ਸਿੰਘ ਸਭਾ ਲਹਿਰ ਦੇ ਸਬੰਧ ‘ਚ 7 ਅਤੇ 8 ਅਕਤੂਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਗਮ ‘ਚ ਸੰਗਤਾਂ ਕਰਨ ਵਧ ਚੜ੍ਹ ਕੇ ਸਮੂਲੀਅਤ : ਕੇਂਦਰੀ ਸਿੰਘ ਸਭਾ
ਚੰਡੀਗੜ੍ਹ 3 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸਿੰਘ ਸਭਾ ਲਹਿਰ ਦੇ 150 ਵੇਂ ਵਰੇ ਦੇ ਸੰਬੰਧ ਵਿੱਚ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੇ ਸੰਬੰਧ ਵਿੱਚ 1 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਜੀ ਸਾਹਿਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਸ਼ਾਮ ਸਿੰਘ ਦੇ ਵੱਲੋਂ ਸਿੰਘ ਸਭਾ ਲਹਿਰ ਸਬੰਧ ਵਿਚ ਸੰਗਤ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਜਿੱਥੇ ਪ੍ਰੋ. ਸ਼ਾਮ ਸਿੰਘ ਨੇ ਸਿੰਘ ਸਭਾ ਲਹਿਰ ਦੇ ਵਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਉਥੇ ਭਾਈ ਤਖਤ ਸਿੰਘ ਵੱਲੋਂ ਫਿਰੋਜ਼ਪੁਰ ਦੇ ਵਿੱਚ ਸਿੱਖ ਮਹਾਂ ਕੰਨਿਆ ਵਿਦਿਆਲਿਆ ਸ਼ੁਰੂ ਕੀਤੇ ਗਏ ਸਕੂਲ ਦੇ ਜੋ ਇਸ ਵਕਤ ਹਾਲਾਤ ਹਨ ਉਹਨਾਂ ਨੂੰ ਮੱਦੇ ਨਜ਼ਰ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਾਣੂ ਕਰਵਾਇਆ ਅਤੇ ਬੇਨਤੀ ਕੀਤੀ ਕਿ ਭਾਈ ਤਖਤ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਸਿੱਖ ਮਹਾਂ ਕੰਨਿਆ ਵਿਦਿਆਲਿਆ ਦੀ ਇਮਾਰਤ ਦੀ ਹਾਲਾਤ ਖਰਾਬ ਹੈ ਉਸ ਵਿਰਾਸਤੀ ਇਮਾਰਤ ਨੂੰ ਸੰਭਾਲਣ ਦੇ ਲਈ ਉਚੇਚੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਪ੍ਰੋਫੈਸਰ ਸ਼ਾਮ ਸਿੰਘ ਨੇ ਇਹ ਵੀ ਦੱਸਿਆ ਕਿ 1873 ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ ਨੇ ਕਈ ਲਹਿਰਾਂ ਨੂੰ ਜਨਮ ਦਿੱਤਾ। ਇਸ ਮੌਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਚੱਲ ਰਹੇ ਸਿੱਖ ਮੀਡੀਆ ਸੈਂਟਰ ਦੇ ਵਿਦਿਆਰਥੀਆਂ ਦੇ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੇ। ਅਕਾਲ ਪੁਰਖ ਕੀ ਫੌਜ ਦੇ ਮੁਖ ਆਗੂ ਐਡਵੋਕੇਟ ਜਸਵਿੰਦਰ ਸਿੰਘ, ਸਰਦਾਰ ਜਸਪਾਲ ਸਿੰਘ ਸਿੱਧੂ ਅਤੇ ਹੋਰ ਸੰਗਤ ਮੌਜੂਦ ਸੀ। ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਭਾ ਲਹਿਰ ਦੇ 150 ਵਰੇ ਮੌਕੇ ਕੀਤੇ ਜਾ ਰਹੇ ਸਮਾਗਮਾਂ ਅਤੇ ਸਿੰਘ ਸਭਾ ਦੀ ਲਹਿਰ ਪ੍ਰਤੀ ਸੰਗਤਾਂ ਵਿੱਚ ਚੇਤਨਤਾ ਪੈਦਾ ਕਰਨ ਅਤੇ ਉਸ ਸਮੇਂ ਦੇ ਸਿੰਘ ਸਭਾ ਦੇ ਆਗੂਆਂ ਵੱਲੋਂ ਆਰੰਭ ਕੀਤੇ ਕਾਰਜਾਂ ‘ਤੇ ਪਹਿਰਾ ਦੇਣ ਲਈ ਅਰਦਾਸ ਕੀਤੀ ਗਈ। ਸਰਦਾਰ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਵੱਲੋਂ ਸਿੰਘ ਸਭਾ ਲਹਿਰ ਦੇ 150ਵੇਂ ਵਰੇ ਮੌਕੇ ਪੰਜਾਬ ਤੋਂ ਬਾਹਰ ਵੀ ਭਾਰਤ ਦੀ ਵੱਖ ਵੱਖ ਸੂਬਿਆਂ ਵਿੱਚ ਜਾ ਕੇ ਚੇਤਨਤਾ ਪੈਦਾ ਕੀਤੀ ਗਈ ਅਤੇ ਸਿੰਘ ਸਭਾ ਗੁਰਦੁਆਰਾ ਸਾਹਿਬਾਨ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਨ ਦਾ ਵਧੀਆ ਉਪਰਾਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਸਮਾਗਮ ਕੀਤੇ ਜਾ ਰਹੇ ਹਨ ਅਤੇ 7-8 ਅਕਤੂਬਰ ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਭਾਈ ਦਿੱਤ ਸਿੰਘ ਆਡੀਟੋਰੀਅਮ ਦੇ ਵਿੱਚ ਦੋ ਦਿਨ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਇਹਨਾਂ ਸੈਮੀਨਾਰਾਂ ਦੇ ਵਿੱਚ ਸਿੰਘ ਸਭਾ ਲਹਿਰ ਆਰੰਭ ਹੋਣ ‘ਤੇ ਕੀ ਕੀ ਕਾਰਜ ਕੀਤੇ ਗਏ ਅਤੇ ਇਹ ਲਹਿਰ ਕਿਉਂ ਆਰੰਭ ਹੋਈ ਇਸ ਦੇ ਉੱਪਰ ਬੁਲਾਰੇ ਚਾਨਣਾ ਪਾਉਣਗੇ ਅਤੇ 7 ਤਰੀਕ ਸ਼ਾਮ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਸਮਾਗਮ ਹੋਣਗੇ। ਉਹਨਾਂ ਦੱਸਿਆ ਕਿ ਇਸ ਮੌਕੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸੰਗਤ ਪਹੁੰਚੇਗੀ। ਸੰਗਤਾਂ ਦੇ ਰਹਿਣ ਦਾ ਖਾਸ ਪ੍ਰਬੰਧ ਹੋਵੇਗਾ ਸਰਦਾਰ ਸਿੱਧੂ ਨੇ ਸਮੁੱਚੇ ਪੰਥ ਦਰਦੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕੀਤੀ ਹੈ ਕਿ 7 ਅਤੇ 8 ਅਕਤੂਬਰ ਨੂੰ ਵੱਧ ਚੜ ਕੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਨੇੜੇ ਜੋਤੀ ਸਰੂਪ ਵਿਖੇ ਪਹੁੰਚੇ ਤਾਂ ਜੋ ਸਿੰਘ ਸਭਾ ਲਹਿਰ ਦੀ ਉਦੇਸ਼ਾਂ ‘ਤੇ ਪਹਿਰਾ ਦੇ ਸਕੀਏ ਅਤੇ ਉਸਦੇ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ ਸਕੀਏ। ਇਸ ਮੌਕੇ ਪ੍ਰੋਫੈਸਰ ਸ਼ਾਮ ਸਿੰਘ, ਸਰਦਾਰ ਜਸਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਰਣਜੀਤ ਸਿੰਘ ਧਾਲੀਵਾਲ, ਐਡਵੋਕੇਟ ਜਸਵਿੰਦਰ ਸਿੰਘ, ਇਕਬਾਲ ਸਿੰਘ, ਹਰਜੋਤ ਸਿੰਘ, ਸੰਦੀਪ ਸਿੰਘ, ਮੇਜਰ ਸਿੰਘ ਪੰਜਾਬੀ ਅਤੇ ਹੋਰ ਸੰਗਤ ਮੌਜੂਦ ਸੀ।