚਾ ਕੰਪਲੈਕਸ ਤੱਕ ਕਰੀਬ ਇੱਕ ਕਿਲੋਮੀਟਰ ਵਿੱਚ 6ਕਤਾਰਾਂ ਵਿੱਚ ਦੋਵੇਂ ਸੜਕਾਂ ਤੇ ਗੱਡੀਆਂ ਹੀ ਗੱਡੀਆਂ ਪਾਰਕ ਕੀਤੀਆਂ ਹੋਈਆਂ ਸਨ। ਅਸੀਂ ਪਤਾ ਕਰਕੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਇਤਿਹਾਸਕ ਗੁਰਦੁਆਰਾ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪਹੁੰਚ ਹੀ ਗਏ,ਜਿੱਥੇ ਇਨਸਾਫ ਮਾਰਚ ਅਜੇ ਪਹੁੰਚਿਆ ਹੀ ਸੀ।
ਦੋਸਤੋ।ਦੁਪਹਿਰ 1 ਵੱਜ ਕੇ 39 ਮਿੰਟ ਤੇ ਮਾਰਚ ਦਾ ਪਹਿਲਾ ਜਥਾ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਮਾਰਚ ਦੀ ਲੰਬਾਈ ਏਨੀ ਜ਼ਿਆਦਾ ਸੀ ਕਿ ਸਾਢੇ ਤਿੰਨ ਵਜੇ ਤੱਕ ਵੀ ਮਾਰਚ ਮੋਟਰਸਾਇਕਲਾਂ,ਟਰੈਕਟਰਾਂ, ਜੀਪਾਂ,ਕਾਰਾਂ,ਸਾਈਕਲਾਂ, ਮਿੰਨੀ ਬੱਸਾਂ, ਘੋੜ ਸਵਾਰਾਂ ਅਤੇ ਬੱਸਾਂ ਰਾਹੀਂ ਵੰਨ ਸੁਵੰਨੀਆਂ ਝਾਕੀਆਂ ਅਤੇ ਦ੍ਰਿਸ਼ ਪੇਸ਼ ਕਰਦਾ ਆਪਣੀ ਮੰਜ਼ਲ ਵੱਲ ਵਧ ਰਿਹਾ ਸੀ ਪਰ ਅਸੀਂ ਤਾਂ ਅਜੇ ਸਟੋਰੀ ਵੀ ਤਿਆਰ ਕਰਨੀ ਸੀ। ਇਸ ਲਈ ਸਾਨੂੰ ਚਾਰ ਵਜੇ ਮੈਦਾਨ ਛੱਡਣਾ ਪਿਆ। ਉਂਜ ਇਸ ਮਾਰਚ ਦੀ ਲੰਬਾਈ ਦਸ ਕਿਲੋਮੀਟਰ ਦਸੀ ਜਾ ਰਹੀ ਹੈ ਪਰ ਲੰਬਾਈ ਨਾਲੋਂ ਕਿਤੇ ਵੱਧ ਉਸ ਹੁੰਗਾਰੇ ਦੀ ਕਰਾਮਾਤ ਹੈ ਜਿਸ ਨੇ ਇਸ ਮਾਰਚ ਦੀ ਸ਼ਾਨ ਅਤੇ ਆਣ ਨੂੰ ਚਾਰ ਚੰਨ ਲਾਏ।
ਪੱਤਰਕਾਰੀ ਦੇ ਖੇਤਰ ਵਿੱਚ ਚਾਲੀ ਸਾਲਾਂ ਦੇ ਲੰਮੇ ਅਨੁਭਵ ਵਿਚ ਮੈਂ ਕਈ ਵੱਡੇ ਵੱਡੇ ਇਤਿਹਾਸਿਕ ਮਾਰਚ ਦੇਖੇ ਹਨ।ਉਨ੍ਹਾਂ ਦਾ ਵਿਸ਼ਲੇਸ਼ਣ ਵੀ ਕਰਦਾ ਰਿਹਾ ਹਾਂ।ਪਰ ਤੁਸੀਂ ਅੱਜ ਪੁੱਛੋਗੇ ਕਿ ਇਸ ਮਾਰਚ ਦੀ ਵੱਖਰੀ ਅਤੇ ਵਿਸ਼ੇਸ਼ ਸੱਚਾਈ ਕੀ ਸੀ ਜੋ ਇਸ ਨੂੰ ਹੋਰ ਮਾਰਚਾਂ ਨਾਲੋਂ ਵਖ ਕਰਦੀ ਹੈ।ਇਸ ਮਾਰਚ ਦੀ ਵਰਨਣਯੋਗ ਪ੍ਰਾਪਤੀ ਇਹ ਸੀ ਕਿ ਇਸ ਮਾਰਚ ਵਿੱਚ ਲੀਡਰਸ਼ਿਪ ਅਤੇ ਨੌਜਵਾਨਾਂ ਵਿੱਚ ਉੱਨੀ ਇੱਕੀ ਦਾ ਫਾਸਲਾ ਹੀ ਹੈ ਜਦ ਕਿ ਪਹਿਲੇ ਮਾਰਚਾਂ ਦੇ ਫੈਸਲਿਆਂ ਵਿਚ ਨੌਜਵਾਨ ਹੁੰਦੇ ਤਾਂ ਸਨ ਪਰ ਜਦੋਂ ਕੌਮ ਦੀ ਤਕਦੀਰ ਦੇ ਫ਼ੈਸਲੇ ਹੋਣ ਦੀ ਘੜੀ ਆਉਂਦੀ ਸੀ ਤਾਂ ਉਨ੍ਹਾਂ ਫੈਸਲਿਆਂ ਵਿੱਚ ਨੌਜੁਆਨਾਂ ਦੀ ਏਥੋਂ ਤੱਕ ਕਿ ਰਸਮੀ ਪੁੱਛ-ਗਿੱਛ ਵੀ ਨਹੀਂ ਹੁੰਦੀ ਸੀ।ਪਰ ਇਸ ਮੋਰਚੇ ਵਿਚ ਨੌਜਵਾਨ ਅਤੇ ਲੀਡਰਸ਼ਿਪ ਕਦਮ ਮਿਲਾ ਕੇ ਚੱਲ ਰਹੇ ਹਨ ਅਤੇ ਇਕ ਦੂਜੇ ਨੂੰ ਬਦਲਦੇ ਵੀ ਹਨ ਅਤੇ ਪ੍ਰਭਾਵਿਤ ਵੀ ਕਰਦੇ ਹਨ।
5-ਮੈਂਬਰੀ ਕਮੇਟੀ ਵਿਚ ਸ਼ਾਮਲ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਅਤੇ ਸਰਦਾਰ ਬਲਵਿੰਦਰ ਸਿੰਘ ਨਾਲ ਲੰਮੀ ਮੁਲਾਕਾਤ ਦੌਰਾਨ ਕੀਤੇ ਗਏ ਗੁੰਝਲਦਾਰ ਸਵਾਲਾਂ ਜਵਾਬਾਂ ਵਿੱਚ ਮੈਂ ਇਹ ਮਹਿਸੂਸ ਕੀਤਾ ਕਿ ਕੁਝ ਹਾਸਿਲ ਕਰਕੇ ਹੀ ਇਹ ਮੋਰਚਾ ਸਮਾਪਤ ਹੋ ਸਕੇਗਾ। ਇਸ ਲਈ ਆਉਣ ਵਾਲੇ ਫੈਸਲਾਕੁੰਨ ਦਿਨਾਂ ਵਿੱਚ ਸਰਕਾਰ ਅਤੇ ਲੀਡਰਸ਼ਿਪ ਵਿੱਚ ਡਿਪਲੋਮੈਟਿਕ ਅਭਿਆਸ ਅਤੇ ਮੁਕਾਬਲਾ ਕਾਫੀ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰੇਗਾ।ਇਸ ਦਾ ਵੱਡਾ ਕਾਰਨ ਪੰਜ ਮੈਂਬਰੀ ਕਮੇਟੀ ਦੀ ਮੰਗਾਂ ਪ੍ਰਤੀ ਵਚਨਬੱਧਤਾ,ਨੌਜਵਾਨਾਂ ਦਾ ਅਸਰ ਅਤੇ ਸਭ ਤੋਂ ਵਧ ਭਾਈ ਜਗਤਾਰ ਸਿੰਘ ਹਵਾਰਾ ਦਾ ਕੁੰਡਾ ਅਤੇ ਦਿਬਦ੍ਰਿਸ਼ਟੀ ਵੱਡਾ ਰੋਲ ਅਦਾ ਕਰੇਗੀ। ਉਨ੍ਹਾਂ ਨੂੰ ਹਾਲ ਵਿਚ ਹੀ ਮਿਲਣ ਗਏ ਕੁਝ ਦੋਸਤਾਂ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਵਲੋਂ ਕਾਇਮ ਕੀਤੇ ਇਸ ਜਥੇਦਾਰ ਦਾ ਰੂਹਾਨੀ ਕਦ ਅਤੇ ਕੌਮ ਪ੍ਰਤੀ ਪਿਆਰ ਇਸ ਹਦ ਤੱਕ ਬੁਲੰਦ ਹੋ ਗਿਆ ਹੈ ਕਿ ਉਸ ਨੇ ਹਦਾਇਤ ਕੀਤੀ ਹੈ ਕਿ ਮੇਰੀ ਰਿਹਾਈ ਦੀ ਕੋਈ ਪ੍ਰਵਾਹ ਨਹੀਂ ਕਰਨੀ ਪਰ ਬਾਕੀ ਸਿੰਘਾਂ ਦੀ ਰਿਹਾਈ ਲਈ ਆਖਰ ਤੱਕ ਅੜਨਾਂ ਅਤੇ ਪਹਿਰਾ ਦੇਣਾ ਹੈ। ਇਸ ਸਬੰਧੀ ਬਾਪੂ ਗੁਰਚਰਨ ਸਿੰਘ ਵੀ ਰਿਹਾਈਆਂ ਹਾਸਲ ਕਰਕੇ ਹੀ ਦਮ ਲੈਣਗੇ।
ਸੱਚ ਮੁੱਚ ਮੋਰਚਾ ਕੰਪਲੈਕਸ ਇਕ ਤਰ੍ਹਾਂ ਨਾਲ ਇਕ ਪਿੰਡ ਦੀ ਤਰ੍ਹਾਂ ਸਜ ਗਿਆ ਹੈ,ਜਿਸ ਵਿੱਚ ਤਮਾਮ ਰਾਜਨੀਤਕ ਲੀਡਰਾਂ ਦਾ ਸਹਿਯੋਗ ਲਿਆ ਜਾਵੇਗਾ,ਉਨ੍ਹਾਂ ਨੂੰ ਖਿੜੇ ਮੱਥੇ ਸੱਦਿਆ ਜਾਵੇਗਾ,ਉਹਨਾਂ ਨੂੰ ਬਾਕਾਇਦਾ ਸਤਿਕਾਰ ਵੀ ਦਿੱਤਾ ਜਾਵੇਗਾ ਪਰ ਆਖਰੀ “ਕਮਾਂਡ” ਇਸ ਵਾਰ ਉਨ੍ਹਾਂ ਦੇ ਕੋਲ ਨਹੀਂ ਹੋਵੇਗੀ। ਅਸਲ ਵਿੱਚ ਇਸ ਮੋਰਚੇ ਦੀ ਇਤਿਹਾਸਕ ਪਰਾਪਤੀ ਵੀ ਇਹੋ ਕਹੀ ਜਾ ਸਕਦੀ ਹੈ।
ਅਜ ਦੇ ਹੈਰਾਨਕੁਨ ਮਾਰਚ ਨਾਲ ਇਕ ਤਰ੍ਹਾਂ ਨਾਲ ਰਾਜਸੀ ਅਤੇ ਧਾਰਮਿਕ ਵਿਹੜਿਆਂ ਵਿੱਚ ਕੰਬਣੀ ਛਿੜੀ ਹੋਈ ਹੈ,ਕਿਉਂਕਿ ਇਸ ਮੋਰਚੇ ਵਿਚ ਕੋਈ ਵੀ ਰਾਜਨੀਤਕ ਧਿਰ ਜਾਂ ਵਿਸ਼ੇਸ਼ ਸੰਸਥਾ ਇਹ ਦਾਅਵਾ ਨਹੀਂ ਕਰ ਸਕਦੀ ਕਿ ਉਸੇ ਦਾ ਹੀ ਇਸ ਮੋਰਚੇ ਨੂੰ ਥਾਪੜਾ ਹੈ। ਕੁਝ ਪਲਾਂ ਲਈ ਸਭ ਬੇਅਸਰ ਹੋ ਗਏ ਜਾਪਦੇ ਹਨ।ਇਕ 26 ਜਨਵਰੀ ਅਜ ਸਾਰੇ ਦੇਸ਼ ਵਿੱਚ ਮਨਾਈ ਗਈ ਹੈ ਪਰ ਜਿਹੜੀ 26ਜਨਵਰੀ ਅਜ ਦਸ਼ਮੇਸ਼ ਪਿਤਾ ਦੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਹੇਠਾਂ ਉਸਰੇ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਮਨਾਈ ਗਈ,ਉਹ ਇਤਿਹਾਸਕ ਯਾਦਗਾਰ ਬਣ ਗਈ ਹੈ। ਇਤਿਹਾਸ ਵੀ ਕਈ ਵਾਰ ਅਜੀਬ ਲੁਕਣਮੀਚੀਆਂ ਖੇਡਦਾ ਹੈ। ਕੋਈ ਜਣਾ ਸਾਡਾ ਆਪਣਾ ਇਤਿਹਾਸਕਾਰ ਹੈ ਜੋ ਅਜੇ ਦੇ ਮਾਰਚ ਦੀ ਉਹ ਵਿਆਖਿਆ ਕਰੇ ਜੋ ਸਾਡੀ ਰੂਹ ਦੀ ਆਵਾਜ਼ ਹੋਵੇ?ਕੋਈ ਵੀ ਤਾਂ ਨਹੀਂ। ਕਿਸੇ ਨੇ ਸੱਚ ਕਿਹਾ ਹੈ ਕਿ ਜਦੋਂ ਤਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਨਹੀਂ ਹੁੰਦੇ ,ਉਦੋਂ ਤੱਕ ਸ਼ਿਕਾਰ ਦੀਆਂ ਕਹਾਣੀਆਂ ਵਿਚ ਸ਼ਿਕਾਰੀਆਂ ਦੀ ਹੀ ਮਹਿਮਾ ਹੁੰਦੀ ਰਹੇਗੀ। ਇਤਿਹਾਸ ਵਿਹੂਣੀ ਕੌਮ ਚਰਾਗਾਹਾਂ ਵਿਚ ਵਗਦੀ ਹਵਾ ਵਾਂਗ ਹੁੰਦੀ ਹੈ।